‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਦੀਨ ਦੁਨੀਆਂ ਦੇ ਵਾਲੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਉਨ੍ਹਾਂ ਰਾਮਦਾਸ ਪਾਤਸ਼ਾਹ ਦੇ ਜੀਵਨ ਬ੍ਰਿਤਾਂਤ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬਾਣੀ ਤੇ ਜੀਵਨ ਜਾਚ ਸਾਡੇ ਲਈ ਹਮੇਸ਼ਾ ਪ੍ਰੇਰਣਾ ਦਾ ਸ੍ਰੋਤ ਹੈ।
ਉਨ੍ਹਾਂ ਕਿਹਾ ਕਿ ਧੰਨ ਗੁਰੂ ਰਾਮਦਾਸ ਜੀ ਦਾ ਭਰੋਸਾ ਧੰਨ ਗੁਰੂ ਸ਼੍ਰੀ ਅਮਰਦਾਸ ਜੀ ਉਤੇ ਬਹੁਤ ਵੱਡਾ ਸੀ, ਤੇ ਇਸੇ ਦੇ ਸਦਕਾ ਤੇ ਵਿਸ਼ਵਾਸ ਦੇ ਨਾਲ ਉਨ੍ਹਾਂ ਸੇਵਾ ਕੀਤੀ ਤੇ ਉਨ੍ਹਾਂ ਨੇ ਬਹੁਤ ਵੱਡਾ ਮੁਰਾਤਬਾ ਧੰਨ ਅਮਰਦਾਸ ਜੀ ਦੇ ਪਾਸੋ ਹਾਸਿਲ ਕੀਤਾ ਤੇ ਗੁਰੁਆਈ ਦੀ ਦਾਤ ਹਾਸਿਲ ਕੀਤੀ। ਉਨ੍ਹਾਂ ਕਿਹਾ ਕਿ ਭਾਈ ਜੇਠਾ ਜੀ ਤੋ ਧੰਨ ਗੁਰੂ ਰਾਮਦਾਸ ਜੀ ਦੇ ਨਾਂ ਨਾਲ ਪੂਰੇ ਸੰਸਾਰ ਵਿਚ ਵਿਦਮਾਨ ਹੋਏ।
ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਿਰੋਮਣੀ ਕਮੇਟੀ ਵੱਲੋਂ ਵੱਡੇ ਪੱਧਰ ਉੱਤੇ ਮਨਾਇਆ ਜਾ ਰਿਹਾ ਹੈ। ਇਸ ਵਡਭਾਗੇ ਦਿਨ ਸਾਨੂੰ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ।