Punjab

ਪੰਜਾਬ ਵਿੱਚ ਬਿਜਲੀ ਦੀ ਮੰਗ ਵਧੀ, ਬਿਜਲੀ ਦੀ ਮੰਗ ਨੇ ਪਾਵਰਕੌਮ ਅਧਿਕਾਰੀਆਂ ਦੀਆਂ ਮੁਸ਼ਕਲਾਂ ਵਧਾਈਆਂ

ਚੰਡੀਗੜ੍ਹ : ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਗਰਮੀ ਤੇ ਝੋਨੇ ਦੀ ਲੁਆਈ ਕਾਰਨ ਬਿਜਲੀ ਦੀ ਮੰਗ ਵਧਦੀ ਜਾ ਰਹੀ ਹੈ। ਅੱਜ ਪੰਜਾਬ ਵਿੱਚ ਦੁਪਹਿਰੇ ਬਿਜਲੀ ਦੀ ਮੰਗ 15,471 ਮੈਗਾਵਾਟ ’ਤੇ ਪਹੁੰਚ ਗਈ ਜੋ ਪਿਛਲੇ ਸਾਲ ਨਾਲੋਂ 3400 ਮੈਗਾਵਾਟ ਵੱਧ ਹੈ। 2023 ਵਿੱਚ ਅੱਜ ਦੇ ਦਿਨ ਹੀ ਬਿਜਲੀ ਦੀ ਵੱਧ ਤੋਂ ਵੱਧ ਮੰਗ 11,964 ਮੈਗਾਵਾਟ ਦਰਜ ਕੀਤੀ ਗਈ ਸੀ। ਸੂਬੇ ਵਿੱਚ ਲਗਾਤਾਰ ਵਧ ਰਹੀ ਬਿਜਲੀ ਦੀ ਮੰਗ ਨੇ ਪਾਵਰਕੌਮ ਅਧਿਕਾਰੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।

ਸੂਬੇ ਵਿੱਚ ਬਿਜਲੀ ਦੀ ਮੰਗ ਵਧਣ ’ਤੇ ਆਲ ਇੰਡੀਆ ਪਾਵਰ ਇੰਜਨੀਅਰਜ਼ ਫੈਡਰੇਸ਼ਨ (ਏਆਈਪੀਈਐੱਫ) ਨੇ ਚਿੰਤਾ ਪ੍ਰਗਟਾਈ ਹੈ। ਇਸ ਬਾਰੇ ਫੈਡਰੇਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਬਿਜਲੀ ਦੀ ਵਧ ਰਹੀ ਮੰਗ ਵੱਲ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬਿਜਲੀ ਦੀ ਮੰਗ ਪਿਛਲੇ ਸਾਲ ਨਾਲੋਂ 43 ਫ਼ੀਸਦ ਵਧ ਗਈ ਹੈ।

ਮੁਫ਼ਤ ਬਿਜਲੀ ਦੇਣ ਬਾਰੇ ਸਰਕਾਰ ਨੂੰ ਮੁੜ ਵਿਚਾਰ ਕਰਨ ਦੀ ਅਪੀਲ

ਫੈਡਰੇਸ਼ਨ ਦੇ ਚੇਅਰਮੈਨ ਸ਼ੈਲੇਂਦਰ ਦੂਬੇ ਨੇ ਪੰਜਾਬ ਸਰਕਾਰ ਨੂੰ ਸੂਬੇ ਵਿੱਚ ਦਿੱਤੀ ਜਾਣ ਵਾਲੀ ਮੁਫ਼ਤ ਬਿਜਲੀ ਸਬੰਧੀ ਪਾਲਿਸੀ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਦੁਬੇ ਨੇ ਕਿਹਾ ਕਿ ਇਸ ਤਹਿਤ ਦਫ਼ਤਰ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਬਦਲਿਆ ਜਾਵੇ, ਸਾਰੇ ਵਪਾਰਕ ਅਦਾਰੇ, ਮਾਲ, ਦੁਕਾਨਾਂ ਸ਼ਾਮ 7 ਵਜੇ ਬੰਦ ਹੋਣੀਆਂ ਚਾਹੀਦੀਆਂ ਹਨ, ਉਦਯੋਗਾਂ ‘ਤੇ ਪੀਕ ਲੋਡ ਪਾਬੰਦੀਆਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ, ਪੰਜਾਬ ਰਾਜ ਦੇ ਬਾਕੀ ਰਹਿੰਦੇ ਖੇਤਰਾਂ ਵਿੱਚ ਝੋਨੇ ਦੀ ਬਿਜਾਈ 25 ਜੂਨ ਨੂੰ ਕੀਤੀ ਜਾਵੇ ਅਤੇ ਕਿਸੇ ਨੂੰ ਵੀ ਤਰੀਕ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ।

ਪੂਸਾ 44 ਵਰਗੀਆਂ ਪਾਣੀ ਦੀਆਂ ਗੰਧਲੀਆਂ ਕਿਸਮਾਂ ‘ਤੇ ਪਾਬੰਦੀ ਲਗਾਈ ਜਾਵੇ ਅਤੇ 90 ਦਿਨਾਂ ਵਿੱਚ ਪੱਕਣ ਵਾਲੀਆਂ ਪੀਆਰ 126, ਬਾਸਮਤੀ ਆਦਿ ਕਿਸਮਾਂ ਨੂੰ ਉਤਸ਼ਾਹਿਤ ਕੀਤਾ ਜਾਵੇ, NSA ਦੇ ਤਹਿਤ ਬਿਜਲੀ ਦੀ ਚੋਰੀ ਨੂੰ ਅਪਰਾਧ ਵਜੋਂ ਕਵਰ ਕੀਤਾ ਜਾਣਾ ਚਾਹੀਦਾ ਹੈ, ਰਾਜ ਦੀ ਨੀਤੀ ਵਜੋਂ ਮੁਫਤ ਬਿਜਲੀ ਦੀ ਤੁਰੰਤ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ ਤੇ ਕੇਂਦਰੀ ਪੂਲ ਤੋਂ ਘੱਟੋ-ਘੱਟ 1000MW ਵਾਧੂ ਬਿਜਲੀ ਦੀ ਅਲਾਟਮੈਂਟ ਕਰਨ ਲਈ ਭਾਰਤ ਸਰਕਾਰ ਦੇ ਬਿਜਲੀ ਮੰਤਰੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਵੇਲੇ ਸੂਬੇ ਵਿਚਲੇ ਸਰਕਾਰੀ ਤੇ ਨਿੱਜੀ ਖੇਤਰ ਦੇ ਪੰਜ ਥਰਮਲ ਪਲਾਟਾਂ ਦੀਆਂ 15 ’ਚੋਂ 14 ਯੂਨਿਟਾਂ ਚੱਲ ਰਹੀਆਂ ਹਨ। ਇਸ ’ਚੋਂ ਲਹਿਰਾ ਮੁਹੱਬਤ ਥਰਮਲ ਪਲਾਂਟ ਦੀਆਂ ਚਾਰ ਯੂਨਿਟਾਂ ’ਚੋਂ ਇਕ ਯੂਨਿਟ ਬੰਦ ਹੈ। ਇੱਥੇ ਦੀਆਂ ਬਾਕੀ ਤਿੰਨ ਯੂਨਿਟਾਂ ਵੱਲੋਂ 636 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਰੋਪੜ ਥਰਮਲ ਪਲਾਂਟ ਦੇ ਚਾਰ ਯੂਨਿਟ 693 ਮੈਗਾਵਾਟ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋਵੇਂ ਯੂਨਿਟ 409 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਨ। ਦੂਜੇ ਪਾਸੇ ਨਿੱਜੀ ਖੇਤਰ ਦੇ ਰਾਜਪੁਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟ 1,312 ਮੈਗਾਵਾਟ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਤਿੰਨ ਯੂਨਿਟ 1,784 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਨ।

ਪੰਜਾਬ ਵਿੱਚ ਸਰਕਾਰੀ ਤੌਰ ’ਤੇ ਭਾਵੇਂ ਝੋਨੇ ਦੀ ਲੁਆਈ ਸ਼ੁਰੂ ਹੋ ਗਈ ਹੈ ਪਰ ਵੱਡੀ ਗਿਣਤੀ ਕਿਸਾਨਾਂ ਨੇ ਹਾਲੇ ਝੋਨਾ ਲਾਉਣਾ ਸ਼ੁਰੂ ਨਹੀਂ ਕੀਤਾ ਜਿਸ ਦਾ ਮੁੱਖ ਕਾਰਨ ਅਤਿ ਦੀ ਗਰਮੀ ਦੱਸੀ ਜਾ ਰਹੀ ਹੈ। ਇਸ ਬਾਰੇ ਜ਼ਿਲ੍ਹਾ ਬਠਿੰਡਾ ਦੇ ਕਿਸਾਨ ਬਲਦੇਵ ਸਿੰਘ ਬਾਜਕ ਨੇ ਕਿਹਾ ਕਿ ਗਰਮੀ ਕਰਕੇ ਝੋਨੇ ਦੀ ਲੁਆਈ ਹਾਲੇ ਸ਼ੁਰੂ ਨਹੀਂ ਕੀਤੀ ਗਈ। 20 ਜੂਨ ਤੋਂ ਬਾਅਦ ਮੌਸਮ ਦੇਖ ਕੇ ਝੋਨੇ ਦੀ ਲੁਆਈ ਸ਼ੁਰੂ ਕੀਤੀ ਜਾਵੇਗੀ। ਇਸ ਤਰ੍ਹਾਂ ਪਾਵਰਕੌਮ ਲਈ ਅਸਲ ਪ੍ਰੀਖਿਆ ਦੀ ਘੜੀ 20 ਜੂਨ ਤੋਂ ਬਾਅਦ ਸ਼ਰੂ ਹੋਵੇਗੀ। ਉਸ ਦੌਰਾਨ ਸੂਬੇ ਵਿੱਚ ਬਿਜਲੀ ਦੀ ਮੰਗ ਨੂੰ ਪੂਰਾ ਕਰਨਾ ਪਾਵਰਕੌਮ ਲਈ ਵੱਡੀ ਚੁਣੌਤੀ ਬਣ ਸਕਦਾ ਹੈ। ਜ਼ਿਕਰਯੋਗ ਹੈ ਕਿ ਪੂਰੇ ਸੂਬੇ ਵਿੱਚ 15 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋ ਗਈ ਸੀ।