Punjab

ਸਬ-ਇੰਸਪੈਕਟਰ ਦੀ ਗੋਲੀ ਮਾਰਨ ਦੇ ਮਾਮਲੇ ‘ਚ ਸਿਆਸਤ ਤੇਜ਼, ਵਿਰੋਧੀਆਂ ਨੇ ਘੇਰੀ ਪੰਜਾਬ ਸਰਕਾਰ

ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੋਟ ਮੁਹੰਮਦ ਖਾਨ ਵਿੱਚ ਪੰਜਾਬ ਪੁਲਿਸ ਦੇ ਇੱਕ ਸਬ-ਇੰਸਪੈਕਟਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਇਸ ਮਾਮਲੇ ’ਤੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਵੜਿੰਗ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ, ਪਰ ਇਸਦੀ ਜ਼ਿੰਮੇਵਾਰੀ ਪੁਲਿਸ ‘ਤੇ ਹੈ। ਟਵੀਟ ਕਰਦਿਆਂ ਵੜਿੰਗ ਨੇ ਕਿਹਾ ਕਿ ਮਾਰਨ ਦਾ ਲਾਇਸੈਂਸ! ਪੁਲਿਸ ਸਬ ਇੰਸਪੈਕਟਰ ਦੇ ਦੁਖੀ ਪਰਿਵਾਰ ਨਾਲ ਸਾਡੀ ਦਿਲੀ ਹਮਦਰਦੀ ਹੈ। ਹਾਲਾਂਕਿ ਇਹ ਇੱਕ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ, ਪਰ ਇਸਦੀ ਜ਼ਿੰਮੇਵਾਰੀ ਪੁਲਿਸ ‘ਤੇ ਹੈ।

ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਅਸਫਲ ਰਹੀ, ਇਸ ਤਰ੍ਹਾਂ ਲੱਗਦਾ ਹੈ ਕਿ ਇਸਨੇ ਆਪਣੇ ਵਰਕਰਾਂ ਨੂੰ “ਕਤਲ ਕਰਨ ਦਾ ਲਾਇਸੈਂਸ” ਦੇ ਦਿੱਤਾ ਹੈ। ਪਾਰਟੀ ਦੇ ਇੱਕ ‘ਸਰਪੰਚ’ ਨੇ ਆਪਣੇ ਸਾਥੀਆਂ ਦੇ ਸਾਹਮਣੇ ਇੱਕ ਪੁਲਿਸ ਸਬ ਇੰਸਪੈਕਟਰ ਨੂੰ ਮਾਰਨ ਦੀ ਹਿੰਮਤ ਕੀਤੀ। ਉਮੀਦ ਹੈ ਕਿ ਦੋਸ਼ੀ ਨੂੰ ਮਿਸਾਲੀ ਸਜ਼ਾ ਮਿਲੇਗੀ।

ਇਹ ਸਿੱਧਾ ਕਾਨੂੰਨ ਵਿਵਸਥਾ ਦੀ ਨਾਕਾਮੀ ਹੈ।

ਇਸਤੋਂ ਇਲਾਵਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਸਬ-ਇੰਸਪੈਕਟਰ ਚਰਨਜੀਤ ਸਿੰਘ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹੀਦ ਸਬ-ਇੰਸਪੈਕਟਰ ਚਰਨਜੀਤ ਸਿੰਘ ਦੀ ਬਹਾਦੁਰੀ ਅਤੇ ਫ਼ਰਜ਼ ਲਈ ਸ਼ਹਾਦਤ ਨੂੰ ਸਿਰ ਝੁਕਾ ਕੇ ਸ਼ਰਧਾਂਜਲੀ। ਬਿੱਟੂ ਨੇ ਕਿਹਾ ਕਿ ਤਰਨਤਾਰਨ ਦੇ ਪਿੰਡ ਕੋਟ ਮੁਹੰਮਦ ਖਾਨ ‘ਚ ਆਮ ਆਦਮੀ ਪਾਰਟੀ ਦੇ ਸਰਪੰਚ ਵੱਲੋਂ ਉਨ੍ਹਾਂ ਦੀ ਨਿਰਦੈਤਾ ਨਾਲ ਹੱਤਿਆ ਕੀਤੀ ਗਈ। ਇਹ ਅਤਿ ਨਿੰਦਣਯੋਗ ਅਤੇ ਚਿੰਤਾਜਨਕ ਘਟਨਾ SHO ਅਤੇ DSP ਦੀ ਮੌਜੂਦਗੀ ‘ਚ ਵਾਪਰਨਾ ਸਿਸਟਮ ‘ਤੇ ਵੱਡਾ ਸਵਾਲ ਹੈ।

ਬਿੱਟੂ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੇ ਨੇਤਾ ਪੁਲਿਸ ਉੱਤੇ ਹਮਲਾ ਕਰਨ ਲੱਗ ਪੈਣ ਅਤੇ ਸਰਕਾਰ ਚੁੱਪ ਦਰਸ਼ਕ ਬਣੀ ਰਹੇ, ਤਾਂ ਇਹ ਸਿੱਧਾ ਕਾਨੂੰਨ ਵਿਵਸਥਾ ਦੀ ਨਾਕਾਮੀ ਹੈ। ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਵਾਲੇ ਸਰਪੰਚ ਅਤੇ ਉਸਦੇ ਸਾਥੀਆਂ ਨੂੰ ਕਦੇ ਵੀ ਬਖ਼ਸ਼ਿਆ ਨਹੀਂ ਜਾਵੇਗਾ। ਸ਼ਹੀਦ ਦੇ ਪਰਿਵਾਰ ਨਾਲ ਪੂਰੀ ਹਮਦਰਦੀ ਹੈ ਅਤੇ ਜ਼ਖਮੀ ਮੁਲਾਜ਼ਮਾਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕਰਦੇ ਹਾਂ।

ਕਾਨੂੰਨ ਵਿਵਸਥਾ ਦੀ ਸਥਿਤੀ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਨੇ ਸਬ-ਇੰਸਪੈਕਟਰ ਚਰਨਜੀਤ ਸਿੰਘ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ। ਪੁਲਿਸ ਥਾਣਿਆਂ ‘ਤੇ ਲਗਾਤਾਰ ਗ੍ਰਨੇਡ ਹਮਲਿਆਂ ਦੇ ਵਿਚਕਾਰ, ਅਪਰਾਧੀ ਹੌਸਲੇ ਬੁਲੰਦ ਕਰ ਗਏ ਹਨ, ਪੂਰੀ ਜਨਤਾ ਦੇ ਸਾਹਮਣੇ ਪੁਲਿਸ ਵਾਲਿਆਂ ਦੀ ਬੇਸ਼ਰਮੀ ਨਾਲ ਹੱਤਿਆ ਕਰ ਰਹੇ ਹਨ।

ਤਰਨਤਾਰਨ ਵਿੱਚ, ਸੱਤਾਧਾਰੀ ਆਮ ਆਦਮੀ ਪਾਰਟੀ ਦੇ ਗੁੰਡਿਆਂ ਨੇ ਇੱਕ ਡੀਐਸਪੀ ਦੇ ਸਾਹਮਣੇ ਸਬ-ਇੰਸਪੈਕਟਰ ਚਰਨਜੀਤ ਸਿੰਘ ਨੂੰ ਗੋਲੀ ਮਾਰ ਦਿੱਤੀ ਹੈ ਅਤੇ ਦੋ ਹੋਰ ਪੁਲਿਸ ਵਾਲਿਆਂ ਨੂੰ ਜ਼ਖਮੀ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਸ਼ਹੀਦ ਅਧਿਕਾਰੀ ਦੇ ਪਰਿਵਾਰ ਨਾਲ ਇੱਕਮੁੱਠਤਾ ਵਿੱਚ ਖੜ੍ਹਾ ਹੈ ਅਤੇ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕਰਦਾ ਹੈ।

ਇਸ ਤੋਂ ਇਲਾਵਾ, ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਵਿਆਪਕ ਕੁਧਰਮ ਨੂੰ ਰੋਕਣ ਵਿੱਚ ਅਸਫਲ ਰਹਿਣ ਲਈ ਅਸਤੀਫਾ ਦੇ ਦੇਣਾ ਚਾਹੀਦਾ ਹੈ, ਖਾਸ ਕਰਕੇ ਜਦੋਂ ਉਨ੍ਹਾਂ ਦੀ ਆਪਣੀ ਪਾਰਟੀ ਦੇ ਮੈਂਬਰ ਅਰਾਜਕਤਾ ਦੀ ਸਥਿਤੀ ਨੂੰ ਕਾਇਮ ਰੱਖਦੇ ਹਨ।