The Khalas Tv Blog Punjab ਬਿਜਲੀ ਸਮਝੌਤੇ ਰੱਦ ਕਰਨ ਵਾਲੇ ਫੱਟੇ ‘ਚ CM ਚੰਨੀ ਨੇ ਠੋਕਿਆ ਪਹਿਲਾ ਕਿੱਲ
Punjab

ਬਿਜਲੀ ਸਮਝੌਤੇ ਰੱਦ ਕਰਨ ਵਾਲੇ ਫੱਟੇ ‘ਚ CM ਚੰਨੀ ਨੇ ਠੋਕਿਆ ਪਹਿਲਾ ਕਿੱਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਸਰਕਾਰ ਨੇ ਆਪਣੇ ਵਾਅਦੇ ਮੁਤਾਬਿਕ ਪੰਜਾਬੀਆਂ ਨੂੰ ਸਸਤੀ ਬਿਜਲੀ ਦੇਣ ਲਈ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਮਹਿੰਗੇ ਬਿਜਲੀ ਖਰੀਦ ਸਮਝੋਤੇ ਤਕਰੀਬਨ ਰੱਦ ਕਰਨੇ ਸ਼ੁਰੂ ਕਰ ਦਿੱਤੇ ਹਨ। ਤਾਜਾ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕੁਰਸੀ ਸੰਭਾਲਣ ਮਗਰੋਂ ਪਾਰਟੀ ਦੇ ਕਹੇ ਅਨੁਸਾਰ ਜੀਵੀਕੇ ਗੋਇੰਦਵਾਲ ਸਾਹਿਬ ਪਾਵਰ ਲਿਮਟਿਡ ਨਾਲ ਬਿਜਲੀ ਖਰੀਦ ਸਮਝੌਤਾ ਰੱਦ ਕਰ ਦਿੱਤਾ ਹੈ। ਇਸ ਸੰਬੰਧੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਕੰਪਨੀ ਨੂੰ ਨੋਟਿਸ ਵੀ ਜਾਰੀ ਕੀਤਾ ਹੈ। ਕਾਂਗਰਸ ਸਰਕਾਰ ਦੀ ਇਹ ਵੱਡੀ ਪਹਿਲ ਦੱਸੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਵੀ ਇਸ ਸਬੰਧੀ ਪਾਵਰਕਾਮ ਨੂੰ ਲੈਟਰ ਜਾਰੀ ਕੀਤਾ ਸੀ ਤੇ ਅਤੇ ਪਾਵਰਕਾਮ ਵੱਲੋਂ ਵੀ ਪ੍ਰਾਈਵੇਟ ਥਰਮਲਾਂ ਨੂੰ ਨੋਟਿਸ ਭੇਜੇ ਜਾਣ ਦੀ ਗੱਲ ਕਹੀ ਗਈ ਸੀ। ਪੰਜਾਬ ਸਰਕਾਰ ਨੇ ਜੀਵੀਕੇ ਪਾਵਰ (ਗੋਇੰਦਵਾਲ ਸਾਹਿਬ) ਲਿਮਟਿਡ, ਦਮੋਦਰ ਵੈਲੀ ਕਾਰਪੋਰੇਸ਼ਨ ਦੇ ਰਘੂਨਾਥਪੁਰ ਥਰਮਲ ਪ੍ਰੋਜੈਕਟ, ਤਲਵੰਡੀ ਸਾਬੋ ਪਾਵਰ ਪਲਾਂਟ ਅਤੇ ਰਾਜਪੁਰਾ ਥਰਮਲ ਪਲਾਂਟ ਨਾਲ ਹੋਏ ਸਮਝੌਤੇ ਰੱਦ ਕਰਨ ਨੂੰ ਪ੍ਰਵਾਨਗੀ ਦੇਣ ਦੀ ਗੱਲ ਕਹੀ ਸੀ। ਇਨ੍ਹਾਂ ਸਾਰੇ ਥਰਮਲਾਂ ਨੂੰ ਪਾਵਰਕੌਮ ਵੱਲੋਂ ਨੋਟਿਸ ਭੇਜ ਕੇ ਸਪਸ਼ਟ ਕੀਤਾ ਜਾਣਾ ਸੀ ਕਿ ਪਾਵਰਕੌਮ ਹੁਣ ਇਨ੍ਹਾਂ ਥਰਮਲਾਂ ਤੋਂ ਬਿਜਲੀ ਨਹੀਂ ਖਰੀਦਣਾ ਚਾਹੁੰਦੀ।

ਕਦੇ ਵਿਕਣ ਉੱਤੇ ਲੱਗਾ ਸੀ ਜੀਵੀਕੇ

ਇੱਥੇ ਇਹ ਜ਼ਿਕਰਯੋਗ ਹੈ ਪਿਛਲੇ ਸਾਲ ਇਹ ਖਬਰ ਆਈ ਸੀ ਕਿ ਜੀਵੀਕੇ ਪ੍ਰਾਈਵੇਟ ਲਿਮਟਿਡ ਨੇ ਗੋਇੰਦਵਾਲ ਪ੍ਰਾਈਵੇਟ ਥਰਮਲ ਨੂੰ ਵਿਕਰੀ ’ਤੇ ਲਾ ਦਿੱਤਾ ਸੀ। ਪ੍ਰਾਈਵੇਟ ਕੰਪਨੀ ਨੇ ਪਾਵਰਕੌਮ ਨੂੰ ਆਪਣਾ ਥਰਮਲ ਦੇਣ ਦੀ ਪੇਸ਼ਕਸ਼ ਕੀਤੀ ਸੀ। ਪ੍ਰਾਈਵੇਟ ਥਰਮਲਾਂ ਨਾਲ ਹੋਏ ਮਹਿੰਗੇ ਬਿਜਲੀ ਸਮਝੌਤੇ ਸੂਬੇ ਲਈ ਮਹਿੰਗੀ ਬਿਜਲੀ ਦਾ ਸਬੱਬ ਬਣੇ ਹੋਏ ਹਨ। ਵੇਰਵਿਆਂ ਅਨੁਸਾਰ ਜੀਵੀਕੇ ਪ੍ਰਾਈਵੇਟ ਲਿਮਟਿਡ ਦਾ ਗੋਇੰਦਵਾਲ ਸਾਹਿਬ ਵਿਖੇ 540 ਮੈਗਾਵਾਟ ਦਾ ਥਰਮਲ ਪਲਾਂਟ 1114 ਏਕੜ ਵਿਚ ਲੱਗਾ ਹੋਇਆ ਹੈ, ਜੋ ਸਾਲ 2016-17 ਵਿੱਚ ਹੀ ਚਾਲੂ ਹੋਇਆ ਸੀ।

ਉਸ ਵੇਲੇ ਪ੍ਰਾਈਵੇਟ ਕੰਪਨੀ ਨੇ ਪਾਵਰਕੌਮ ਦੇ ਚੇਅਰਮੈਨ ਨੂੰ ਇਕ ਪੱਤਰ ਭੇਜਿਆ ਸੀ, ਜਿਸ ਅਨੁਸਾਰ ਕੰਪਨੀ ਨੇ ਇਸ ਥਰਮਲ ਲਈ ਸਮੇਤ ਕਰਜ਼ ਕੁੱਲ ਕਰੀਬ 4103 ਕਰੋੜ ਰੁਪਏ ਖਰਚ ਕੀਤੇ ਗਏ ਦੱਸੇ ਸਨ, ਜਿਸ ਵਿੱਚ ਕੰਪਨੀ ਦੇ ਆਪਣੀ ਤਰਫੋਂ ਲਾਏ 1265 ਕਰੋੜ ਰੁਪਏ ਵੀ ਸ਼ਾਮਲ ਕੀਤੇ ਸਨ। ਜੀਵੀਕੇ ਕੰਪਨੀ ਤਰਫੋਂ 3200 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਗਿਆ ਸੀ, ਜਿਸ ’ਤੇ 1200 ਕਰੋੜ ਰੁਪਏ ਦਾ ਵਿਆਜ ਵੀ ਬਣ ਗਿਆ ਸੀ।
ਉਸ ਵੇਲੇ ਕੰਪਨੀ ਨੇ ਥਰਮਲ ਕਰੀਬ 4103 ਕਰੋੜ ਵਿਚ ਪਾਵਰਕੌਮ ਨੂੰ ਦੇਣ ਦੀ ਪੇਸ਼ਕਸ਼ ਕੀਤੀ ਸੀ। ਪਾਵਰਕੌਮ ਦੇ ਮੁੱਖ ਲੇਖਾ ਅਫ਼ਸਰ ਨੇ 15 ਅਕਤੂਬਰ ਨੂੰ ਪੱਤਰ ਜਾਰੀ ਕਰਕੇ ਗੋਇੰਦਵਾਲ ਥਰਮਲ ਪਲਾਂਟ ਦੀ ਤਜਵੀਜ਼ ਨੂੰ ਵਿਚਾਰਨ ਲਈ ਮਾਮਲਾ ਪੰਜ ਮੈਂਬਰੀ ਉੱਚ ਪੱਧਰੀ ਕਮੇਟੀ ਹਵਾਲੇ ਕਰ ਦਿੱਤਾ ਸੀ।

10 ਰੁਪਏ ਦੇ ਕਰੀਬ ਯੂਨਿਟ ਦੇ ਹਿਸਾਬ ਨਾਲ ਲਈ ਬਿਜਲੀ

ਜੀਵੀਕੇ ਪਾਵਰ ਲਿਮਟਿਡ ਨੂੰ ਲੰਘੇ ਮਾਲੀ ਵਰ੍ਹੇ ਦੌਰਾਨ ਪਾਵਰਕੌਮ ਵੱਲੋਂ 672 ਕਰੋੜ ਰੁਪਏ ਫਿਕਸਿਡ ਚਾਰਜ ਵਜੋਂ ਦਿੱਤੇ ਗਏ ਅਤੇ ਇਸ ਪ੍ਰਾਈਵੇਟ ਪਲਾਂਟ ਤੋਂ ਲੰਘੇ ਸਾਲ 9.54 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਖਰੀਦੀ ਗਈ। ਇਸ ਕੰਪਨੀ ਵੱਲੋਂ ਪਹਿਲਾਂ ਪੰਜਾਬ ਰਾਜ ਪਾਵਰ ਰੈਗੂਲੇਟਰ ਕੋਲ ਕੇਸ ਪਾਇਆ ਗਿਆ ਸੀ ਜਿਸ ਵੱਲੋਂ ਇਸ ਕੰਪਨੀ ਦਾ ਫਿਕਸਿਡ ਚਾਰਜ 2.20 ਰੁਪਏ ਐਲਾਨ ਦਿੱਤਾ ਗਿਆ ਸੀ। ਰੈਗੂਲੇਟਰ ਨੇ ਮਗਰੋਂ ਪਾਵਰਕੌਮ ਦੀ ਪਟੀਸ਼ਨ ’ਤੇ ਇਹ ਫਿਕਸਿਡ ਚਾਰਜ ਘਟਾ ਕੇ 1.45 ਰੁਪਏ ਪ੍ਰਤੀ ਯੂਨਿਟ ਕਰ ਦਿੱਤਾ ਸੀ। ਸੂਤਰਾਂ ਅਨੁਸਾਰ ਜੀਵੀਕੇ ਪਾਵਰ ਲਿਮਟਿਡ ਨੂੰ ਆਪਣੇ ਥਰਮਲ ਨੂੰ ਚਾਲੂ ਕਰਨ ਲਈ ਕਰੀਬ 24 ਸਾਲ ਦੀ ਯਾਤਰਾ ਕਰਨੀ ਪਈ ਹੈ।

ਕਦੋਂ ਪੰਜਾਬ ਆਈ ਇਹ ਕੰਪਨੀ
ਬੇਅੰਤ ਸਿੰਘ ਸਰਕਾਰ ਸਮੇਂ ਸਾਲ 1991-92 ਵਿਚ ਇਹ ਪ੍ਰਾਈਵੇਟ ਕੰਪਨੀ ਨੇ ਪੰਜਾਬ ਵਿਚ ਪੈਰ ਰੱਖਿਆ ਸੀ ਪਰ ਲੰਮੀ ਵਿਚਾਰ ਚਰਚਾ ਮਗਰੋਂ 3 ਨਵੰਬਰ 1997 ਨੂੰ ਇਸ ਕੰਪਨੀ ਦੇ ਮੁੱਦੇ ਨੂੰ ਮੁੱਖ ਮੰਤਰੀ ਦੀ ਮੀਟਿੰਗ ਵਿੱਚ ਵਿਚਾਰਿਆ ਗਿਆ। ਪੰਜਾਬ ਸਰਕਾਰ ਨੇ 17 ਅਪਰੈਲ 2000 ਨੂੰ ਇਸ ਕੰਪਨੀ ਨਾਲ ਐੱਮਓਯੂ ਸਾਈਨ ਕੀਤਾ। ਸੱਤਾ ਤਬਦੀਲੀ ਮਗਰੋਂ ਕੈਪਟਨ ਸਰਕਾਰ ਨੇ ਜੀਵੀਕੇ ਪਾਵਰ ਲਿਮਟਿਡ ਨਾਲ ਦੁਬਾਰਾ 26 ਜੁਲਾਈ 2005 ਨੂੰ ਐੱਮਓਯੂ ਸਾਈਨ ਕੀਤਾ। ਮੁੜ ਹਕੂਮਤ ਬਦਲਣ ਕਰਕੇ ਗੱਠਜੋੜ ਸਰਕਾਰ ਨੇ ਤੀਸਰੀ ਦਫਾ ਇਸ ਕੰਪਨੀ ਨਾਲ ਐੱਮਓਯੂ ਸਾਈਨ ਕੀਤਾ ਅਤੇ 26 ਮਈ 2009 ਨੂੰ ਪਾਵਰ ਪਰਚੇਜ਼ ਐਗਰੀਮੈਂਟ ਕੀਤਾ। ਉਪਰੰਤ ਇਸ ਥਰਮਲ ਨੂੰ ਅਲਾਟ ਹੋਈ ਕੋਲਾ ਖਾਣ ਦਾ ਮਾਮਲਾ ਅਦਾਲਤ ਵਿਚ ਚਲਾ ਗਿਆ ਅਤੇ ਸਾਲ 2014 ਵਿਚ ਅਲਾਟਮੈਂਟ ਰੱਦ ਹੋ ਗਈ।

ਆਖਰ ਇਸ ਥਰਮਲ ਦੇ ਦੋਵੇਂ ਯੂਨਿਟ 6 ਅਪਰੈਲ ਅਤੇ 16 ਅਪਰੈਲ 2016 ਨੂੰ ਚਾਲੂ ਹੋ ਗਏ। ਥਰਮਲ ਪਲਾਂਟ ਵੱਲੋਂ ਕੇਂਦਰ ਸਰਕਾਰ ਦੀ ‘ਸ਼ਕਤੀ ਸਕੀਮ’ ਤਹਿਤ ਕੋਲਾ ਲਿਆ ਜਾ ਰਿਹਾ ਹੈ। ਜੀਵੀਕੇ ਨੇ ਪੇਸ਼ਕਸ਼ ਪੱਤਰ ‘ਚ ਕਿਹਾ ਕਿ ਕੋਲੇ ਦਾ ਪ੍ਰਵਾਨਿਤ ਰੇਟ 6000 ਰੁਪਏ ਪ੍ਰਤੀ ਟਨ ਹੈ ਜਦੋਂ ਕਿ ਉਹ 5500 ਰੁਪਏ ਪ੍ਰਤੀ ਟਨ ਕੋਲਾ ਖਰੀਦ ਰਹੇ ਹਨ। ਕੰਪਨੀ ਦਾ ਕਹਿਣਾ ਸੀ ਕਿ ਜੇਕਰ ਪਾਵਰਕੌਮ ਇਸ ਪਲਾਂਟ ਨੂੰ ਲੈਂਦਾ ਹੈ ਤਾਂ ਪਾਵਰਕੌਮ ਆਪਣੀ ਪਛਵਾੜਾ ਖਾਣ ਤੋਂ ਕੋਲਾ ਲੈ ਸਕੇਗਾ ਅਤੇ ਫਿਰ ਇਹ ਕੋਲਾ 4500 ਰੁਪਏ ਪ੍ਰਤੀ ਟਨ ਹੀ ਪਵੇਗਾ। ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਇਸ ਥਰਮਲ ਪਲਾਂਟ ਨੂੰ ਖਰੀਦਣ ਲਈ ਕਿੰਨਾ ਭਾਅ ਤੈਅ ਕਰਦੀ ਹੈ। ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਬਿਜਲੀ ਸਮਝੌਤਿਆਂ ਦੇ ਟੁੱਟਣ ਦੇ ਡਰੋਂ ਪ੍ਰਾਈਵੇਟ ਕੰਪਨੀਆਂ ਨਵਾਂ ਦਾਅ ਖੇਡ ਰਹੀਆਂ ਹਨ। ਕੈਪਟਨ ਸਰਕਾਰ ਵੱਲੋਂ ਵ੍ਹਾਈਟ ਪੇਪਰ ਵੀ ਲਿਆਂਦਾ ਜਾਣਾ ਹੈ।

ਥਰਮਲ ਕੰਪਨੀ ਮੰਦਹਾਲੀ ’ਚ ਡੁੱਬੀ
ਜੀਵੀਕੇ ਸਮੂਹ ਦੇ ਮਾੜੇ ਦਿਨ ਰਹੇ ਹਨ। ਸਾਲ 2020 ਜੁਲਾਈ ਵਿਚ ਹੀ ਸੀਬੀਆਈ ਵੱਲੋਂ ਇਸ ਸਮੂਹ ਦੇ ਚੇਅਰਮੈਨ ਜੀਵੀਕੇ ਰੈੱਡੀ ਅਤੇ ਉਨ੍ਹਾਂ ਦੇ ਲੜਕੇ ਜੀਵੀ ਸੰਜੇ ਰੈੱਡੀ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਸੀ ਜੋ ਕਿ ਮਨੀ ਲਾਂਡਰਿੰਗ ਨਾਲ ਸਬੰਧਤ ਹੈ। ਅਜਿਹੇ ਹਾਲਾਤ ਵਿੱਚ ਇਸ ਸਮੂਹ ਕੋਲੋਂ ਮੁੰਬਈ ਹਵਾਈ ਅੱਡਾ ਵੀ ਖੁੱਸ ਗਿਆ ਹੈ, ਜੋ ਹੁਣ ਅਡਾਨੀ ਗਰੁੱਪ ਕੋਲ ਚਲਾ ਗਿਆ ਸੀ। ਸੂਤਰ ਦੱਸਦੇ ਹਨ ਕਿ ਮਾਲੀ ਮੰਦੇ ਕਰਕੇ ਹੀ ਕੰਪਨੀ ਇਹ ਥਰਮਲ ਪਾਵਰਕੌਮ ਨੂੰ ਦੇਣ ਲਈ ਤਿਆਰ ਹੈ।

Exit mobile version