ਲੁਧਿਆਣਾ ਵਿੱਚ ਹਨੀ ਟ੍ਰੈਪ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਔਰਤ ਨੇ ਆਪਣੇ ਪਤੀ ਨਾਲ ਮਿਲ ਕੇ ਇੱਕ ਕਿਸਾਨ ਨੂੰ ਸ਼ਿਕਾਰ ਬਣਾਇਆ ਤੇ ਬਲੈਕਮੇਲ ਕਰਕੇ ਉਸ ਕੋਲੋਂ 50 ਹਜ਼ਾਰ ਰੁਪਏ ਹੜੱਪ ਲਏ। ਇਨ੍ਹਾਂ ਨੇ ਕਿਸਾਨ ਦੀ ਔਰਤ ਨਾਲ ਨਗਨ ਅਵਸਥਾ ਵਿੱਚ ਵੀਡੀਓ ਬਣਾ ਕੇ ਉਸ ਕੋਲੋਂ 50 ਹਜ਼ਾਰ ਰੁਪਏ ਵਸੂਲੇ। ਡੇਹਲੋਂ ਥਾਣੇ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਪਤੀ-ਪਤਨੀ ਸਮੇਤ ਇੱਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਫਿਲਹਾਲ ਪੁਲਿਸ ਨੇ ਮੁਲਜ਼ਮਾਂ ਦੀ ਕੋਈ ਤਸਵੀਰ ਜਾਰੀ ਨਹੀਂ ਕੀਤੀ।
ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਬਿੱਟੂ ਨੇ ਦੱਸਿਆ ਕਿ ਦਸੰਬਰ ਮਹੀਨੇ ’ਚ ਉਸ ਨੂੰ ਅਕਬਰੀ ਨਾਂ ਦੀ ਔਰਤ ਦਾ ਫੋਨ ਆਇਆ ਸੀ। ਹੌਲੀ-ਹੌਲੀ ਉਹ ਅਕਬਰੀ ਨਾਲ ਗੱਲ ਕਰਨ ਲੱਗਾ। ਬਿੱਟੂ ਨੇ ਦੱਸਿਆ ਕਿ ਉਸਦੀ ਪਤਨੀ ਕਰੀਬ 4 ਸਾਲ ਪਹਿਲਾਂ ਉਸਨੂੰ ਛੱਡ ਕੇ ਚਲੀ ਗਈ ਸੀ। ਉਨ੍ਹਾਂ ਦਾ 5 ਸਾਲ ਦਾ ਬੇਟਾ ਹੈ। ਜਿਸ ਤੋਂ ਬਾਅਦ ਉਸ ਦੀ ਅਕਬਰੀ ਨਾਲ ਨੇੜਤਾ ਹੋ ਗਈ। ਅਕਬਰੀ ਅਕਸਰ ਉਸ ਕੋਲ ਆਉਂਦੀ ਸੀ। ਉਨ੍ਹਾਂ ਵਿਚਕਾਰ ਸਰੀਰਕ ਸਬੰਧ ਵੀ ਬਣੇ।
ਕੁਝ ਦਿਨਾਂ ਤੋਂ ਅਕਬਰੀ ਉਸ ਕੋਲ ਨਹੀਂ ਆਈ। ਪਰ ਪਿਛਲੇ 4-5 ਦਿਨਾਂ ਤੋਂ ਅਕਬਰੀ ਉਸ ਦੇ ਘਰ ਆਉਣਾ ਸ਼ੁਰੂ ਹੋ ਗਈ। ਇੱਕ ਦਿਨ ਪਹਿਲਾਂ ਜਦੋਂ ਅਕਬਰੀ ਉਸ ਦੇ ਘਰ ਆਈ ਤਾਂ ਉਹ ਉਸ ਨੂੰ ਘਰ ਛੱਡ ਕੇ ਕੰਮ ’ਤੇ ਚਲਾ ਗਿਆ। ਕੁਝ ਸਮੇਂ ਬਾਅਦ ਉਹ ਉਸ ਲਈ ਖਾਣ-ਪੀਣ ਦਾ ਸਮਾਨ ਲੈ ਆਇਆ। ਦੋਵੇਂ ਕਮਰੇ ਵਿੱਚ ਬੈਠੇ ਸਨ। ਇਸ ਦੌਰਾਨ ਦੋ ਵਿਅਕਤੀ ਕਮਰੇ ਵਿੱਚ ਦਾਖ਼ਲ ਹੋਏ। ਬਿੱਟੂ ਅਨੁਸਾਰ ਅਕਬਰੀ ਤੇ ਉਹ ਆਪ ਦੋਵੇਂ ਨਗਨ ਅਵਸਥਾ ਵਿੱਚ ਸਨ। ਉਕਤ ਵਿਅਕਤੀਆਂ ਨੇ ਅਕਬਰੀ ਨਾਲ ਉਸ ਦੀ ਵੀਡੀਓ ਬਣਾ ਲਈ।
ਇਸ ਤੋਂ ਬਾਅਦ ਉਹ ਉਸ ਨੂੰ ਬਲੈਕਮੇਲ ਕਰਨ ਲੱਗੇ। ਬਿੱਟੂ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਤੋਂ 1 ਲੱਖ ਰੁਪਏ ਮੰਗੇ। ਉਸ ਨੇ ਬੈਂਕ ਤੋਂ 20 ਹਜ਼ਾਰ ਰੁਪਏ ਅਤੇ ਇੱਕ ਦੋਸਤ ਤੋਂ 30 ਹਜ਼ਾਰ ਰੁਪਏ ਉਧਾਰ ਲੈ ਕੇ ਉਨ੍ਹਾਂ ਨੂੰ ਦੇ ਦਿੱਤੇ। ਉਹ ਕਾਫੀ ਪਰੇਸ਼ਾਨ ਸੀ। ਉਸ ਨੇ ਇਸ ਘਟਨਾ ਬਾਰੇ ਪਿੰਡ ਦੇ ਕੁਝ ਲੋਕਾਂ ਨੂੰ ਦੱਸਿਆ, ਜਿਸ ਤੋਂ ਬਾਅਦ ਉਹ ਲੋਕਾਂ ਦੀ ਮਦਦ ਨਾਲ ਥਾਣਾ ਡੇਹਲੋਂ ਵਿਖੇ ਸ਼ਿਕਾਇਤ ਦਰਜ ਕਰਵਾਉਣ ਗਿਆ। ਪੁਲਿਸ ਨੇ ਜਦੋਂ ਮੁਲਜ਼ਮਾਂ ਦੀ ਪੜਤਾਲ ਕਰਕੇ ਮੁਲਜ਼ਮ ਕਰਨਵੀਰ ਸਿੰਘ ਅਤੇ ਅਕਬਰੀ ਦਾ ਆਧਾਰ ਕਾਰਡ ਦੇਖਿਆ ਤਾਂ ਪਤਾ ਲੱਗਾ ਕਿ ਕਰਨਵੀਰ ਅਕਬਰੀ ਦਾ ਪਤੀ ਹੈ।
ਥਾਣਾ ਡੇਹਲੋਂ ਦੀ ਐਸਐਚਓ ਗੁਰਵਿੰਦਰ ਕੌਰ ਨੇ ਦੱਸਿਆ ਕਿ ਅਕਬਰੀ ਨੇ ਜਲਦੀ ਅਮੀਰ ਹੋਣ ਲਈ ਇਹ ਰਾਹ ਅਪਣਾਇਆ। ਮੁਲਜ਼ਮਾਂ ਦੀ ਪਛਾਣ ਅਕਬਰੀ, ਕਰਨਵੀਰ ਸਿੰਘ ਅਤੇ ਕਮਲਪ੍ਰੀਤ ਸਿੰਘ ਵਜੋਂ ਹੋਈ ਹੈ। ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਤੋਂ ਫਿਲਹਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਹ ਪਹਿਲਾਂ ਵੀ ਕਿੰਨੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁਲਜ਼ਮਾਂ ਖ਼ਿਲਾਫ਼ ਧਾਰਾ 384,120-ਬੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।