‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਕੂਲੀ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਸਿਆਸਤਦਾਨਾਂ ਵੱਲੋਂ ਦਖਲ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ। ਸਕੂਲੀ ਬੱਚਿਆਂ ਦੇ ਸਿਲੇਬਸ ਦੇ ਨਾਲ ਛੇੜਛਾੜ ਕਰਕੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾਣ ਲੱਗਾ ਹੈ। ਅਜਿਹੀ ਘਟਨਾ 12ਵੀਂ ਜਮਾਤ ਦੇ ਪੇਪਰ ਵਿੱਚੋਂ ਸਾਹਮਣੇ ਆਈ ਹੈ। 12ਵੀਂ ਜਮਾਤ ਦੇ ਇਤਿਹਾਸ ਵਿਸ਼ੇ ਦੇ ਮੁਲਾਂਕਣ ਪੇਪਰ ਵਿੱਚ ਤਿੰਨ ਪ੍ਰਮੁੱਖ ਕਾਂਗਰਸੀ ਲੀਡਰਾਂ ਨੂੰ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਅਸ਼ੀਰਵਾਦ ਦਾ ਪਾਤਰ ਬਣਾ ਕੇ ਪੇਸ਼ ਕੀਤਾ ਗਿਆ ਹੈ। ਬਾਰ੍ਹਵੀਂ ਜਮਾਤ ਦੇ ਪ੍ਰਸ਼ਨ ਪੱਤਰ ਦੇ 39 ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਕਿ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਕਿਸਦੇ ਵਡੇਰਿਆਂ ਨੂੰ ਅਸ਼ੀਰਵਾਦ ਦਿੱਤਾ ਸੀ ? ਅੱਗੇ ਇਸ ਪ੍ਰਸ਼ਨ ਦੀਆਂ ਚਾਰ ਆਪਸ਼ਨਾਂ (Options) ਦਿੱਤੀਆਂ ਗਈਆਂ ਸਨ, ਜਿਸ ਵਿੱਚ ਰਜਿੰਦਰ ਕੌਰ ਭੱਠਲ, ਰਾਣਾ ਗੁਰਜੀਤ ਸਿੰਘ, ਕੈਪਟਨ ਅਮਰਿੰਦਰ ਸਿੰਘ ਜਾਂ ਕੋਈ ਨਹੀਂ ਦੀ ਆਪਸ਼ਨ ਦਿੱਤੀ ਗਈ ਸੀ।
ਇਸ ਘਟਨਾ ਦੀ ਡੈਮੋਕਰੇਟਿਕ ਟੀਚਰਜ਼ ਫਰੰਟ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਡੈਮੋਕਰੇਟਿਕ ਟੀਚਰਜ਼ ਫਰੰਟ (DTF) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਦੇ ਇਤਿਹਾਸ ਵਿਸ਼ੇ ਦੀ ਮੁਲਾਂਕਣ ਪ੍ਰੀਖਿਆ ਦੌਰਾਨ ਪ੍ਰਸ਼ਨ ਨੰਬਰ 39 ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਗੁਰੂ ਸਾਹਿਬਾਨ ਦਾ ਆਸ਼ੀਰਵਾਦ ਪ੍ਰਾਪਤ ਹੋਇਆ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੀਡਰਾਂ ਨੇ ਦੱਸਿਆ ਕਿ ਇੱਕ ਪਾਸੇ ਪੰਜਾਬ ਦੇ ਲੋਕ ਇਸ ਗੱਲ ਤੋਂ ਖਫ਼ਾ ਹਨ ਕਿ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਕਰਨ ਨੂੰ ਤਵੱਜੋ ਨਹੀਂ ਦੇ ਰਹੇ, ਸਗੋਂ ਪਿਛਲੇ ਸਾਢੇ ਚਾਰ ਸਾਲ ਤੋਂ ਲੋਕਾਂ ਵਿੱਚ ਵਿਚਰਨ ਤੋਂ ਵੀ ਕਿਨਾਰਾ ਕਰੀ ਬੈਠੇ ਹਨ। ਦੂਜੇ ਪਾਸੇ ਇਤਿਹਾਸਕ ਤੱਥਾਂ ਨੂੰ ਟੇਢੇ ਢੰਗ ਨਾਲ ਵਰਤਦਿਆਂ ਸੱਤਾਧਾਰੀ ਆਗੂਆਂ ਨੂੰ ਗੁਰੂ ਸਾਹਿਬਾਨ ਦੇ ‘ਆਸ਼ੀਰਵਾਦ’ ਦੇ ਪਾਤਰ ਵਜੋਂ ਪੇਸ਼ ਕਰਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ। ਡੀਟੀਐੱਫ ਲੀਡਰਾਂ ਨੇ ਕਿਹਾ ਕਿ ਸਿੱਖਿਆ ਵਿਭਾਗ ਪੂਰੇ ਜ਼ੋਰਾਂ-ਸ਼ੋਰਾਂ ਨਾਲ ਮੌਜੂਦਾ ਸਰਕਾਰ ਨੂੰ ਸਿਆਸੀ ਲਾਭ ਦੇਣ ਲਈ ਕੰਮ ਕਰ ਰਿਹਾ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਅਤੇ ਸਿੱਖਿਆ ਵਰਗੇ ਸੰਵੇਦਨਸ਼ੀਲ ਵਿਸ਼ੇ ਨਾਲ ਖਿਲਵਾੜ ਹੈ।
ਪਿਛਲੇ ਦਿਨੀ ਪੰਜਵੀਂ ਜਮਾਤ ਦੀ ਪੰਜਾਬੀ ਵਿਸ਼ੇ ਦੀ ਮੁਲਾਂਕਣ ਪ੍ਰੀਖਿਆ ਵਿੱਚ ਵੀ ਸਿੱਖਿਆ ਵਿਭਾਗ ਵੱਲੋਂ ਮੁੱਖ ਮੰਤਰੀ ਨੂੰ ਸਿਆਸੀ ਲਾਹਾ ਦੇਣ ਲਈ ਸਰਕਾਰ ਦੇ ਪੈਨਸ਼ਨ ਵਾਧੇ ਸਬੰਧੀ ਇਸ਼ਤਿਹਾਰ ਨੂੰ ਹੂ-ਬ-ਹੂ ਛਾਪਿਆ ਗਿਆ ਸੀ।