India Punjab

ਸਿਆਸੀ ਲੀਡਰ ਪੂਰਾ ਸਾਲ ਹੁੰਦੇ ਰਹੇ ਮਿਹਣੋਂ-ਮਿਹਣੀ

‘ਦ ਖ਼ਾਲਸ ਬਿਊਰੋੇ : ਪੰਜਾਬ ਦੀਆਂ ਚੋਣਾਂ ਸਿਰ ‘ਤੇ ਹਨ। ਚੋਣ ਪ੍ਰਚਾਰ ਵਿੱਚੋਂ ਮੁੱਦੇ ਗਾਇਬ ਹਨ। ਤੋਹਮਤਬਾਜ਼ੀ ਉੱਤੇ ਪੂਰਾ ਜ਼ੋਰ ਲੱਗਾ ਹੋਇਆ ਹੈ। ਇਹ ਵਰਤਾਰਾ ਚੋਣਾਂ ਨੇੜੇ ਆਉਣ ਕਰਕੇ ਸ਼ੁਰੂ ਨਹੀਂ ਹੋਇਆ ਸਗੋਂ ਪੂਰਾ ਸਾਲ ਇਲ ਜ਼ਾਮਬਾਜ਼ੀ ਵਿੱਚ ਨਿਕਲ ਗਿਆ ਹੈ। ਇਹ ਪਹਿਲੀ ਵਾਰ ਹੈ ਕਿ ਜਦੋਂ ਕਾਲੇ-ਗੋਰੇ ਅੰਗਰੇਜ਼ ਤੋਂ ਲੈ ਕੇ ਵਿਸ਼ਵਾਸਘਾਤਜੀਤ ਸਿੰਘ ਦੇ ਮਿਹਣੇ ਵੱਜੇ, ਪਾਗਲ ਹੋਣ ਦਾ ਖਿਤਾਬ ਵੀ ਦਿੱਤਾ ਗਿਆ। ਇੱਥੇ ਹੀ ਬਸ ਨਹੀਂ, ਕਿਸੇ ਵੀ ਪਾਰਟੀ ਵੱਲੋਂ ਆਪਣੇ ਭਾਸ਼ਣ ਨੂੰ ਪੰਜਾਬ ਮੁੱਦਿਆਂ ਉੱਤੇ ਕੇਂਦਰਿਤ ਨਹੀਂ ਕੀਤਾ ਗਿਆ। ਇਸਦੇ ਉਲਟ ਪੰਜਾਬੀਆਂ ਨੂੰ ਮੁਫ਼ਤਖੋਰੇ ਹੋਣ ਦਾ ਚੋਗਾ ਪਾਇਆ ਜਾਂਦਾ ਰਿਹਾ ਹੈ ਜਾਂ ਫਿਰ ਪਾਰਟੀ ਵਰਕਰਾਂ ਨੂੰ ਭੜਕਾਉਣ ਲਈ ਸੱਤਾ ਆਉਣ ਉੱਤੇ ਇੱਕ-ਦੂਜੇ ਨੂੰ ਜੇਲ੍ਹਾਂ ਅੰਦਰ ਸੁੱਟਣ ਦੀ ਚਿ ਤਾਵਨੀ ਦਿੱਤੀ ਜਾਂਦੀ ਰਹੀ। ਅਸਲ ਵਿੱਚ ਬਦਲਾਖੋਰੀ ਦੀ ਸਿਆਸਤ ਨਵੀਂ ਨਹੀਂ ਪਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖੁੰਡਾ ਖੜਕਾਉਣ ਦੀ ਗੱਲ ਨੂੰ ਜਦੋਂ ਲੋਕਾਂ ਨੇ ਥੱਲੇ ਨਾ ਡਿੱਗਣ ਦਿੱਤਾ ਤਾਂ ਸਿਆਸਤਦਾਨਾਂ ਦੀ ਮਾੜੀ ਮਾਨਸਿਕਤਾ ਨੂੰ ਹੋਰ ਬਲ ਮਿਲਿਆ। ਨਵਜੋਤ ਸਿੰਘ ਸਿੱਧੂ ਦੇ ਚੁੱਭਵੇਂ ਬੋਲ ਬੋਲ ਕੇ ਵਾਹ-ਵਾਹ ਖੱਟਣ ਦੀ ਪ੍ਰਵਿਰਤੀ ਨੇ ਦੂਜੇ ਨੇਤਾਵਾਂ ਨੂੰ ਵੀ ਬਦਲਾਖੋਰੀ ਲੈਣ ਲਈ ਭੜਕਾਇਆ।

ਸਭ ਤੋਂ ਪਹਿਲਾਂ ਗੱਲ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਤਾਜਾ ਬਿਆਨ ਤੋਂ ਕਰੀਏ ਤਾਂ ਉਨ੍ਹਾਂ ਵੱਲੋਂ ਸਿਆਸੀ ਲੀਡਰਾਂ ਤੋਂ ਲਾਂਭੇ ਹੋ ਕੇ ਪੁਲਿਸ ਉੱਤੇ ਸਾਧਿਆ ਨਿਸ਼ਾਨਾ ਵੱਡਾ ਮੁੱਦਾ ਬਣ ਗਿਆ ਹੈ। ਉਨ੍ਹਾਂ ਨੇ ਕਾਂਗਰਸੀ ਨੇਤਾ ਨਵਤੇਜ ਸਿੰਘ ਚੀਮਾ ਵੱਲੋਂ ਇਸ਼ਾਰਾ ਕਰਦਿਆਂ ਕਹਿ ਦਿੱਤਾ ਕਿ ਇਹ ਉਹ ਲਠ ਬੰਦਾ ਹੈ ਜਿਹੜਾ ਦਬਕਾ ਮਾਰ ਕੇ ਥਾਣੇਦਾਰ ਦੀ ਪੈਂਟ ਗਿੱਲੀ ਕਰ ਦਿੰਦਾ ਹੈ। ਸਿੱਧੂ ਲਈ ਜਾਂਦਾ ਸਾਲ ਨਮੋਸ਼ੀ ਵਾਲਾ ਹੋ ਨਿੱਬੜਿਆ ਜਦੋਂ ਉਨ੍ਹਾਂ ਨੂੰ ਸੁਭਾਅ ਦੇ ਉਲਟ ਪੁਲਿਸ ਭਾਈਚਾਰੇ ਤੋਂ ਵਾਰ-ਵਾਰ ਮੁਆਫ਼ੀ ਮੰਗਣੀ ਪਈ। ਉਹ ਆਪਣੇ ਵਿਰੋਧੀ ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਉੱਤੇ ਸਾਰਾ ਸਾਲ ਤਾਬੜ-ਤੋੜ ਹਮ ਲੇ ਕਰਦੇ ਰਹੇ। ਇਸਦੇ ਬਦਲੇ ਸਿੱਧੂ ਨੂੰ ਮੈਂਟਲ ਅਤੇ ਬਿਨਾਂ ਨਿਸ਼ਾਨਾ ਮਿਜ਼ਾਇਲ ਜਿਹੇ ਤਾਅਣੇ ਸੁਣਨੇ ਪਏ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੁਰਸੀ ਸੰਭਾਲਦਿਆਂ ਹੀ ਗੱਲ਼ ਆਪਣੇ-ਆਪ ਨੂੰ ਗਰੀਬ ਪਰ ਕਮਜ਼ੋਰ ਨਹੀਂ ਦੱਸ ਕੇ ਹਮਦਰਦੀ ਬਟੋਰਨ ਤੋਂ ਸ਼ੁਰੂ ਕੀਤੀ ਪਰ ਪਿੱਛੋਂ ਮੋਗਾ ਵਿਖੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਕਾਲਾ ਅੰਗਰੇਜ਼ ਕਹਿ ਕੇ ਵਿਰੋਧ ਸਹੇੜ ਲਿਆ। ਇਸਦੇ ਬਾਵਜੂਦ ਵਜੋਂ ਕੇਜਰੀਵਾਲ ਨੇ ਚੰਗੀਆਂ ਸੁਣਾਉਂਦਿਆਂ ਕਿਹਾ ਕਿ ਮੇਰਾ ਰੰਗ ਕਾਲਾ ਹੈ ਪਰ ਦਿਲ ਦਾ ਮਾੜਾ ਨਹੀਂ। ਉਨ੍ਹਾਂ ਨੇ ਇਹ ਵੀ ਕਹਿ ਦਿੱਤਾ ਕਿ ਪੰਜਾਬ ਦੀਆਂ ਮਾਂ-ਭੈਣਾਂ ਨੂੰ ਕਾਲਾ ਬੇਟਾ ਪਸੰਦ ਹੈ। ਉਹ ਕੇਜਰੀਵਾਲ ਨੂੰ ਧਾਰ ਕੱਢਣ, ਸੰਨ੍ਹੀ ਰਲਾਉਣ, ਮੰਜੇ ਬਣਾਉਣ, ਰਿਕਸ਼ਾ ਚਲਾਉਣ ਸਮੇਤ ਬਾਂਦਰ ਕਿਲ੍ਹਾ ਦੇ ਅਰਥ ਪੁੱਛਦੇ ਆ ਰਹੇ ਹਨ ਪਰ ਭਗਵੰਤ ਮਾਨ ਦਾ ਇੱਕ ਬਿਆਨ ਹੀ ਸਾਰਾ ਕੁੱਝ ਦੀ ਕਾਟ ਕਰਨ ਲਈ ਕਾਫ਼ੀ ਲੱਗਾ ਜਦੋਂ ਉਨ੍ਹਾਂ ਨੇ ਮੁੱਖ ਮੰਤਰੀ ਤੋਂ ਪੁੱਛ ਲਿਆ ਕਿ ਪੰਜਾਬ ਦੀ ਚੋਣ ਇਨ੍ਹਾਂ ਮੁੱਦਿਆਂ ਉੱਤੇ ਲੜੀ ਜਾਵੇਗੀ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਆਪਣੀ ਜ਼ੁਬਾਨ ਉੱਤੇ ਕੰਟਰੋਲ ਨਾ ਰੱਖਣ ਲਈ ਜਾਣੇ ਜਾਂਦੇ ਹਨ। ਉਨ੍ਹਾਂ ਵੱਲੋਂ ਸਾਬਕਾ ਪੁਲਿਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਉੱਤੇ 100-100 ਰੁਪਏ ਲੈਣ ਦਾ ਲਾਇਆ ਦੋਸ਼ ਜਿੱਥੇ ਲੋਕਾਂ ਨੂੰ ਬੁਰਾ ਲੱਗਾ, ਉੱਥੇ ਸੁਖਬੀਰ ਦਾ ਆਪਣਾ ਦਿਵਾਲਾ ਵੀ ਨਿਕਲ ਗਿਆ। ਕੁੰਵਰ ਵਿਜੇ ਪ੍ਰਤਾਪ ਉਹ ਪੁਲਿਸ ਅਧਿਕਾਰੀ ਹੈ ਜਿਸਨੂੰ ਬਿਕਰਮ ਮਜੀਠੀਆ ਖਿਲਾਫ ਨਸ਼ਾ ਤਸਕਰੀ ਦੇ ਲੱਗਦੇ ਦੋਸ਼ਾਂ ਦੀ ਜਾਂਚ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਇਸ ਤੋਂ ਬਿਨਾਂ ਉਹ ਨਵਜੋਤ ਸਿੰਘ ਸਿੱਧੂ ਅਤੇ ਭਗਵੰਤ ਮਾਨ ਨੂੰ ਲੰਮੀਂ ਹੱਥੀਂ ਲੈਣ ਵੇਲੇ ਵੀ ਸ਼ਬਦਾਂ ਉੱਤੇ ਆਪਣਾ ਕੰਟਰੋਲ ਗਵਾਉਂਦੇ ਰਹੇ ਹਨ। ਭਗਵੰਤ ਮਾਨ ਨੂੰ ਉਹ ਬਹੁਤੀ ਵਾਰ ਸ਼ਰਾਬੀ-ਕਬਾਬੀ ਕਹਿ ਕੇ ਆਪਣੀ ਮਾਂ ਦੀ ਸਹੁੰ ਖਾਣ ਦਾ ਤਾਅਣਾ ਅਕਰਸ ਮਾਰਦੇ ਰਹੇ ਹਨ। ਭਗਵੰਤ ਮਾਨ ਵੀ ਬਾਦਲਾਂ ਨੂੰ ਨਿਸ਼ਾਨੇ ਉੱਤੇ ਲੈਣ ਵੇਲੇ ਢਿੱਲ ਨਹੀਂ ਵਰਤਦੇ। ਨਾ ਹੀ ਉਨ੍ਹਾਂ ਨੇ ਕਦੇ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਨੂੰ ਬਖਸ਼ਿਆ ਹੈ। ਇਸ ਵਾਰ ਆਪ ਪੰਜਾਬ ਦੇ ਇੰਚਾਰਜ ਰਾਘਵ ਚੱਢਾ ਦਾ ਬਿਆਨ ਕਾਫ਼ੀ ਚਰਚਾ ਵਿੱਚ ਆ ਗਿਆ ਹੈ ਜਦੋਂ ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਆਪਣਾ ਘਰ ਸਾਂਭਣ ਦਾ ਤਾਅਣਾ ਮਾਰ ਦਿੱਤਾ। ਰਾਘਵ ਚੱਢਾ ਨੇ ਤਾਂ ਅਕਾਲੀ ਦਲ ਉੱਤੇ ਸਭ ਤੋਂ ਭ੍ਰਿਸ਼ਟ ਪਾਰਟੀ ਹੋਣ ਦਾ ਦੋਸ਼ ਵੀ ਲਾ ਦਿੱਤਾ।

ਅਸਲ ਵਿੱਚ ਇਹ ਸਾਰਾ ਕੁੱਝ ਚੋਣਾਂ ਤੋਂ ਪਹਿਲਾਂ ਲੋਕਾਂ ਦਾ ਧਿਆਨ ਅਸਲ ਮੁੱਦੇ ਤੋਂ ਲਾਂਭੇ ਕਰਨ ਦੀ ਗਿਣੀ-ਮਿੱਥੀ ਯੋਜਨਾ ਹੈ। ਲੋਕਾਂ ਦੇ ਦਿਲ ਨਾਲ ਜੁੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਅਦਬੀ, ਨਸ਼ਿਆਂ ਦਾ ਮਾਇਆ ਜਾਲ, ਕਿਸਾਨਾਂ ਦਾ ਕਰਜ਼ਾ, ਬੇਰੁਜ਼ਗਾਰੀ ਅਤੇ ਵਿਦੇਸ਼ਾਂ ਨੂੰ ਉਡਾਣ ਭਰ ਰਹੇ ਨੌਜਵਾਨਾਂ ਵਰਗੇ ਕਈ ਮੁੱਦੇ ਜੁੜੇ ਹੋਏ ਹਨ। ਇਨ੍ਹਾਂ ਬਾਰੇ ਨਾ ਤਾਂ ਸਿਆਸਤਦਾਨਾਂ ਕੋਲ ਕੋਈ ਹੱਲ ਹੈ ਅਤੇ ਨਾ ਹੀ ਕੋਈ ਠੋਸ ਦਲੀਲ। ਸੱਚ ਕਹਿ ਦੇਈਏ ਤਾਂ ਇਹ ਕਿ ਸਿਆਸਤਦਾਨ ਪੰਜਾਬੀਆਂ ਨੂੰ ਸਮੱਸਿਆਵਾਂ ਦੀ ਦਲਦਲ ਵਿੱਚੋਂ ਕੱਢਣਾ ਹੀ ਨਹੀਂ ਚਾਅ ਰਹੇ।

ਰਾਜਸੀ ਲੀਡਰਾਂ ਕੋਲ ਲੋਕਾਂ ਨੂੰ ਅਸਲ ਮੁੱਦਿਆਂ ਤੋਂ ਭਟਕਾ ਕੇ ਆਪਣਾ ਉੱਲੂ ਸਿੱਧਾ ਕਰਨ ਦੀ ਜੁਗਤ ਹੈ। ਇਹ ਸਾਲ ਵੀ ਲੋਕਾਂ ਨੂੰ ਬਦਲਾਖੋਰੀ, ਤੋਹਮਤਬਾਜ਼ੀ, ਮੁਫ਼ਤਖੋਰੀ, ਲਾਲਚ ਅਤੇ ਲਾਰਿਆਂ ਵਿੱਚ ਉਲਝਾ ਕੇ ਰੱਖਿਆ ਗਿਆ ਹੈ। ਅਗਲੇ ਸਾਲ ਤੋਂ ਕੋਈ ਉਮੀਦ ਤਾਂ ਨਹੀਂ ਪਰ ਅਰਦਾਸ ਜ਼ਰੂਰ ਹੈ ਕਿ ਪੰਜਾਬ ਮੁੜ ਪੈਰਾਂ ਉੱਤੇ ਆ ਜਾਵੇ ਜਾਂ ਫਿਰ ਘੱਟੋ-ਘੱਟ ਸਿਆਸੀ ਲੋਕਾਂ ਦੀ ਪਛਾਣ ਪੰਜਾਬੀਆਂ ਨੂੰ ਮੱਤ ਜ਼ਰੂਰ ਆ ਜਾਵੇ।