Punjab

ਪ੍ਰਨੀਤ ਨੇ ਵੀ ਕੀਤਾ ਅਕਾਲੀ-ਭਾਜਪਾ ਗੱਠਜੋੜ ਦਾ ਸਮਰਥਨ, ਕਿਹਾ ਇੱਕ ਨਾਲ ਇੱਕ ਮਿਲ ਕੇ ਦੋ ਬਣਦੇ ਨੇ…!

Praneet also supported the Akali-BJP alliance: Kaur said- one makes two, it gives strength.

ਚੰਡੀਗੜ੍ਹ : ਪੰਜਾਬ ਵਿੱਚ ਭਾਜਪਾ ਅਤੇ ਅਕਾਲੀ ਦਲ ਦੇ ਗੱਠਜੋੜ ਨੂੰ ਲੈ ਕੇ ਅਟਕਲਾਂ ਵੱਧ ਰਹੀਆਂ ਹਨ। ਵਿਜੇ ਰੂਪਾਨੀ ਨੇ ਬੀਤੇ ਦਿਨ ਭਾਜਪਾ ਚੰਡੀਗੜ੍ਹ ਦਫ਼ਤਰ ਦਾ ਅਚਨਚੇਤ ਦੌਰਾ ਵੀ ਕੀਤਾ ਸੀ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਾਜਪਾ-ਅਕਾਲੀ ਦਲ ਦਾ ਗੱਠਜੋੜ ਅੰਤਿਮ ਪੜਾਅ ‘ਤੇ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਵੀ ਭਾਜਪਾ-ਅਕਾਲੀ ਦਲ ਗੱਠਜੋੜ ਦਾ ਸਮਰਥਨ ਕੀਤਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਉਹ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ- ਜੇਕਰ ਇੱਕ ਨਾਲ ਦੂਸਰਾ ਮਿਲ ਜਾਂਦਾ ਹੈ ਤਾਂ ਦੋ ਬਣਦੇ ਹਨ। ਇਸ ਨਾਲ ਤਾਕਤ ਮਿਲਦੀ ਹੈ। ਹੋਰ ਜੋ ਵੀ ਹੋਵੇਗਾ, ਹਾਈਕਮਾਂਡ ਦੇ ਉੱਪਰਲੇ ਪੱਧਰ ‘ਤੇ ਹੀ ਹੋਵੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਦੀ ਸਿਫ਼ਾਰਿਸ਼ ਕੀਤੀ ਹੈ। ਕੈਪਟਨ ਨੇ ਕਿਸਾਨਾਂ ਲਈ ਵੀ ਸਿਫ਼ਾਰਿਸ਼ ਕਰਦਿਆਂ ਕਿਹਾ ਕਿ ਪੰਜਾਬ ਦੀ ਬਿਹਤਰੀ ਲਈ ਜੋ ਵੀ ਕੀਤਾ ਜਾਵੇਗਾ, ਅਸੀਂ ਉਸ ਦੀ ਸਿਫ਼ਾਰਿਸ਼ ਜ਼ਰੂਰ ਕਰਾਂਗੇ।

ਭਾਜਪਾ ਸੂਤਰਾਂ ਅਨੁਸਾਰ ਭਾਜਪਾ ਅਤੇ ਅਕਾਲੀ ਦਲ ਦਾ ਗੱਠਜੋੜ ਆਪਣੇ ਅੰਤਿਮ ਪੜਾਅ ‘ਤੇ ਪਹੁੰਚ ਗਿਆ ਹੈ, ਜਿਸ ‘ਚ ਭਾਜਪਾ 5 ਸੀਟਾਂ ‘ਤੇ ਅਤੇ ਅਕਾਲੀ ਦਲ 8 ਸੀਟਾਂ ‘ਤੇ ਚੋਣ ਲੜ ਸਕਦਾ ਹੈ। ਇਸ ਸਬੰਧੀ ਅਜੇ ਕੋਈ ਐਲਾਨ ਹੋਣਾ ਬਾਕੀ ਹੈ। ਕਿਸਾਨਾਂ ਦੇ ਅੰਦੋਲਨ ਕਾਰਨ ਇਸ ਐਲਾਨ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਇਹੀ ਕਾਰਨ ਹੈ ਕਿ ਭਾਜਪਾ ਨੇ ਆਪਣੀ ਪਹਿਲੀ ਸੂਚੀ ਵਿੱਚ ਪੰਜਾਬ ਦੀ ਕਿਸੇ ਵੀ ਸੀਟ ਤੋਂ ਉਮੀਦਵਾਰਾਂ ਦਾ ਐਲਾਨ ਤੱਕ ਨਹੀਂ ਕੀਤਾ।

ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੂੰ ਟਿਕਟ ਮਿਲਣੀ ਯਕੀਨੀ ਹੈ। ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਚੋਣ ਲੜਨ ਤੋਂ ਇਨਕਾਰ ਕਰ ਚੁੱਕੇ ਹਨ। ਇਸ ਦੇ ਨਾਲ ਹੀ ਕੱਲ੍ਹ ਉਹ ਖ਼ੁਦ ਆਪਣੀ ਬੇਟੀ ਜੈ ਇੰਦਰ ਕੌਰ ਨਾਲ ਦਿੱਲੀ ਗਏ ਸਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਪ੍ਰਨੀਤ ਕੌਰ ਦੀ ਟਿਕਟ ਨੂੰ ਲੈ ਕੇ ਵੀ ਗੱਲਬਾਤ ਹੋਈ ਹੈ।