Punjab

‘ਹੱਥ-ਪੈਰ ਤੋੜਨ ਦੇ 800!’ ‘ਕਤਲ ਕਰਨ ਦੇ 2000 ਰੁਪਏ!’

ਫ਼ਰੀਦਕੋਟ ਤੋਂ ਇੱਕ ਸਨਸਨੀਖ਼ੇਜ਼ ਪੋਸਟਰ ਸਾਹਮਣੇ ਆਇਆ ਹੈ। ਇਸ ਨੂੰ ਪੋਲੂ ਨਾਂ ਦੇ ਇੱਕ ਬਦਮਾਸ਼ ਵੱਲੋਂ ਜਾਰੀ ਕੀਤਾ ਗਿਆ ਹੈ ਜੋ ਨਿਗੂਣੇ ਜਿਹੇ ਪੈਸਿਆਂ ਬਦਲੇ ਵੱਡੇ ਅਪਰਾਧ ਕਰਨ ਦਾ ਦਾਅਵਾ ਕਰ ਰਿਹਾ ਹੈ। ਪੋਲੂ ਬਦਮਾਸ਼ ਦਾ ਇਹ ਇਸ਼ਤਿਹਾਰ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਪੋਸਟਰ ਵਿੱਚ ਪੋਲੂ ਨੇ ਹੱਥ ਵਿੱਚ ਪਿਸਤੌਲ ਫੜੀ ਹੋਈ ਹੈ।

ਇਸ ਇਸ਼ਤਿਹਾਰ ਵਿੱਚ ਪੋਲੂ ਬਦਮਾਸ਼ ਵੱਲੋਂ ਲਿਖਿਆ ਗਿਆ ਹੈ ਕਿ ਧਮਕੀ ਦੇਣ ਲਈ 500 ਰੁਪਏ, ਹੱਥ ਪੈਰ ਤੋੜਨ ਲਈ 800 ਰੁਪਏ ਅਤੇ ਜਾਨੋਂ ਮਾਰਨ ਲਈ 2000 ਰੁਪਏ ਬਦਲੇ ਪੋਲੂ ਬਦਮਾਸ਼ ਉਪਲੱਬਧ ਹੈ। ਇਸ਼ਤਿਹਾਰ ਦੇ ਅੰਤ ਵਿੱਚ ਪੋਲੂ ਬਦਮਾਸ਼ ਨੇ ਬਕਾਇਦਾ ਨੋਟ ਵੀ ਲਿਖਿਆ ਹੈ ਕਿ ਕੰਮ ਪੂਰੀ ਤਸੱਲੀ ਨਾਲ ਕੀਤਾ ਜਾਵੇਗਾ।

ਇਸ ਇਸ਼ਤਿਹਾਰ ਦੇ ਸਾਹਮਣੇ ਆਉਣ ਬਾਅਦ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜੇ ਕੀਤੇ ਜਾ ਰਹੇ ਹਨ ਕਿ ਹੁਣ ਅਪਰਾਧੀ ਕਿਸ ਤਰ੍ਹਾਂ ਸ਼ਰ੍ਹੇਆਮ ਆਪਣੇ ਅਪਰਾਧਾਂ ਦੀ ਮਸ਼ਹੂਰੀ ਕਰ ਰਹੇ ਹਨ ਤੇ ਪੁਲਿਸ ਕੁਝ ਨਹੀਂ ਕਰ ਰਹੀ।

ਹਾਲਾਂਕਿ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਰੀਦਕੋਟ ਦੇ ਸੀ.ਆਈ.ਐਫ ਸਟਾਫ ਇੰਚਾਰਜ ਮੁਤਾਬਕ ਉਕਤ ਵੀਡੀਓ ਫਰੀਦਕੋਟ ਜ਼ਿਲ੍ਹੇ ਦੇ ਸਾਦਿਕ ਇਲਾਕੇ ਦੀ ਹੈ। ਪੁਲਿਸ ਨੇ ਵਾਇਰਲ ਵੀਡੀਆ ਦੇ ਆਧਾਰ ’ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।