Khetibadi Punjab

ਜਲੰਧਰ ‘ਚ ਕਿਸਾਨਾਂ ਨਾਲ MLA ਇੰਦਰਜੀਤ ਦੀ ਤਕਰਾਰ ’ਤੇ ਭੜਕੀ ਸਿਆਸਤ! ਕਿਸਾਨਾਂ ਵੱਲੋਂ ਵੀ ਤਿੱਖਾ ਵਿਰੋਧ

ਬਿਊਰੋ ਰਿਪੋਰਟ (3 ਸਤੰਬਰ): ਜਲੰਧਰ ਜ਼ਿਲ੍ਹੇ ਦੇ ਨਕੋਦਰ ਤੋਂ ਆਮ ਆਦਮੀ ਪਾਰਟੀ (AAP) ਦੀ ਵਿਧਾਇਕ ਇੰਦਰਜੀਤ ਕੌਰ ਮਾਨ ਅਤੇ ਕਿਸਾਨਾਂ ਵਿਚਾਲੇ ਹੋਈ ਤਕਰਾਰ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਰੋਧੀ ਧਿਰ ਨੇ AAP ’ਤੇ ਨਿਸ਼ਾਨਾ ਸਾਧਿਆ ਹੈ। ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਇੰਦਰਜੀਤ ਕੌਰ ਦੇ ਰਵੱਈਏ ’ਤੇ ਸਵਾਲ ਖੜ੍ਹੇ ਕੀਤੇ ਹਨ।

ਖਹਿਰਾ ਨੇ ਕਿਹਾ ਕਿ MLA ਇੰਦਰਜੀਤ ਕੌਰ ਨੇ ਕਿਸਾਨਾਂ ਨੂੰ ਕਹਿ ਕੇ ਧਮਕਾਇਆ ਕਿ ਆ ਜਾਂਦੇ ਹੋ ਹਰੀ ਪੱਗ ਤੇ ਗਲੇ ’ਚ ਕੱਪੜਾ ਪਾ ਕੇ। ਖਹਿਰਾ ਨੇ ਤੰਜ਼ ਕੀਤਾ ਕਿ ਬੀਬੀ ਜੀ ਇੰਨਾ ਹੰਕਾਰ ਚੰਗਾ ਨਹੀਂ। ਉਨ੍ਹਾਂ ਦਾ ਇਲਜ਼ਾਮ ਹੈ ਕਿ ਹੜ੍ਹ ਵਰਗੀ ਆਫ਼ਤ ਵਿੱਚ ਜਿੱਥੇ ਲੋਕਾਂ ਨੂੰ ਇਕੱਠੇ ਹੋ ਕੇ ਮਦਦ ਦੀ ਲੋੜ ਹੈ, ਓਥੇ AAP ਦੇ ਲੀਡਰ ਕਿਸਾਨਾਂ ਦੀ ਬੇਇਜ਼ਤੀ ਕਰ ਰਹੇ ਹਨ।

ਉੱਧਰ ਕਿਸਾਨਾਂ ਦਾ ਕਹਿਣਾ ਹੈ ਕਿ ਹਰ ਸਾਲ ਹੜ੍ਹ ਨਾਲ ਇਹੀ ਹਾਲਤ ਬਣਦੀ ਹੈ ਪਰ ਪਰਸ਼ਾਸਨ ਵੱਲੋਂ ਪਹਿਲਾਂ ਹੀ ਪੱਕੇ ਇੰਤਜ਼ਾਮ ਨਹੀਂ ਕੀਤੇ ਜਾਂਦੇ। ਉਨ੍ਹਾਂ ਨੇ ਪੁੱਛਿਆ ਕਿ ਬੰਨ੍ਹ ਨੂੰ ਸਮੇਂ ਸਿਰ ਮਜ਼ਬੂਤ ਕਿਉਂ ਨਹੀਂ ਕੀਤਾ ਗਿਆ। ਇਸ ’ਤੇ MLA ਇੰਦਰਜੀਤ ਮਾਨ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਕੰਮ ਜਾਰੀ ਹੈ ਅਤੇ ਦਰਿਆ ਵਿੱਚ ਪੱਥਰ ਪਾਉਣ ਦਾ ਕੰਮ ਵੀ ਚੱਲ ਰਿਹਾ ਹੈ। ਤਕਰਾਰ ਵਧਣ ’ਤੇ ਉਨ੍ਹਾਂ ਨੇ ਗੁੱਸੇ ’ਚ ਸਰਪੰਚ ਨੂੰ ਮੌਕੇ ਤੋਂ ਜਾਣ ਲਈ ਕਹਿ ਦਿੱਤਾ।

ਵਿਧਾਇਕ ਇੰਦਰਜੀਤ ਮਾਨ ਨੇ ਦਾਅਵਾ ਕੀਤਾ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਮਸ਼ੀਨਾਂ ਤੇ ਮਿੱਟੀ ਦੇ ਬੋਰੇ ਲਗਾ ਕੇ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਸਿਆਸਤ ਛੱਡ ਕੇ ਸਾਰੇ ਮਿਲ ਕੇ ਇਸ ਆਫ਼ਤ ਦਾ ਸਾਹਮਣਾ ਕਰਨ। ਪਰ ਜਦੋਂ ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਹਰੀ ਪੱਗ ਤੇ ਗਲੇ ’ਚ ਸਾਫ਼ੇ ਪਾ ਕੇ ਸੇਵਾ ਨਹੀਂ ਸਗੋਂ ਸਿਰਫ਼ ਦਿਖਾਵਾ ਕਰ ਰਹੇ ਹਨ, ਤਦੋਂ ਵਿਵਾਦ ਹੋਰ ਵਧ ਗਿਆ।