‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਰੀਆਂ ਸਿਆਸੀ ਪਾਰਟੀਆਂ ਨੂੰ ਲੱਗਦਾ ਸਿਆਸੀ ਰੋਟੀਆਂ ਸੇਕਣ ਦਾ ਬਹੁਤ ਸ਼ੌਂਕ ਹੈ। ਹਰ ਗੱਲ ਦਾ ਸਿਹਰਾ ਆਪਣੇ ਸਿਰ ਲੈ ਲੈਣਾ ਤਾਂ ਜਿਵੇਂ ਇਨ੍ਹਾਂ ਦਾ ਇੱਕ ਅਟੁੱਟ ਹਿੱਸਾ ਹੀ ਬਣ ਗਿਆ ਹੈ। ਕੇਂਦਰ ਸਰਕਾਰ ਦੇ ਨਵੇਂ ਫੈਸਲੇ ਦਾ ਸਿਹਰਾ ਵੀ ਹੁਣ ਇਨ੍ਹਾਂ ਪਾਰਟੀਆਂ ਵੱਲੋਂ ਆਪਣੇ ਸਿਰ ਲਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਪਣਾ ਗਲਤ ਫੈਸਲਾ ਵਾਪਸ ਲੈ ਕੇ ਵਧੀਆ ਫੈਸਲਾ ਲਿਆ ਹੈ ਪਰ ਇਸ ਨਾਲ ਇੱਕ ਗੱਲ ਪੱਕਾ ਸਪੱਸ਼ਟ ਹੋ ਗਈ ਹੈ ਕਿ ਕੋਈ ਨਮੀ ਦਾ ਰੌਲਾ ਨਹੀਂ ਸੀ, ਸਿਰਫ਼ ਤੇ ਸਿਰਫ਼ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਸਬਕ ਸਿਖਾਉਣ ਦੀ ਕੋਈ ਕੋਸ਼ਿਸ਼ ਸੀ। ਜੇ ਨਮੀ ਦਾ ਰੌਲਾ ਹੁੰਦਾ ਤਾਂ ਇੱਕ ਦਿਨ ਵਿੱਚ ਨਮੀ ਕਿਵੇਂ ਖਤਮ ਹੋ ਗਈ। ਨਮੀ ਤਾਂ ਕੱਲ੍ਹ ਵੀ ਜ਼ਿਆਦਾ ਨਹੀਂ ਸੀ। ਕੇਂਦਰ ਸਰਕਾਰ ਨੂੰ ਇੱਦਾਂ ਦੇ ਹੱਥ-ਕੰਡੇ ਨਹੀਂ ਵਰਤਣੇ ਚਾਹੀਦੇ ਸੀ। ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੂੰ ਇਸ ਤਰ੍ਹਾਂ ਦੀ ਗੰਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ।
ਪੰਜਾਬ ਦੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਝੋਨੇ ਦੀ ਖਰੀਦ ਲਈ ਸਾਡੀਆਂ ਤਿਆਰੀਆਂ ਪਹਿਲਾਂ ਤੋਂ ਹੀ ਪੂਰੀਆਂ ਸਨ। ਅਸੀਂ ਕੱਲ੍ਹ ਤੋਂ ਖਰੀਦ ਸ਼ੁਰੂ ਕਰ ਰਹੇ ਹਾਂ। ਕੇਂਦਰ ਸਰਕਾਰ ਨੇ ਇਹ ਸਹੀ ਫੈਸਲਾ ਲਿਆ ਹੈ ਅਤੇ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਮੈਂ ਮੁੱਖ ਮੰਤਰੀ ਚੰਨੀ ਦੀ ਸ਼ਲਾਘਾ ਕਰਦਾ ਹਾਂ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਝੋਨੇ ਦੀ ਖਰੀਦ ਜਲਦ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਦੀ ਮੰਗ ‘ਤੇ ਜਲਦੀ ਗੌਰ ਕੀਤਾ ਗਿਆ ਹੈ। ਆਸ਼ੂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਫਸਲ ਦੀ ਨਮੀ ਨੂੰ ਦੂਰ ਕਰਨ ਲਈ ਝੋਨੇ ਨੂੰ ਸੁਕਾ ਕੇ ਲੈ ਕੇ ਆਉਣ ਤਾਂ ਜੋ ਮੰਡੀਆਂ ਵਿੱਚ ਉਨ੍ਹਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ।