‘ਦ ਖ਼ਾਲਸ ਬਿਊਰੋ : ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਲੋਕ ਸਭਾ ਹਲਕਾ ਸੰਗਰੂਰ ਸਮੇਤ ਛੇ ਰਾਜਾਂ ਦੀ ਜ਼ਿਮਨੀ ਚੋਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਰਾਜਾਂ ਵਿੱਚ ਚੋਣ ਲਈ ਵੋਟਾਂ 23 ਜੂਨ ਨੂੰ ਪੈਣਗੀਆਂ ਜਦਕਿ ਨਤੀਜੇ ਦਾ ਐਲਾਨ 26 ਨੂੰ ਕੀਤਾ ਜਾਵੇਗਾ। ਨਾਮਜ਼ਦਗੀਆਂ ਦਾਖਲ ਕਰਨ ਦੀ ਤਰੀਕ 6 ਜੂਨ ਦਿੱਤੀ ਗਈ ਹੈ। ਲੋਕ ਸਭਾ ਹਲਕਾ ਸੰਗਰੂਰ ਦੀ ਸੀਟ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋਈ ਸੀ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਇੱਥੋਂ ਚੋਣ ਲੜਨ ਦਾ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ। ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਮਾਨ ਦੀ ਭੈਣ ਮਨਪ੍ਰੀਤ ਕੌਰ ਨੂੰ ਮੈਦਾਨ ‘ਚ ਉਤਾਰੇ ਜਾਣ ਦੀ ਚਰਚਾ ਹੈ। ਪਹਿਲਾਂ ਆਪ ਵੱਲੋਂ ਮਾਨ ਦੇ ਮਿੱਤਰ ਅਤੇ ਫਿਲਮੀ ਕਲਾਕਾਰ ਕਰਮਜੀਤ ਅਨਮੋਲ ਦਾ ਨਾਂ ਬੋਲਦਾ ਰਿਹਾ ਹੈ।ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੀ ਦੀ ਅੱਖ ਵੀ ਇਸ ਹਲਕੇ ਵੱਲ ਦੱਸੀ ਜਾ ਰਹੀ ਸੀ। ਅਕਾਲੀ ਦਲ ਅਤੇ ਭਾਜਪਾ ਨੇ ਹਾਲੇ ਤੱਕ ਆਪਣੇ ਪੱਤੇ ਨਹੀਂ ਖੋਲੇ ਹਨ। ਸੰਯੁਕਤ ਕਿਸਾਨ ਮੋਰਚਾ ਵੀ ਚੋਣ ਲੜਨ ਦੀ ਇੱਛਾ ਪ੍ਰਗਟ ਕਰ ਚੁੱਕਾ ਹੈ।
ਜਿਹੜੇ ਹੋਰ ਰਾਜਾਂ ਵਿੱਚ ਲੋਕ ਸਭਾ ਦੀ ਜਿਮਣੀ ਚੋਣ ਹੋਵੇਗੀ, ਉਨ੍ਹਾਂ ਵਿੱਚ ਉਤਰ ਪ੍ਰਦੇਸ਼, ਤ੍ਰਿਪੁਰਾ, ਆਂਧਰਾ ਪ੍ਰਦੇਸ਼ , ਦਿੱਲੀ ਅਤੇ ਝਾਰਖੰਡ ਸ਼ਾਮਲ ਹਨ। ਚੋਣ ਕਮਿਸ਼ਨ ਨੇ 28 ਜੂਨ ਤੱਕ ਚੋਣ ਅਮਲ ਮੁਕੰਮਲ ਕਰਨ ਦੀ ਹਦਾਇਤ ਦਿੱਤੀ ਹੈ। ਜ਼ਿਮਨੀ ਚੋਣ ਲਈ ਨੋਟੀਫਿਕੇਸ਼ਨ 30 ਮਈ ਨੂੰ ਜਾਰੀ ਹੋਵੇਗਾ।