The Khalas Tv Blog Punjab ਭਰਾ ਦੀ ਮੌਤ ‘ਤੇ ਭੁੱਬਾਂ ਮਾਰ ਕੇ ਰੋਏ ਪ੍ਰਕਾਸ਼ ਸਿੰਘ ਬਾਦਲ
Punjab

ਭਰਾ ਦੀ ਮੌਤ ‘ਤੇ ਭੁੱਬਾਂ ਮਾਰ ਕੇ ਰੋਏ ਪ੍ਰਕਾਸ਼ ਸਿੰਘ ਬਾਦਲ

‘ਦ ਖ਼ਾਲਸ ਬਿਊਰੋ – (ਲੰਬੀ) ਸਾਬਕਾ ਸੰਸਦ ਮੈਂਬਰ ਗੁਰਦਾਸ ਸਿੰਘ ਬਾਦਲ ਦੇ ਦੇਹਾਂਤ ‘ਤੇ ਉਨਾਂ ਦੇ ਵੱਡੇ ਭਰਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਫੁੱਟ-ਫੁੱਟ ਕੇ ਰੋਏ। ਦਾਸ ਦੀ ਮ੍ਰਿਤਕ ਦੇਹ ਵੇਖ ਕੇ ਪਾਸ਼ ਯਾਨਿ ਵੱਡੇ ਬਾਦਲ ਫੁੱਟ ਪਏ ਅਤੇ ਦੇਹ ਵਾਲੇ ਬਕਸੇ ਉੱਤੇ ਸਿਰ ਰੱਖ ਕੇ ਵਿਰਲਾਪ ਕਰਨ ਲੱਗੇ। ਰੋਂਦਿਆਂ ਬਾਦਲ ਨੇ ਕਿਹਾ ਕਿ, ਲੋਕੋ ਦਾਸ ਜੀ ਵਰਗਾ ਭਰਾ ਦੁਨੀਆ ਵਿਚ ਨਹੀਂ ਹੋ ਸਕਦਾ। ਇਸ ਮੌਕੇ ਸੁਖਬੀਰ ਸਿੰਘ ਬਾਦਲ, ਮਨਪ੍ਰੀਤ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹੋਰ ਪਰਿਵਾਰਕ ਮੈਬਰਾਂ ਨੇ ਵੱਡੇ ਬਾਦਲ ਨੂੰ ਸੰਭਾਲਿਆ।

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ (90) ਨੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਤੜਕੇ ਕਰੀਬ ਪੌਣੇ ਦੋ ਵਜੇ ਆਖਰੀ ਸਾਹ ਲਿਆ। ਉਹ ਕਰੀਬ ਮਹੀਨੇ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਸਨ। ਕੁਝ ਦਿਨਾਂ ਤੋਂ ਹਾਲਤ ਕਾਫੀ ਨਾਜ਼ੁਕ ਹੋਣ ਕਾਰਨ ਉਹ ਵੈਂਟੀਲੇਟਰ ‘ਤੇ ਸਨ।

ਆਖਰੀ ਸਮੇਂ ਉਨ੍ਹਾਂ ਕੋਲ ਮਨਪ੍ਰੀਤ ਬਾਦਲ ਮੌਜੂਦ ਸਨ। ਕਰੀਬ 2:30 ਵਜੇ ਮਨਪ੍ਰੀਤ ਆਪਣੇ ਪਿਤਾ ਦੀ ਦੇਹ ਲੈ ਕੇ ਪਿੰਡ ਬਾਦਲ ਲਈ ਰਵਾਨਾ ਹੋ ਗਏ। ਮਾਰਚ ਮਹੀਨੇ ਮਨਪ੍ਰੀਤ ਸਿੰਘ ਦੀ ਮਾਤਾ ਬੀਬੀ ਹਰਮਿੰਦਰ ਕੌਰ ਦੀ ਮੌਤ ਹੋ ਗਈ ਸੀ। ਪਤਨੀ ਦੀ ਮੌਤ ਤੋਂ ਬਾਅਦ ਗੁਰਦਾਸ ਬਾਦਲ ਦੀ ਤਬੀਅਤ ਵਿਗੜਨੀ ਸ਼ੁਰੂ ਹੋ ਗਈ ਸੀ। ਵਿੱਤ ਮੰਤਰੀ ਨੇ ਕਰੋਨਾ ਮਹਾਮਾਰੀ ਕਾਰਨ ਪਰਿਵਾਰ ਤੋਂ ਇਲਾਵਾ ਸਭ ਨੂੰ ਅੰਤਮ ਸੰਸਕਾਰ ਵਿੱਚ ਸ਼ਾਮਲ ਨਾ ਹੋਣ ਦੀ ਅਪੀਲ ਕੀਤੀ।

ਗੁਰਦਾਸ ਸਿੰਘ ਬਾਦਲ ‘ਦਾਸ ਜੀ’ ਦਾ ਪੰਜਾਬ ਦੀ ਰਾਜਨੀਤੀ ਵਿੱਚ ਅਹਿਮ ਰੋਲ ਰਿਹਾ ਹੈ। ਉਹ ਘੱਟ ਸ਼ਬਦਾਂ ਵਿੱਚ ਵੱਡੇ ਮਾਅਨੇ ਭਰੀ ਗੱਲ ਆਖਣ ਕਰਕੇ ਜਾਣੇ ਜਾਂਦੇ ਸਨ। ਕੋਈ ਸਮਾਂ ਸੀ ਜਦੋਂ ਦੋਵੇਂ ਭਰਾਵਾਂ ਦੀ ਜੋੜੀ ਦਾਸ-ਪਾਸ਼ ਵਜੋਂ ਮਸ਼ਹੂਰ ਸੀ ਅਤੇ ‘ਰਾਮ-ਲਛਮਣ’ ਵਜੋਂ ਜਾਣੀ ਜਾਂਦੀ ਹੈ।

Exit mobile version