‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕਈ ਮਹੀਨਿਆਂ ਤੋਂ ਦਿੱਲੀ ਦੱਖਣ ਦੇ ਦੌਰੇ ਕਰਦਾ ਪੰਜਾਬ ਕਾਂਗਰਸ ਦਾ ਰੱਫੜ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜਪਾਲ ਨੂੰ ਸੌਂਪੇ ਅਸਤੀਫੇ ਨਾਲ ਗੋਡੇ ਟੇਕ ਗਿਆ। ਇਸ ਦੇ ਨਾਲ ਹੀ ਪੰਜਾਬ ਅੰਦਰ ਜੋ ਸਿਆਸੀ ਗਰਮੀ ਪੈਦਾ ਹੋਈ ਹੈ, ਉਸਨੂੰ ਠੀਕ ਕਰਨ ਲਈ ਕਾਂਗਰਸ ਹਾਈਕਮਾਂਡ ਦਿੱਲੀਓਂ ਲਿਫਾਫਾ ਘੱਲ ਰਹੀ ਹੈ, ਜਿਸ ਵਿੱਚੋਂ ਪੰਜਾਬ ਦਾ ਅਗਲਾ ਸੀਐੱਮ ਅੱਜ ਬਾਹਰ ਆ ਜਾਵੇਗਾ। ਪਰ ਕੈਪਟਨ ਦੀ ਸਿਆਸੀ ਪਾਰੀ ਹਾਲੇ ਕਈ ਸਵਾਲ ਖੜ੍ਹੇ ਕਰ ਰਹੀ ਹੈ ਕਿ ਅੱਗੇ ਉਹ ਕੀ ਧਮਾਕਾ ਕਰਨਗੇ।
ਜੇਕਰ ਉਨ੍ਹਾਂ ਦੀ ਹੁਣ ਤੱਕ ਉਨ੍ਹਾਂ ਦੀ ਸਿਆਸੀ ਤੇ ਕਰੀਅਰ ਦੀ ਪਾਰੀ ਦੇਖੀਏ ਤਾਂ ਪਟਿਆਲਾ ਸ਼ਹਿਰ ਤੋਂ ਵਿਧਾਇਕ ਵਜੋਂ ਦੂਜੀ ਵਾਰ ਮੁੱਖ ਮੰਤਰੀ ਬਣ ਕੇ ਪਾਰੀ ਪੂਰੀ ਹੋਣ ਤੋਂ ਪਹਿਲਾਂ ਹੀ ਅਸਤੀਫ਼ਾ ਦੇਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਪੰਜਵਾਂ ਅਸਤੀਫ਼ਾ ਸੌਂਪਿਆ ਹੈ। 1984 ’ਚ ਹਰਿਮੰਦਰ ਸਾਹਿਬ ’ਤੇ ਹੋਏ ਫੌਜੀ ਹਮਲੇ ਖ਼ਿਲਾਫ਼ ਵੀ ਉਨ੍ਹਾਂ ਨੂੰ ਅਹੁਦਾ ਤਿਆਗਣਾ ਪਿਆ ਸੀ, ਉਸ ਵੇਲੇ ਉਹ 1980 ਤੋਂ ਪਟਿਆਲਾ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਵਜੋਂ ਸੇਵਾ ਨਿਭਾ ਰਹੇ ਸਨ।
ਉਸ ਵੇਲੇ ਉਨ੍ਹਾਂ ਨੇ ਕਾਂਗਰਸ ਦੀ ਮੁਢਲੀ ਮੈਂਬਰਸ਼ਿਪ ਵੀ ਛੱਡ ਦਿੱਤੀ ਸੀ। ਇਸ ਤੋਂ ਬਾਅਦ ਉਹ ਸ਼੍ਰੋਮਣੀ ਅਕਾਲੀ ਦਲ ’ਚ ਵੀ ਰਹੇ ਤੇ 1985 ’ਚ ਤਲਵੰਡੀ ਸਾਬੋ ਤੋਂ ਅਕਾਲੀ ਦਲ ਦੇ ਵਿਧਾਇਕ ਬਣਨ ਮਗਰੋਂ ਬਰਨਾਲਾ ਸਰਕਾਰ ’ਚ ਕੈਬਨਿਟ ਮੰਤਰੀ ਰਹੇ। ਅਪਰੈਲ 1986 ’ਚ ਹੋਏ ਬਲੈਕ ਥੰਡਰ (ਸ੍ਰੀ ਹਰਿਮੰਦਰ ਸਾਹਿਬ ’ਚ ਪੁਲੀਸ ਦਾਖਲ ਹੋਣਾ) ਦੇ ਰੋਸ ਵਜੋਂ ਉਨ੍ਹਾਂ ਆਪਣਾ ਇਹ ਅਹੁਦਾ ਤਿਆਗ ਦਿੱਤਾ ਸੀ।
2014 ’ਚ ਅੰਮ੍ਰਿਤਸਰ ਤੋਂ ਕਾਂਗਰਸ ਵੱਲੋਂ ਲੋਕ ਸਭਾ ਮੈਂਬਰ ਬਣੇ ਤਾਂ ਉਨ੍ਹਾਂ ਪਟਿਆਲਾ ਸ਼ਹਿਰੀ ਹਲਕੇ ਦੇ ਵਿਧਾਇਕ ਵਜੋਂ ਅਸਤੀਫ਼ਾ ਸੌਂਪ ਦਿੱਤਾ। ਇਸ ਤੋਂ ਬਾਅਦ ਜਿਮਨੀ ਚੋਣਾਂ ਹੋਈਆਂ ਤਾਂ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਵੀ ਪਟਿਆਲਾ ਤੋਂ ਵਿਧਾਇਕ ਚੁਣੇ ਗਏ, ਪਰ 2017 ’ਚ ਪਟਿਆਲਾ ਤੋਂ ਵਿਧਾਇਕ ਬਣਨ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਦੇ ਸੰਸਦ ਮੈਂਬਰ ਵਜੋਂ ਅਸਤੀਫ਼ਾ ਦਿੱਤਾ ਸੀ ਤੇ ਹੁਣ ਕਾਂਗਰਸ ਦੀ ਲੜਾਈ ਦੀ ਹੱਦ ਮੁਕਾਉਂਦਿਆਂ ਉਨ੍ਹਾਂ ਨੇ ਆਪਣਾ ਮੁੱਖ ਮੰਤਰੀ ਦਾ ਅਹੁਦਾ ਵੀ ਕਾਂਗਰਸ ਹਾਈਕਮਾਂਡ ਅੱਗੇ ਧਰ ਦਿੱਤਾ ਹੈ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ 1963 ਵਿਚ ਆਰਮੀ ’ਚ ਅਫਸਰ ਭਰਤੀ ਹੋਏ ਸਨ, ਪਰ ਸਿਆਸਤ ਪਸੰਦ ਹੋਣ ਕਾਰਨ ਉਹ ਦੋ ਸਾਲਾਂ ਮਗਰੋਂ 1965 ਵਿੱਚ ਨੌਕਰੀ ਛੱਡ ਕੇ ਅਸਤੀਫ਼ਾ ਦੇ ਕੇ ਆ ਗਏ ਸਨ। ਉਂਜ ਉਨ੍ਹਾਂ ਭਾਰਤ-ਪਾਕਿਸਤਾਨ ਦੀ ਜੰਗ ਲੱਗਣ ਕਰਕੇ ਫੌਜ ’ਚ ਵਾਪਸ ਜਾ ਕੇ ਆਪਣੀ ਡਿਊਟੀ ਸੰਭਾਲ ਲਈ ਸੀ। ਫਿਰ ਜੰਗ ਮੁੱਕਣ ਮਗਰੋਂ ਮੁੜ ਨੌਕਰੀ ਛੱਡ ਕੇ ਘਰ ਆ ਗਏ ਸਨ।