International

ਪਾਕਿਸਤਾਨ ‘ਚ ਬੱਤੀ ਗੁਲ , ਲੋਕਾਂ ‘ਚ ਮਚੀ ਹਾਹਾਕਾਰ

Power supply off in 22 districts of Pakistan

ਪਾਕਿਸਤਾਨ : ਆਰਥਿਕ ਸੰਕਟ ਵਿੱਚ ਡੁੱਬਿਆ ਪਾਕਿਸਤਾਨ ( Pakistan )  ਹੁਣ ਸੱਚਮੁੱਚ ਹਨੇਰੇ ਵਿੱਚ ਡੁੱਬ ਗਿਆ ਹੈ। ਪਹਿਲਾਂ ਦੇਸ਼ ਵਿੱਚ ਆਟਾ ਖਤਮ ਹੋ ਗਿਆ, ਫਿਰ ਗੈਸ ਅਤੇ ਪੈਟਰੋਲ ਦਾ ਸੰਕਟ ਆਇਆ ਅਤੇ ਹੁਣ ਬਿਜਲੀ ਦੀ ਵਾਰੀ ਹੈ। ਖਬਰਾਂ ਆ ਰਹੀਆਂ ਹਨ ਕਿ ਸੋਮਵਾਰ ਸਵੇਰ ਤੋਂ ਪਾਕਿਸਤਾਨ ਦਾ ਵੱਡਾ ਹਿੱਸਾ ਹਨੇਰੇ ਵਿੱਚ ਡੁੱਬਿਆ ਹੋਇਆ ਹੈ।

ਕਵੇਟਾ ਅਤੇ ਗੁੱਡੂ ਵਿਚਕਾਰ ਹਾਈ-ਟੈਂਸ਼ਨ ਟਰਾਂਸਮਿਸ਼ਨ ਲਾਈਨਾਂ ਵਿੱਚ ਨੁਕਸ ਪੈਣ ਕਾਰਨ ਸੋਮਵਾਰ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬਿਜਲੀ ਦਾ ਕੱਟ ਹੈ। ਦੱਸ ਦਈਏ ਕਿ, ਪਾਕਿਸਤਾਨ ਪਹਿਲਾਂ ਹੀ ਬਿਜਲੀ ਦੀ ਕਮੀ ਅਤੇ ਲੰਬੇ ਕੱਟਾਂ ਦਾ ਸਾਹਮਣਾ ਕਰ ਰਿਹਾ ਹੈ। ਬਿਜਲੀ ਦੀ ਬੱਚਤ ਲਈ ਸਰਕਾਰ ਨੇ 8 ਵਜੇ ਬਾਜ਼ਾਰ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ।

ਪਾਕਿਸਤਾਨੀ ਨਿਊਜ਼ ਵੈੱਬਸਾਈਟ ‘ਦੁਨੀਆ ਨਿਊਜ਼’ ਮੁਤਾਬਕ ਬਲੋਚਿਸਤਾਨ ਦੇ ਕਵੇਟਾ, ਇਸਲਾਮਾਬਾਦ, ਲਾਹੌਰ, ਮੁਲਤਾਨ ਖੇਤਰ ਦੇ ਸ਼ਹਿਰਾਂ ਅਤੇ ਕਰਾਚੀ ਵਰਗੇ ਕਈ ਵੱਡੇ ਸ਼ਹਿਰਾਂ ਸਮੇਤ 22 ਜ਼ਿਲਿਆਂ ‘ਚ ਬਿਜਲੀ ਕੱਟ ਲੱਗ ਗਏ ਹਨ।

ਲਾਹੌਰ ਵਿੱਚ ਮਾਲ ਰੋਡ, ਕੈਨਾਲ ਰੋਡ ਅਤੇ ਹੋਰ ਇਲਾਕਿਆਂ ਵਿੱਚ ਲੋਕ ਬਿਜਲੀ ਕੱਟ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਰਿਪੋਰਟਾਂ ਦੇ ਅਨੁਸਾਰ, ਟਰਾਂਸਮਿਸ਼ਨ ਲਾਈਨਾਂ ਵਿੱਚ ਤਕਨੀਕੀ ਖਰਾਬੀ ਕਾਰਨ ਸਿੰਧ, ਖੈਬਰ ਪਖਤੂਨਖਵਾ, ਪੰਜਾਬ ਅਤੇ ਰਾਜਧਾਨੀ ਵਿੱਚ ਬਿਜਲੀ ਬੰਦ ਹੋ ਗਈ ਹੈ। ਇਸ ਕਾਰਨ ਦੇਸ਼ ਦੇ ਊਰਜਾ ਮੰਤਰਾਲੇ ਨੂੰ ਬਿਆਨ ਜਾਰੀ ਕਰ ਕੇ ਦੇਸ਼ ਵਾਸੀਆਂ ਨੂੰ ਕਿਹਾ ਗਿਆ ਕਿ ਇਹ ਨੁਕਸ ਜਲਦੀ ਹੀ ਠੀਕ ਕਰ ਲਿਆ ਜਾਵੇਗਾ।

ਊਰਜਾ ਮੰਤਰਾਲੇ ਦਾ ਕਹਿਣਾ ਹੈ ਕਿ ਸ਼ੁਰੂਆਤੀ ਰਿਪੋਰਟਾਂ ਅਨੁਸਾਰ ਅੱਜ ਸਵੇਰੇ 7:34 ਵਜੇ ਨੈਸ਼ਨਲ ਗਰਿੱਡ ਦੀ ਸਿਸਟਮ ਫ੍ਰੀਕੁਐਂਸੀ ਘੱਟ ਗਈ, ਜਿਸ ਕਾਰਨ ਬਿਜਲੀ ਪ੍ਰਣਾਲੀ ਵਿੱਚ ਵਿਆਪਕ ਗੜਬੜੀ ਹੋ ਗਈ। ਇਸਲਾਮਾਬਾਦ ਇਲੈਕਟ੍ਰਿਕ ਸਪਲਾਈ ਕੰਪਨੀ ਯਾਨੀ ਇਸਕੋ ਮੁਤਾਬਿਕ 117 ਗਰਿੱਡ ਸਟੇਸ਼ਨਾਂ ਨੂੰ ਬਿਜਲੀ ਸਪਲਾਈ ਰੋਕ ਦਿੱਤੀ ਗਈ ਹੈ। ਬਿਜਲੀ ਸਪਲਾਈ ਕੰਪਨੀ ਨੇ ਟਵੀਟ ਕੀਤਾ ਹੈ ਕਿ “ਰੀਜਨ ਕੰਟਰੋਲ ਸੈਂਟਰ ਵੱਲੋਂ ਅਜੇ ਤੱਕ ਕੋਈ ਸਪੱਸ਼ਟ ਕਾਰਨ ਨਹੀਂ ਦਿੱਤਾ ਗਿਆ ਹੈ, ਆਈਸਕੋ ਪ੍ਰਬੰਧਨ ਸਬੰਧਤ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ।