‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਰਨਾਲ ਵਿੱਚ ਕੱਲ੍ਹ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦਾ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਹਰਿਆਣਾ ਸਰਕਾਰ ਦੀ ਆਲੋਚਨਾ ਕੀਤੀ ਜਾ ਰਹੀ ਹੈ। ਹਰਿਆਣਾ ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਹਰਿਆਣਾ ਸਰਕਾਰ ਦੇ ਖ਼ਿਲਾਫ਼ ਕਈ ਹੈਸ਼ਟੈਗ ਟ੍ਰੈਂਡ ਹੋ ਰਹੇ ਹਨ। ਇਸ ਲੜੀ ਦੇ ਤਹਿਤ ਸਿਆਸੀ ਲੀਡਰਾਂ ਵੱਲੋਂ ਵੀ ਇਸ ਘਟਨਾ ਦੀ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ… ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵਿੱਟਰ ਹੈਂਡਲ ਤੋਂ ਕਰਨਾਲ ਵਿੱਚ ਕਿਸਾਨਾਂ ‘ਤੇ ਹੋਣ ਲਾਠੀਚਾਰਜ ਦੀ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ‘ਵਿਰੋਧ ਕਰ ਰਹੇ ਕਿਸਾਨਾਂ ‘ਤੇ ਹੋਇਆ ਦੁੱਖਦਾਈ ਹਮਲਾ… ਆਜ਼ਾਦੀ ਦੇ ਸੰਘਰਸ਼ ਦੌਰਾਨ ਕੀਤੀਆਂ ਬੇਅੰਤ ਕੁਰਬਾਨੀਆਂ ਤੋਂ ਬਾਅਦ ਪ੍ਰਾਪਤ ਹੋਏ ਹਰ ਭਾਰਤੀ ਦੇ ਮੌਲਿਕ ਅਧਿਕਾਰਾਂ ‘ਤੇ ਹਮਲਾ ਹੈ। ਸੰਵਿਧਾਨ ਦੀ ਆਤਮਾ ਉੱਪਰ ਵੱਜੀ ਇਹ ਸੱਟ ਭਾਰਤੀ ਜ਼ਮਹੂਰੀਅਤ ਦੀ ਰੀੜ੍ਹ ਦੀ ਹੱਡੀ ਨੂੰ ਤੋੜਦੀ ਹੈ !!
ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਨੇ ਇੱਕ ਫੱਟੜ ਕਿਸਾਨ ਦੀ ਤਸਵੀਰ ਸਾਂਝੀ ਕਰਦੇ ਹੋਏ ਕਿਹਾ ਕਿ ਇੱਕ ਵਾਰ ਫਿਰ ਕਿਸਾਨ ਦਾ ਖ਼ੂਨ ਡੁੱਲ੍ਹਿਆ ਹੈ, ਜਿਸ ਨਾਲ ਦੇਸ਼ ਦਾ ਸਿਰ ਝੁਕਿਆ ਹੈ।
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਸਾਨਾਂ ਉੱਪਰ ਹੋਏ ਲਾਠੀਚਾਰਜ ਨੂੰ ਗ਼ਲਤ ਦੱਸਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਦੇਸ਼ ਦੇ ਅੰਨਦਾਤਾ ਨਾਲ ਇਸ ਤਰੀਕੇ ਦਾ ਵਤੀਰਾ ਠੀਕ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਬਿਆਨ ਜਾਰੀ ਕਰਕੇ ਇਸ ਘਟਨਾ ਦੀ ਨਿੰਦਿਆ ਕੀਤੀ ਗਈ ਸੀ।
ਏਆਈਐੱਮਆਈਐੱਮ ਦੇ ਆਗੂ ਅਸੁੱਦਦੀਨ ਓਵੇਸੀ ਨੇ ਐੱਸਡੀਐੱਮ ਦੇ ਵਾਇਰਲ ਬਿਆਨ ਦੀ ਨਿੰਦਾ ਕਰਦੇ ਹੋਏ ਕਿਹਾ, “ਭਾਰਤ ਵਿੱਚ ਮੁਜ਼ਾਹਰਾ ਕਰਨਾ ਨਾਗਰਿਕਾਂ ਦਾ ਮੌਲਿਕ ਅਧਿਕਾਰ ਹੈ। ਇਹ ਅਫ਼ਸਰ ਕਿਵੇਂ ਲੋਕਾਂ ਉੱਤੇ ਐਕਸ਼ਨ ਲੈਣ ਦਾ ਹੁਕਮ ਦੇ ਸਕਦਾ ਹੈ। ਖੱਟਰ ਸਰਕਾਰ ਹਰਿਆਣਾ ਵਿੱਚ ਕੀ ਕਰ ਰਹੀ ਹੈ। ਮੈਂ ਇਸ ਘਟਨਾ ਦੀ ਨਿਖੇਧੀ ਕਰਦਾ ਹਾਂ।”
ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਇਸ ਅਧਿਕਾਰੀ ਵੱਲੋਂ ਵਰਤੇ ਗਏ ਸ਼ਬਦਾਂ ਦੀ ਨਿੰਦਿਆ ਕੀਤੀ ਹੈ ਅਤੇ ਆਖਿਆ ਹੈ ਕਿ ਇਸ ਖ਼ਿਲਾਫ਼ ਸਰਕਾਰ ਵੱਲੋਂ ਐਕਸ਼ਨ ਲਿਆ ਜਾਵੇਗਾ। ਭਗਵੰਤ ਮਾਨ ਨੇ ਵੀ ਕਰਨਾਲ ਮਾਮਲੇ ਦੀ ਨਿੰਦਾ ਕੀਤੀ ਕਿ ਹਰਿਆਣਾ ਪੁਲਿਸ ਦੇ ਕਿਸਾਨਾਂ ਉੱਤੇ ਜ਼ੁਲਮ ਦੀ ਚਾਰੇ ਪਾਸੇ ਤੋਂ ਨਿੰਦਾ ਹੋ ਰਹੀ ਹੈ। ਲੋਕ ਤੰਤਰ ਦਾ ਘਾਣ ਕਰ ਰਹੀ ਹੈ ਭਾਜਪਾ ਸਰਕਾਰ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਕਰਨਾਲ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਜਿਸ ਤਰੀਕੇ ਨਾਲ ਕੱਲ੍ਹ ਹਰਿਆਣਾ ਵਿੱਚ ਲਾਠੀਚਾਰਜ ਹੋਇਆ, ਉਹ ਬਹੁਤ ਨਿੰਦਣਯੋਗ ਹੈ। ਦੇਖਣ ਤੋਂ ਹੀ ਪਤਾ ਚੱਲ ਜਾਂਦਾ ਹੈ ਕਿ ਪੁਲਿਸ ਨੇ ਕਿਸਾਨਾਂ ‘ਤੇ ਜੋ ਲਾਠੀਚਾਰਜ ਕੀਤਾ, ਉਹ ਰਸਤਾ ਖਾਲੀ ਕਰਾਉਣ ਲਈ ਨਹੀਂ, ਬਲਕਿ ਕਿਸਾਨਾਂ ਨੂੰ ਸਬਕ ਸਿਖਾਉਣ ਵਾਸਤੇ ਕੀਤਾ ਗਿਆ ਸੀ। ਇਸ ਕਰਕੇ ਹਰਿਆਣਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਾਰੀ ਘਟਨਾ ਦੀ ਕਾਨੂੰਨੀ ਜਾਂਚ ਕਰਵਾਏ ਅਤੇ ਜੋ ਵੀ ਇਸ ਵਾਸਤੇ ਦੋਸ਼ੀ ਹੈ, ਉਸਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਕਿਸਾਨਾਂ ‘ਤੇ ਜ਼ਾਲਮਾਨਾ ਤਰੀਕੇ ਦੇ ਨਾਲ ਅਟੈਕ ਕਰਨਾ ਪੁਲਿਸ ਨੂੰ ਸੋਭਾ ਨਹੀਂ ਦਿੰਦਾ।