India

ਸੰਤ ਬਾਬਾ ਰਾਮ ਸਿੰਘ ਜੀ ਦੇ ਅੰਤਿਮ ਦਰਸ਼ਨਾਂ ਲਈ ਕਿਸਾਨਾਂ ਸਣੇ ਪੁੱਜੇ ਸਿਆਸੀ ਲੀਡਰ

‘ਦ ਖ਼ਾਲਸ ਬਿਊਰੋ :- ਦਿੱਲੀ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ ਕੱਲ੍ਹ 16 ਦਸੰਬਰ ਨੂੰ ਸੰਤ ਬਾਬਾ ਰਾਮ ਸਿੰਘ ਜੀ ਨੇ ਖੁਦਕੁਸ਼ੀ ਕਰ ਲਈ, ਜਿਸ ਮਗਰੋਂ ਅੱਜ ਬਾਬਾ ਰਾਮ ਸਿੰਘ ਜੀ ਦੇ ਮਰਹੂਮ ਸਰੀਰ ਨੂੰ ਉਨ੍ਹਾਂ ਦੇ ਪਿੰਡ ਸੀਂਘੜਾ ਦੇ ਨਾਨਕਸਰ ਗੁਰਦੁਆਰਾ ਸਾਹਿਬ ‘ਚ ਰੱਖਿਆ ਗਿਆ ਹੈ। ਇਸ ਦੌਰਾਨ ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ‘ਚ ਲੋਕ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਪੁੱਜ ਰਹੇ ਹਨ।
ਇਸ ਮੌਕੇ ਕਿਸਾਨ ਲੀਡਰਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਸਿਆਸੀ ਲੀਡਰ ਵੀ ਸੰਤ ਬਾਬਾ ਰਾਮ ਸਿੰਘ ਦੇ ਅੰਤਿਮ ਦਰਸ਼ਨਾਂ ਲਈ ਪੁੱਜੇ। ਹਰਿਆਣਾ ਦੇ ਕਿਸਾਨ ਲੀਡਰ ਗੁਰਮਾਨ ਸਿੰਘ ਚਡੂਨੀ ਤਾਂ ਸੰਤ ਬਾਬਾ ਰਾਮ ਸਿੰਘ ਦੇ ਅੰਤਿਮ ਦਰਸ਼ਨਾਂ ਮੌਕੇ ਰੋਂਦੇ ਵੀ ਨਜ਼ਰ ਆਏ। ਇਸ ਤੋਂ ਇਲਾਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹਰਸਿਮਰਤ ਬਾਦਲ ਸਮੇਤ ਕਈ ਹੋਰ ਅਕਾਲੀ ਆਗੂ ਵੀ ਨਾਨਕਸਰ ਗੁਰਦੁਆਰਾ ਸਾਹਿਬ ਪੁੱਜੇ ਹਨ।

ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਬਾਦਲ ਨੇ ਕਿਹਾ ਕਿ ਆਪਣੇ ਹੱਕਾਂ ਲਈ ਦਿੱਲੀ ਵਿੱਖੇ ਅੰਦੋਲਨ ਕਰ ਰਹੇ ਕਿਸਾਨਾਂ ਦਾ ਦੁੱਖ ਨਾ ਸਹਾਰਦੇ ਹੋਏ ਦੇਹ ਤਿਆਗ ਗਏ ਸੰਤ ਬਾਬਾ ਰਾਮ ਸਿੰਘ ਜੀ ਨਾਨਕਸਰ ਵਾਲਿਆਂ ਦੇ ਸੀਂਗੜਾ ਵਿਖੇ ਅੰਤਿਮ ਦਰਸ਼ਨ ਕੀਤੇ ਅਤੇ ਸ਼ਰਧਾਂਜਲੀ ਭੇਟ ਕੀਤੀ। ਵਾਹਿਗੁਰੂ ਜੀ ਸੰਤ ਜੀ ਦੀ ਨੇਕ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਅਤੇ ਸਮੂਹ ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।

ਦੱਸਣਯੋਗ ਹੈ ਕਿ 18 ਦਸੰਬਰ ਯਾਨਿ ਕਿ ਕੱਲ੍ਹ ਸਵੇਰੇ ਸੰਤ ਰਾਮ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸੰਤ ਜੀ ਦੀ ਮੌਤ ਕਾਰਨ ਧਾਰਮਿਕ ਤੇ ਸਿਆਸੀ ਜਗਤ ‘ਚ ਮਾਤਮ ਦਾ ਮਾਹੌਲ ਪਸਰਿਆ ਹੋਇਆ। ਇਸ ਤੋਂ ਪਹਿਲਾ ਕਰਨਾਲ ਦੇ ਕਲਪਨਾ ਚਾਵਲਾ ਮੈਡੀਕਲ ਹਸਪਤਾਲ ‘ਚ ਸੰਤ ਬਾਬਾ ਰਾਮ ਸਿੰਘ ਜੀ ਦੇ ਮਰਹੂਮ ਸਰੀਰ ਦਾ ਪੋਸਟਮਾਰਟਮ ਹੋਇਆ.. ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਸੰਗਤਾਂ ਦੀ ਹਾਜ਼ਰੀ ਵਿੱਚ ਉਨਾਂ ਦੀ ਮ੍ਰਿਤਕ ਦੇਹ ਨੂੰ ਸੀਂਘੜਾ ਪਿੰਡ ਲਿਜਾਇਆ ਗਿਆ।