‘ਦ ਖ਼ਾਲਸ ਬਿਊਰੋ :- ਰੋਮ ਦੇ ਸ਼ਹਿਰ ਵੈਟੀਕਨ ‘ਚ ਸਥਿਤ ਕੈਥੋਲਿਕ ਚਰਚ ਦੇ ਮੁੱਖੀ ਪੋਪ ਫਰਾਂਸਿਸ ਨੇ ਕੋਰੋਨਾ ਮਹਾਂਮਾਰੀ ‘ਚ ਉਭਰੇ ਵਿਅਕਤੀਵਾਦੀ ਸਭਿਆਚਾਰ ਦੀ ਨਿੰਦਾ ਕੀਤੀ ਹੈ। ਜਿਸ ਨੇ ਸਮਾਜ ਦੇ ਕਮਜ਼ੋਰ ਮੈਂਬਰਾਂ ਦੀ ਸੰਭਾਲ ਨਹੀਂ ਕੀਤੀ ਹੈ।
ਫਰਾਂਸਿਸ ਨੇ ਕੱਲ੍ਹ 12 ਅਗਸਤ ਨੂੰ ਹਾਜ਼ਰੀਨ ਨੂੰ ਆਪਣੇ ‘ਨਿੱਜੀ ਤੇ ਸਮੂਹਕ ਵਿਅਕਤੀਵਾਦ’ ਤੋਂ ਉੱਪਰ ਉਠਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਕੋਰੋਨਾ ਵਾਇਰਸ ਬਿਨਾਂ ਵਿਤਕਰੇ ਤੋਂ ਹੀ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਿਹਾ ਹੈ। ਪੋਪ ਨੇ ਕਿਹਾ ਕਿ, ‘‘ਕੋਵਿਡ ਮਹਾਂਮਾਰੀ ਤੋਂ ਇਹ ਗੱਲ ਸਪਸ਼ਟ ਹੈ ਕਿ ਅਸੀਂ ਸਾਰੇ ਕਿੰਨੇ ਕਮਜ਼ੋਰ ਹਾਂ ਅਤੇ ਕਿੰਨਾ ਇੱਕ-ਦੂਜੇ ਨਾਲ ਜੁੜੇ ਹੋਏ ਹਾਂ, ਅਤੇ ਇਹ ਸਾਨੂੰ ਸਾਡੇ ਸਮਾਜ ਵਿੱਚ ਝੂਠੀ ਤੇ ਵਿਅਕਤੀਵਾਦੀ ਸੋਚ ਬਾਰੇ ਵੀ ਜਾਗਰੂਕ ਕਰਦੀ ਹੈ, ਜੋ ਮਨੁੱਖੀ ਮਾਣ-ਸਤਿਕਾਰ ਤੇ ਰਿਸ਼ਤਿਆਂ ਨੂੰ ਨਕਾਰਦੀ ਹੈ ਅਤੇ ਲੋਕਾਂ ਨੂੰ ਵਰਤੋਂ ਦੀਆਂ ਚੀਜ਼ਾਂ ਵਾਂਗ ਦੇਖਦੀ ਹੈ ਤੇ ਸੁੱਟਣ ਵਾਲਾ ਸਭਿਆਚਾਰ ਪੈਦਾ ਕਰਦੀ ਹੈ।’’
ਉਨ੍ਹਾਂ ਲੋਕਾਂ ਨੂੰ ਆਪਣੇ ਭੈਣ-ਭਰਾਵਾਂ, ਵਿਸ਼ੇਸ਼ ਤੌਰ ’ਤੇ ਜੋ ਕੋਰੋਨਾ ਨਾਲ ਪੀੜਤ ਹਨ, ਦੀ ਸੇਵਾ-ਸੰਭਾਲ ਕਰਨ ਤੇ ਹਰੇਕ ਵਿਅਕਤੀ, ਭਾਵੇਂ ਉਹ ਕਿਸੇ ਵੀ ਨਸਲ ਜਾਂ ਭਾਸ਼ਾ ਦਾ ਹੋਵੇ, ਵਿੱਚ ਮਨੁੱਖੀ ਸਤਿਕਾਰ ਦੀ ਭਾਵਨਾ ਨੂੰ ਪਛਾਨਣ ਦਾ ਸੱਦਾ ਦਿੱਤਾ।