India Punjab

ਚੰਨੀ ਦੇ ਬਿਆਨ ‘ਤੇ ਭਖੀ ਸਿਆਸਤ, BJP ਆਗੂ ਨੇ ਕਾਂਗਰਸ ਪਾਰਟੀ ਨੂੰ ਦਿੱਤਾ ‘ਗਦਾਰਾਂ ਦੀ ਟੋਲੀ’ ਕਰਾਰ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਸਰਜੀਕਲ ਸਟ੍ਰਾਈਕ ‘ਤੇ ਦਿੱਤੇ ਗਏ ਬਿਆਨ ‘ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਨ੍ਹਾਂ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੱਤੀ ਹੈ।

ਉਨ੍ਹਾਂ ਕਿਹਾ, “ਇਹ ਮੰਦਭਾਗਾ ਹੈ। ਉਹ ਇਹ ਨਹੀਂ ਦੇਖ ਸਕਦੇ ਕਿ ਇੰਨਾ ਵੱਡਾ ਹਮਲਾ ਹੋਇਆ ਹੈ। ਉੜੀ ਵਿੱਚ ਇੰਨਾ ਵੱਡਾ ਹਮਲਾ ਹੋਇਆ, ਉਨ੍ਹਾਂ ਨੇ ਇਹ ਵੀ ਨਹੀਂ ਦੇਖਿਆ। ਉਹ ਆਪਣੀ ਭਾਸ਼ਾ ਨਹੀਂ, ਸਗੋਂ ਕਿਤੇ ਹੋਰ ਦੀ ਭਾਸ਼ਾ ਬੋਲ ਰਹੇ ਹਨ।”

ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਦੇ ਭਾਜਪਾ ਨੇਤਾ ਰਵਿੰਦਰ ਰੈਣਾ ਨੇ ਕਾਂਗਰਸ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਬਿਆਨ ‘ਤੇ ਕਾਂਗਰਸ ਪਾਰਟੀ ਨੂੰ ‘ਗੱਦਾਰਾਂ ਦੀ ਟੋਲੀ’ ਕਰਾਰ ਦਿੱਤਾ।

ਉਨ੍ਹਾਂ ਕਿਹਾ, “ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅੱਤਵਾਦੀ ਕੈਂਪਾਂ ‘ਤੇ ਇੱਕ ਵੱਡਾ ਸਰਜੀਕਲ ਸਟ੍ਰਾਈਕ ਕੀਤਾ ਗਿਆ ਸੀ। ਉਸ ਸਰਜੀਕਲ ਸਟ੍ਰਾਈਕ ਦੇ ਸਬੂਤ ਮੰਗ ਕੇ, ਕਾਂਗਰਸ ਪਾਰਟੀ ਨੇ ਇੱਕ ਵਾਰ ਫਿਰ ਦੇਸ਼ ਨਾਲ ਧੋਖਾ ਕੀਤਾ ਹੈ।” ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਭਾਰਤੀ ਫੌਜ ਦੀ ਬਹਾਦਰੀ ਅਤੇ ਹਿੰਮਤ ‘ਤੇ ਸਵਾਲ ਖੜ੍ਹੇ ਕੀਤੇ ਹਨ। ਇਹ ਕਾਂਗਰਸ ਪਾਰਟੀ ਗੱਦਾਰਾਂ ਦਾ ਇੱਕ ਟੋਲਾ ਹੈ ਜਿਨ੍ਹਾਂ ਨੇ ਹਮੇਸ਼ਾ ਭਾਰਤ ਮਾਤਾ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ।

ਦੱਸ ਦਈਏ ਕਿ ਲੰਘੇ ਕੱਲ੍ਹ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਸਰਜੀਕਲ ਸਟ੍ਰਾਈਕ ‘ਤੇ ਸਵਾਲ ਉਠਾਏ ਸਨ।

ਉਨ੍ਹਾਂ ਕਿਹਾ ਸੀ ਕਿ ਅੱਜ ਤੱਕ ਮੈਨੂੰ ਇਹ ਪਤਾ ਨਹੀਂ ਲੱਗ ਸਕਿਆ ਕਿ ਹਮਲੇ ਕਿੱਥੇ ਹੋਏ ਸਨ। ਉਸ ਸਮੇਂ ਲੋਕ ਕਿੱਥੇ ਮਾਰੇ ਗਏ ਸਨ? ਉਸ ਸਮੇਂ ਪਾਕਿਸਤਾਨ ਵਿੱਚ ਇਹ ਕਿੱਥੇ ਹੋਇਆ ਸੀ? ਜੇਕਰ ਸਾਡੇ ਦੇਸ਼ ਵਿੱਚ ਬੰਬ ਡਿੱਗਦਾ ਹੈ, ਤਾਂ ਕੀ ਸਾਨੂੰ ਪਤਾ ਨਹੀਂ ਲੱਗੇਗਾ? ਚੰਨੀ ਨੇ ਕਿਹਾ ਕਿ ਉਹ ਕਹਿੰਦੇ ਹਨ ਕਿ ਅਸੀਂ ਪਾਕਿਸਤਾਨ ਵਿੱਚ ਸਰਜੀਕਲ ਸਟ੍ਰਾਈਕ ਕੀਤੀ। ਕੁਝ ਨਹੀਂ ਹੋਇਆ, ਸਰਜੀਕਲ ਸਟ੍ਰਾਈਕ ਕਿਤੇ ਵੀ ਦਿਖਾਈ ਨਹੀਂ ਦਿੱਤੀ। ਕਿਸੇ ਨੂੰ ਪਤਾ ਨਹੀਂ ਲੱਗਾ।”

ਚੰਨੀ ਨੇ ਕਿਹਾ ਸੀ ਕਿ ਮੈਂ ਹਮੇਸ਼ਾ ਸਬੂਤ ਮੰਗਦਾ ਰਿਹਾ ਹਾਂ। ਪਰ ਅੱਜ ਦੇਸ਼ ਦੇ ਲੋਕਾਂ ਨੂੰ ਆਪਣੇ ਜ਼ਖ਼ਮਾਂ ਲਈ ਇਲਾਜ ਦੀ ਲੋੜ ਹੈ। ਅਸੀਂ ਮੰਗ ਕਰਦੇ ਹਾਂ ਕਿ ਤੁਸੀਂ ਕੁਝ ਕਰੋ, ਦੇਸ਼ ਨੂੰ ਦੱਸੋ ਕਿ ਉਹ ਆਦਮੀ ਕੌਣ ਹੈ ਅਤੇ ਉਸਨੂੰ ਸਜ਼ਾ ਦਿਓ।