ਬਿਊਰੋ ਰਿਪੋਰਟ : ਵਿਆਹ ਤੋਂ ਬਾਅਦ ਜਿਸ ਪਤੀ ਨੇ ਆਪਣੀ ਪਤਨੀ ਦੀ ਪੜ੍ਹਨ ਦੀ ਇੱਛਾ ਪੂਰੀ ਕੀਤੀ ਅਤੇ ਕੋਚਿੰਗ ਦੇ ਜ਼ਰੀਏ ਉਸ ਨੂੰ SDM ਦੇ ਅਹੁਦੇ ਤੱਕ ਪਹੁੰਚਾਇਆ, ਉਹ ਹੁਣ ਪਤਨੀ ਦੀ ਬੇਵਫ਼ਾਈ ਖ਼ਿਲਾਫ਼ ਇਨਸਾਫ਼ ਮੰਗ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ਵਿੱਚ ਦਰਜਾ ਚਾਰ ਸਫ਼ਾਈ ਮੁਲਾਜ਼ਮ ਅਲੋਕ ਕੁਮਾਰ ਦੀ ਕਮਾਈ ਇੰਨੀ ਨਹੀਂ ਸੀ ਕਿ ਉਹ ਪਤਨੀ ਨੂੰ ਮਹਿੰਗੀ ਕੋਚਿੰਗ ਕਰਵਾ ਸਕੇ ਪਰ ਅਲੋਕ ਨੇ ਦਿਨ ਰਾਤ ਮਿਹਨਤ ਕੀਤੀ ਅਤੇ ਕੋਚਿੰਗ ਦੀ ਬਦੌਲਤ ਪਤਨੀ ਨੇ PCS ਦੀ ਪ੍ਰੀਖਿਆ ਪਾਸ ਕੀਤੀ।
ਪਤੀ ਮੁਤਾਬਕ ਜਦੋਂ ਪਤਨੀ ਅਫ਼ਸਰ ਬਣੀ ਤਾਂ ਉਸ ਦਾ ਮਨ ਬਦਲ ਗਿਆ ਅਤੇ ਕਿਸੇ ਹੋਮਗਾਰਡ ਕਮਾਂਡੈਂਟ ਨਾਲ ਉਸ ਦੇ ਪ੍ਰੇਮ ਸਬੰਧ ਸ਼ੁਰੂ ਹੋ ਗਏ। ਹੁਣ ਉਹ ਪਤੀ ਤੋਂ ਤਲਾਕ ਚਾਹੁੰਦੀ ਹੈ। ਦੋਵਾਂ ਦੇ 2 ਬੱਚਿਆਂ ਹਨ। ਪਤੀ ਅਲੋਕ ਕੁਮਾਰ ਹੁਣ ਵੀ ਪਤਨੀ ਦੀਆਂ ਸਾਰੀਆਂ ਗ਼ਲਤੀਆਂ ਨੂੰ ਮੁਆਫ਼ ਕਰਕੇ ਬੱਚਿਆਂ ਦੀ ਖ਼ਾਤਰ ਮੁੜ ਤੋਂ ਘਰ ਵਸਾਉਣਾ ਚਾਹੁੰਦਾ ਹੈ । ਪਰ ਅਲੋਕ ਦਾ ਇਲਜ਼ਾਮ ਹੈ ਕਿ ਪਤਨੀ ਅਤੇ ਉਸ ਦਾ ਪ੍ਰੇਮੀ ਉਸ ਨੂੰ ਧਮਕੀ ਦੇ ਰਹੇ ਹਨ ਅਤੇ ਪਤਨੀ ਨੇ ਵਿਆਹ ਦੇ 13 ਸਾਲ ਬਾਅਦ ਉਸ ਦੇ ਖ਼ਿਲਾਫ਼ ਦਾਜ ਮੰਗਣ ਦਾ ਕੇਸ ਦਰਜ ਕਰਵਾਇਆ ਹੈ ਜਦਕਿ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ।
‘ਪੁਲਿਸ ਮੇਰੀ ਸ਼ਿਕਾਇਤ ਨਹੀਂ ਦਰਜ ਕਰ ਰਹੀ’
ਪਤੀ ਅਲੋਕ ਕੁਮਾਰ ਦਾ ਕਹਿਣਾ ਹੈ ਕਿ ਉਸ ਨੇ ਮੁੱਖ ਮੰਤਰੀ ਯੋਗੀ ਦੇ ਜਨਤਾ ਦਰਬਾਰ ਤੋਂ ਲੈ ਕੇ ਪੁਲਿਸ ਤੱਕ ਸ਼ਿਕਾਇਤ ਕੀਤੀ ਪਰ ਕਿਸੇ ਨੇ ਉਸ ਦਾ ਮੁਕੱਦਮਾ ਦਰਜ ਨਹੀਂ ਕੀਤਾ ਹੈ। ਸਿਰਫ਼ ਇੰਨਾ ਹੀ ਨਹੀਂ ਪਤੀ ਅਲੋਕ ਦਾ ਇਲਜ਼ਾਮ ਹੈ ਕਿ ਉਸ ਨੇ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਇਤਰਾਜ਼ਯੋਗ ਹਾਲਤ ਵਿੱਚ ਫੜਿਆ। ਇੰਨਾ ਹੀ ਨਹੀਂ ਪਤਨੀ ਦੇ ਨਾਲ ਪ੍ਰੇਮੀ ਦੀ WHATSAPP ਚੈਟ ਵੀ ਪੇਸ਼ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਪਤੀ ਅਲੋਕ ਕੁਮਾਰ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਦੀ ਪਤਨੀ ਭ੍ਰਿਸ਼ਟ ਅਧਿਕਾਰੀ ਹੈ ਅਤੇ ਉਸ ਖ਼ਿਲਾਫ਼ ਪੁਖ਼ਤਾ ਸਬੂਤ ਵੀ ਹਨ।
2010 ਵਿੱਚ ਹੋਇਆ ਸੀ ਵਿਆਹ
ਪ੍ਰਿਆਗਰਾਜ ਦੇ ਧੂਮਨਗੰਜ ਥਾਣਾ ਖੇਤਰ ਝਲਵਾ ਇਲਾਕੇ ਦੇ ਰਹਿਣ ਵਾਲੇ ਅਲੋਕ ਕੁਮਾਰ ਮੋਰਿਆ ਦਾ ਵਿਆਹ 2010 ਵਿੱਚ ਵਾਰਾਨਸੀ ਦੇ ਚਿਰਈ ਪਿੰਡ ਦੀ ਜੋਤੀ ਮੋਰਿਆ ਨਾਲ ਹੋਇਆ ਸੀ। ਵਿਆਹ ਦੇ ਸਮੇਂ ਅਲੋਕ ਪੰਚਾਇਤ ਰਾਜ ਵਿਭਾਗ ਵਿੱਚ ਦਰਜਾ ਚਾਰ ਮੁਲਾਜ਼ਮ ਦੇ ਅਹੁਦੇ ‘ਤੇ ਤਾਇਨਾਤ ਸੀ। ਜਦੋਂ ਪਤਨੀ ਜੋਤੀ ਮੋਰਿਆ ਨੇ ਪੜ੍ਹਨ ਦੀ ਇੱਛਾ ਜਤਾਈ ਤਾਂ ਅਲੋਕ ਪਤਨੀ ਨੂੰ ਲੈ ਕੇ ਪ੍ਰਿਆਗਰਾਜ ਆ ਗਿਆ,ਜਿੱਥੇ ਉਸ ਨੇ ਸਿਵਲ ਦੀ ਤਿਆਰੀ ਦੇ ਲਈ ਕੋਚਿੰਗ ਸ਼ੁਰੂ ਕਰ ਦਿੱਤੀ। 2016 ਵਿੱਚ ਯੂ ਪੀ ਲੋਕ ਸੇਵਾ ਕਮਿਸ਼ਨ ਦੀ ਪ੍ਰੀਖਿਆ ਵਿੱਚ ਪਤਨੀ ਜੋਤੀ ਮੋਰਿਆ ਨੇ 16ਵਾਂ ਰੈਂਕ ਹਾਸਲ ਕਰਕੇ SDM ਬਣੀ ਅਤੇ ਉਹ ਪ੍ਰਿਆਗਰਾਜ ਜ਼ਿਲ੍ਹੇ ਵਿੱਚ ਹੀ ਰਹੀ। ਪਰ ਮੌਜੂਦਾ ਸਮੇਂ ਉਹ ਬਰੇਲੀ ਜ਼ਿਲ੍ਹੇ ਵਿੱਚ ਚੀਨੀ ਮਿਲ ਦੀ GM ਹੈ। ਹਾਲਾਂਕਿ ਇਸ ਤੋਂ ਪਹਿਲਾਂ ਉਹ ਕਈ ਜ਼ਿਲ੍ਹੇ ਵਿੱਚ ਰਹਿ ਚੁੱਕੀ ਹੈ ।
ਪਤੀ ਖ਼ਿਲਾਫ਼ ਦਾਜ ਦਾ ਮੁਕੱਦਮਾ ਦਰਜ ਕਰਵਾਇਆ
PCS ਅਧਿਕਾਰੀ ਜੋਤੀ ਮੋਰਿਆ ਨੇ ਆਪਣੇ ਪਤੀ ਅਲੋਕ ਮੋਰਿਆ ਅਤੇ ਸਹੁਰੇ ਵਾਲਿਆਂ ਖ਼ਿਲਾਫ਼ 7 ਮਈ 2023 ਨੂੰ ਧੂਮਗੰਜ ਥਾਣੇ ਵਿੱਚ ਦਾਜ ਮੰਗਣ ਦਾ ਮੁਕੱਦਮਾ ਦਰਜ ਕਰਵਾਇਆ ਸੀ । ਜਦਕਿ ਪਤੀ ਅਲੋਕ ਮੋਰਿਆ ਦਾ ਇਲਜ਼ਾਮ ਹੈ ਕਿ ਜਦੋਂ ਉਸ ਨੇ ਪਤਨੀ ਅਤੇ ਉਸੇ ਦੇ ਪ੍ਰੇਮੀ ਮਨੀਸ਼ ਦੂਬੇ ਨੂੰ ਗਾਜ਼ੀਆਬਾਦ ਵਿੱਚ ਇਤਰਾਜ਼ਯੋਗ ਹਾਲਤ ਵਿੱਚ ਫੜਿਆ ਤਾਂ ਉਸ ਨੇ ਬਚਣ ਦੇ ਲਈ ਦਾਜ ਦਾ ਮੁਕੱਦਮਾ ਦਰਜ ਕੀਤਾ।
ਅਲੋਕ ਦਾ ਇਲਜ਼ਾਮ ਹੈ ਕਿ ਉਸ ਦੀ ਪਤਨੀ ਅਤੇ ਉਸ ਦਾ ਪ੍ਰੇਮੀ ਮੇਰੀ ਜਾਨ ਦੇ ਦੁਸ਼ਮਣ ਹਨ । ਪਤੀ ਦਾ ਇਲਜ਼ਾਮ ਹੈ ਕਿ ਪਤਨੀ ਫ਼ੋਨ ‘ਤੇ ਤਲਾਕ ਦੇ ਲਈ ਧਮਕਾ ਰਹੀ ਹੈ ਅਤੇ ਜਾਨ ਤੋਂ ਮਾਰਨ ਦੀ ਧਮਕੀ ਦੇ ਰਹੀ ਹੈ। ਪਤੀ ਦਾ ਕਹਿਣਾ ਹੈ ਕਿ ਉਸ ਦਾ ਸਾਲਾ ਸਚਿਨ ਮੋਰਿਆ ਵੀ ਹਥਿਆਰ ਲੈ ਕੇ ਉਸ ਦੀ ਜਾਨ ਦਾ ਦੁਸ਼ਮਣ ਬਣਿਆ ਹੋਇਆ ਹੈ। ਉਸ ਨੇ ਕਿਹਾ ਜੇਕਰ ਕੱਲ੍ਹ ਨੂੰ ਮੈਨੂੰ ਕੁਝ ਵੀ ਹੋ ਜਾਂਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਮੇਰੀ ਪਤਨੀ ਅਤੇ ਉਸ ਦਾ ਪ੍ਰੇਮੀ ਹੋਣਗੇ ।