ਬਿਉਰੋ ਰਿਪੋਰਟ – ਪੰਜਾਬ ਲੋਕ ਸੇਵਾ ਕਮਿਸ਼ਨ (PPSC) ਦੇ ਚੇਅਰਮੈਨ ਜਤਿੰਦਰ ਸਿੰਘ ਔਲਖ (Jatinder Singh Aulakh) ਨੇ 30 ਜੂਨ, 2024 ਨੂੰ ਖੇਤੀਬਾੜੀ ਵਿਕਾਸ ਅਫਸਰਾਂ ਦੀ ਭਰਤੀ ਵਾਸਤੇ ਲਈ ਗਈ ਪ੍ਰੀਖਿਆ ਵਿੱਚ ਪੇਪਰ ਲੀਕ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਇਹ ਖ਼ਬਰ ਬੇਬੁਨਿਆਦ ਅਤੇ ਝੂਠ ਦਾ ਪੁਲੰਦਾ ਹੈ। ਚੇਅਰਮੈਨ ਨੇ ਸਾਫ ਕੀਤਾ ਕਿ ਇਸ ਪ੍ਰੀਖਿਆ ਲਈ 6800 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਪਰ ਇਨ੍ਹਾਂ ਵਿੱਚੋਂ 4100 ਦੇ ਕਰੀਬ ਉਮੀਦਵਾਰ ਪੇਪਰ ਦੇਣ ਪਹੁੰਚੇ ਸਨ ਅਤੇ ਇਹ ਪੇਪਰ ਪੂਰੀ ਤਰ੍ਹਾਂ ਨਿਰਪੱਖ, ਇਮਾਨਦਾਰੀ ਤੇ ਪਾਰਦਰਸ਼ੀ ਢੰਗ ਨਾਲ ਲਿਆ ਗਿਆ ਹੈ ਅਤੇ ਇਸ ਦੇ ਲੀਕ ਹੋਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੋ ਸਕਦਾ।
ਇਸ ਤੋਂ ਪਹਿਲਾਂ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਸਿੰਘ ਖਹਿਰਾ, ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੇਪਰ ਲੀਕ ਦਾ ਇਲਜ਼ਾਮ ਲਗਾਉਂਦੇ ਹੋਏ ਸਰਕਾਰ ਦੀ ਚੁੱਪ ’ਤੇ ਸਵਾਲ ਚੁੱਕੇ ਸਨ। ਪੇਪਰ ਲੀਕ ਦੇ ਇਲਜ਼ਾਮਾਂ ਦੇ ਤਕਰੀਬਨ 10 ਦਿਨ ਬਾਅਦ ਹੁਣ PPSC ਦੇ ਚੇਅਰਮੈਨ ਦਾ ਬਿਆਨ ਸਾਹਮਣੇ ਆਇਆ ਹੈ।
ਚੇਅਰਮੈਨ ਜਤਿੰਦਰ ਪਾਲ ਸਿੰਘ ਔਲਖ ਨੇ ਦੱਸਿਆ ਕਿ ਚੰਡੀਗੜ੍ਹ ਨਾਲ ਸਬੰਧਤ ਇੱਕ ਵਿਦਿਅਕ ਕੋਚ ਨੇ ਇੱਕ ਯੂਟਿਊਬ ਚੈਨਲ ‘ਤੇ ਇੱਕ ਵੀਡੀਓ ਪੋਸਟ ਕਰਕੇ ਬਿਨਾਂ ਕਿਸੇ ਸਬੂਤ ਇਮਤਿਹਾਨ ਦਾ ਪੇਪਰ ਪਹਿਲਾਂ ਹੀ ਲੀਕ ਹੋਣ ਦਾ ਇਲਜ਼ਾਮ ਲਗਾਇਆ ਸੀ। ਜਿਸ ਤੋਂ ਬਾਅਦ ਮੀਡੀਆ ਦੇ ਕੁਝ ਹੋਰ ਹਿੱਸੇ ਵਿਚ ਵੀ ਕੁਝ ਦੋਸ਼ ਲਗਾਏ ਗਏ ਸਨ, ਜਿਸ ਵਿਚ ਪੇਪਰ ਲਈ ਕਿਸੇ ਤਰ੍ਹਾਂ ਦੀ ਰਿਸ਼ਵਤਖੋਰੀ ਦਾ ਦਾਅਵਾ ਕੀਤਾ ਗਿਆ ਸੀ।
ਔਲਖ ਨੇ ਕਿਹਾ ਕਿ ਕਮਿਸ਼ਨ ਅਜਿਹੇ ਦਾਅਵਿਆਂ ਅਤੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰਦਾ ਹੈ ਅਤੇ ਨਾਲ ਹੀ ਇਹ ਵੀ ਸਾਫ ਕਰਦਾ ਹੈ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਲਏ ਜਾਂਦੇ ਭਰਤੀ ਇਮਤਿਹਾਨਾਂ ਵਿੱਚ ਕਿਸੇ ਵੀ ਸਰਕਾਰੀ ਵਿਭਾਗ ਦੀ ਕੋਈ ਦਖ਼ਲਅੰਦਾਜੀ ਨਹੀਂ ਹੁੰਦੀ, ਕਿਉਂਕਿ ਦੋਸ਼ਾਂ ਵਿੱਚ ਰਾਜ ਦੇ ਖੇਤੀਬਾੜੀ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਵੱਲੋਂ ਇਸ ਵਿੱਚ ਸ਼ਾਮਲ ਹੋਣ ਬਾਰੇ ਕਿਹਾ ਗਿਆ ਹੈ ਜਦਕਿ ਅਸਲ ਵਿੱਚ ਅਜਿਹਾ ਸੱਚ ਨਹੀਂ ਹੈ।
ਚੇਅਰਮੈਨ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਅੰਦਰੂਨੀ ਤੱਥਾਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ PPSC ਵੱਲੋਂ ਕਰਵਾਈ ਗਈ ਪ੍ਰੀਖਿਆ ਪ੍ਰਕਿਰਿਆ ਵਿੱਚ ਰਾਜ ਦੇ ਖੇਤੀਬਾੜੀ ਵਿਭਾਗ ਦਾ ਕੋਈ ਵੀ ਅਧਿਕਾਰੀ ਸ਼ਾਮਲ ਨਹੀਂ ਸੀ। ਕਮਿਸ਼ਨ, ਰਾਜ ਦੇ ਸਮੂਹ ਸਰਕਾਰੀ ਨੌਕਰੀਆਂ ਲਈ ਤਿਆਰੀ ਕਰ ਰਹੇ ਨੌਜਵਾਨਾਂ ਨੂੰ ਸੰਬੋਧਿਤ ਹੁੰਦਿਆਂ ਇਹ ਵਿਸ਼ਵਾਸ਼ ਦੁਆਉਂਦਾ ਹੈ ਕਿ ਕਮਿਸ਼ਨ ਨੇ ਹੁਣ ਤੱਕ ਲਈਆਂ ਸਾਰੀਆਂ ਪ੍ਰੀਖਿਆਵਾਂ ਪੂਰੀ ਤਰ੍ਹਾਂ ਨਿਰਪੱਖਤਾ ਅਤੇ ਪਾਰਦਰਸ਼ਤਾ ਨਾਲ ਕਰਵਾਈਆਂ ਹਨ ਅਤੇ ਇਹ ਕਵਾਇਦ ਭਵਿੱਖ ਵਿੱਚ ਵੀ ਜਾਰੀ ਰਹੇਗੀ ਅਤੇ ਸੰਵਿਧਾਨਿਕ ਅਦਾਰਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਆਪਣੀ ਜਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਂਦਾ ਰਹੇਗਾ।
ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਕੀਤੀ ਗਈ ਜਾਂਚ ਵਿੱਚ ਇਹ ਸਪੱਸ਼ਟ ਹੈ ਕਿ ਵੀਡੀਓਗ੍ਰਾਫਿਕ ਅਤੇ ਲਿਖਤੀ ਰਿਕਾਰਡਾਂ ਸਮੇਤ ਵਿਆਪਕ ਤਸਦੀਕ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਇਮਤਿਹਾਨ ਦੀ ਪ੍ਰਕਿਰਿਆ ਨਿਰਪੱਖ ਅਤੇ ਸੁਰੱਖਿਅਤ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਲਜ਼ਾਮਾਂ ਦੇ ਉਲਟ,ਪ੍ਰੀਖਿਆ ਤੋਂ ਪਹਿਲਾਂ ਕਿਸੇ ਵੀ ਉਮੀਦਵਾਰ ਦੀ ਪ੍ਰਸ਼ਨ ਪੱਤਰ ਤੱਕ ਪਹੁੰਚ ਨਹੀਂ ਸੀ ਅਤੇ ਸਵੇਰੇ 11:00 ਵਜੇ ਪ੍ਰੀਖਿਆ ਸ਼ੁਰੂ ਹੋਣ ਤੋਂ ਬਾਅਦ ਕਿਸੇ ਵੀ ਉਮੀਦਵਾਰ ਨੂੰ ਕਿਸੇ ਪ੍ਰੀਖਿਆ ਕੇਂਦਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਿੱਥੇ ਉਹ ਖ਼ੁਦ ਤੇ ਕਮਿਸ਼ਨ ਦੇ ਸਕੱਤਰ ਪ੍ਰੀਖਿਆ ਨੇ ਨਿਗਰਾਨੀ ਰੱਖੀ, ਉਥੇ ਹੀ ਸੂਬਾ ਸਰਕਾਰ ਦੇ ਸੁਪਰਵਾਈਜ਼ਰੀ ਅਧਿਕਾਰੀਆਂ ਵੱਲੋਂ ਵੀ ਇਮਤਿਹਾਨ ਉਤੇ ਨਜ਼ਰ ਰੱਖੀ ਹੋਈ ਸੀ।
ਜਤਿੰਦਰ ਸਿੰਘ ਔਲਖ ਨੇ ਦਾਅਵਾ ਕੀਤਾ ਕਿ ਇਮਿਤਹਾਨ ਤੋਂ ਪਹਿਲਾਂ ਉਮੀਦਵਾਰਾਂ ਦੀ ਪਛਾਣ ਲਈ ਬਾਇਓਮੀਟ੍ਰਿਕ ਮਸ਼ੀਨਾਂ ਦੀ ਵਰਤੋਂ, ਹਰ ਕੇਂਦਰ ‘ਤੇ 5ਜੀ ਜੈਮਰ, ਅਤੇ ਸੁਰੱਖਿਆ ਕਰਮਚਾਰੀਆਂ ਦੁਆਰਾ ਡੂੰਘਾਈ ਨਾਲ ਜਾਂਚ ਕਰਨ ਲਈ ਡੀਐਫਐਮਡੀ ਅਤੇ ਐਚਐਚਐਮਡੀ ਦੀ ਤਾਇਨਾਤੀ ਨੇ ਇਹ ਯਕੀਨੀ ਬਣਾਇਆ ਕਿ ਪੂਰੀ ਪ੍ਰਕਿਰਿਆ ਨਿਰਵਿਘਨ, ਨਿਰਪੱਖ ਤੇ ਪਾਰਦਰਸ਼ੀ ਸੀ।
ਚੇਅਰਮੈਂਨ ਨੇ ਪ੍ਰੀਖਿਆ ਦੇਣ ਵਾਲੇ ਸਾਰੇ ਉਮੀਦਵਾਰਾਂ ਅਤੇ ਭਵਿੱਖ ਦੀਆਂ ਭਰਤੀਆਂ ਲਈ ਤਿਆਰੀ ਕਰ ਰਹੇ ਨੌਜਵਾਨਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਭਰੋਸਾ ਦਿਵਾਇਆ ਅਤੇ ਕਮਿਸ਼ਨ ਆਪਣੀ ਸੰਵਿਧਾਨਿਕ ਡਿਊਟੀ ਪੂਰੀ ਇਮਾਨਦਾਰੀ, ਦਿਆਨਤਦਾਰੀ, ਪਾਰਦਰਸ਼ਤਾ ਅਤੇ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਂਦਾ ਹੈ ਅਤੇ ਇਸ ਲਈ ਕਿਸੇ ਨੂੰ ਵੀ ਇਸ ਦੀ ਭਰੋਸੇਯੋਗਤਾ ‘ਤੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ, ਕਿਉਂਕਿ ਪੰਜਾਬ ਲੋਕ ਸੇਵਾ ਕਮਿਸ਼ਨ ਆਪਣੀਆਂ ਕਦਰਾਂ ਕੀਮਤਾਂ ਉਤੇ ਪੂਰੀ ਤਰ੍ਹਾਂ ਕਾਇਮ ਹੈ।