ਚੰਡੀਗੜ੍ਹ ਦੇ ਸੈਕਟਰ-11 ਥਾਣੇ ਦੇ ਅੰਦਰ ਇੱਕ ਸਿਪਾਹੀ ਨੂੰ ਲਾਹ ਕੇ ਕੁੱਟਣ ਅਤੇ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਸਿਪਾਹੀ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਅਦਾਲਤ ਨੇ ਚੰਡੀਗੜ੍ਹ ਦੇ ਡੀਜੀਪੀ ਨੂੰ ਨੋਟਿਸ ਜਾਰੀ ਕਰਕੇ ਅਗਲੀ ਤਰੀਕ ‘ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
ਇਸ ਦੇ ਨਾਲ ਹੀ ਉਸ ਦਿਨ ਦੀ ਵੀਡੀਓ ਥਾਣੇ ‘ਚ ਸੁਰੱਖਿਅਤ ਰੱਖਣ ਅਤੇ ਲੋੜ ਪੈਣ ‘ਤੇ ਅਦਾਲਤ ‘ਚ ਪੇਸ਼ ਕਰਨ ਲਈ ਕਿਹਾ ਗਿਆ ਹੈ। ਪੀੜਤ ਸਿਪਾਹੀ ਦੀ ਪਤਨੀ ਚੰਡੀਗੜ੍ਹ ਪੁਲੀਸ ਵਿੱਚ ਹੈੱਡ ਕਾਂਸਟੇਬਲ ਹੈ। ਹਾਲ ਹੀ ਵਿੱਚ ਉਨ੍ਹਾਂ ਦਾ ਆਪਸ ਵਿੱਚ ਪਰਿਵਾਰਕ ਝਗੜਾ ਚੱਲ ਰਿਹਾ ਸੀ। ਇਸ ‘ਤੇ 12 ਨਵੰਬਰ 2023 ਨੂੰ ਉਸ ਨੂੰ ਸੈਕਟਰ-11 ਥਾਣਾ ਚੰਡੀਗੜ੍ਹ ਵਿਖੇ ਬੁਲਾਇਆ ਗਿਆ। ਪਤਨੀ ਦੇ ਕਹਿਣ ‘ਤੇ ਉਸ ਦੇ ਕੱਪੜੇ ਲਾਹ ਦਿੱਤੇ ਅਤੇ ਕੁੱਟਮਾਰ ਕੀਤੀ। ਉੱਥੇ ਮੌਜੂਦ ਪੁਲਿਸ ਵਾਲਿਆਂ ਨੇ ਇਸ ਪੂਰੀ ਘਟਨਾ ਦੀ ਵੀਡੀਓ ਬਣਾਈ।
ਉਸ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਉਸ ਨੇ ਇਹ ਗੱਲ ਕਿਸੇ ਨੂੰ ਦੱਸੀ ਤਾਂ ਇਹ ਵੀਡੀਓ ਵਾਇਰਲ ਕਰ ਦਿੱਤੀ ਜਾਵੇਗੀ। ਇਸ ਦੇ ਖ਼ਿਲਾਫ਼ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਗਏ ਹਨ। ਸਿਪਾਹੀ ਨੇ ਆਪਣੇ ਕਮਾਂਡਿੰਗ ਅਫ਼ਸਰ ਨੂੰ ਇਸ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਸੀ। ਕਮਾਂਡਿੰਗ ਅਫ਼ਸਰ ਨੇ ਪੱਤਰ ਲਿਖ ਕੇ ਚੰਡੀਗੜ੍ਹ ਦੇ ਡੀਜੀਪੀ ਅਤੇ ਆਈਜੀ ਤੋਂ ਜਾਂਚ ਦੀ ਮੰਗ ਕੀਤੀ ਸੀ। ਪਰ, ਚੰਡੀਗੜ੍ਹ ਪੁਲਿਸ ਨੇ ਕਮਾਂਡਿੰਗ ਅਫ਼ਸਰ ਦੇ ਪੱਤਰ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ, ਪਰ ਜਾਂਚ ਸੈਕਟਰ-11 ਥਾਣੇ ਦੇ ਹਵਾਲੇ ਕਰ ਦਿੱਤੀ ਗਈ।
ਸਿਪਾਹੀ ਦਾ ਦੋਸ਼ ਹੈ ਕਿ ਜਾਂਚ ਉਸੇ ਥਾਣੇ ਤੋਂ ਨਹੀਂ ਕਰਵਾਈ ਜਾਣੀ ਚਾਹੀਦੀ ਜਿੱਥੇ ਉਸ ਨੂੰ ਪ੍ਰੇਸ਼ਾਨ ਕੀਤਾ ਗਿਆ ਸੀ। ਜਾਂਚ ਲਈ ਘੱਟੋ-ਘੱਟ ਡੀ ਐੱਸ ਪੀ ਪੱਧਰ ਦਾ ਅਧਿਕਾਰੀ ਨਿਯੁਕਤ ਕੀਤਾ ਜਾਵੇ। ਤਾਂ ਜੋ ਉਸ ਨੂੰ ਇਨਸਾਫ਼ ਮਿਲ ਸਕੇ। ਪੀੜਤ ਨੇ ਅਦਾਲਤ ਵਿੱਚ ਦੋਸ਼ੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।