Punjab

ਪੁਲਿਸ ਨੇ ਸੁਲਝਾਈ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਦੀ ਗੁੱਥੀ

‘ਦ ਖ਼ਾਲਸ ਬਿਊਰੋ :- ਪੰਜਾਬ ਪੁਲਿਸ ਵੱਲੋਂ ਸ਼ੋਰਯਾ ਚੱਕਰ ਬਲਵਿੰਦਰ ਸਿੰਘ ਕਤਲ ਮਾਮਲੇ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ 16 ਅਕਤੂਬਰ ਨੂੰ ਦੋ ਨਕਾਬਧਾਰੀ ਵਿਅਕਤੀਆਂ ਨੇ ਤਰਨਤਾਰਨ ਦੇ ਪਿੰਡ ਭਿੱਖੀਵਿੰਡ ਵਿੱਚ ਕਾਮਰੇਡ ਬਲਵਿੰਦਰ ਸਿੰਘ ਦੇ ਘਰ ਵਿੱਚ ਦਾਖ਼ਲ ਹੋ ਕਿ ਉਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਪੁਲੀਸ ਨੇ ਇਸ ਮਾਮਲੇ ਦੇ ਮੁੱਖ ਦੋਸ਼ੀ ਨੂੰ ਲੁਧਿਆਣਾ ਤੋਂ ਕਾਬੂ ਕੀਤਾ ਹੈ।

DIG ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ਵਿੱਚ ਮੁੱਖ ਦੋਸ਼ੀ ਸੁਖਰਾਜ ਸਿੰਘ ਸੁੱਖਾ ਤੇ ਰਵਿੰਦਰ ਸਿੰਘ ਗਿਆਨਾ ਨੂੰ ਕਾਬੂ ਕਰਕੇ ਜਾਂਚ ਸ਼ੁਰੂ ਕੀਤੀ ਸੀ। ਇਹ ਦੋਵੇਂ A ਕੈਟੇਗਰੀ ਦੇ ਗੈਂਗਸਟਰ ਹਨ। ਇਨ੍ਹਾਂ ਦੀ ਗੈਂਗਸਟਰ ਸੁੱਖਾ ਭਿਖਾਰੀਵਾਲਾ ਨਾਲ ਰਿਸ਼ਤੇਦਾਰੀ ਹੈ। ਸੁਖਰਾਜ ਸਿੰਘ ਸੁੱਖਾ ਖਿਲਾਫ 14 ਅਤੇ ਰਵਿੰਦਰ ਸਿੰਘ ਗਿਆਨਾ ਖਿਲਾਫ 11 ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਰਵਿੰਦਰ ਸਿੰਘ ਗਿਆਨਾ ਨੇ ਮੰਨਿਆ ਕਿ ਉਹ ਪੈਸੇ ਲੈ ਕੇ ਜੁਰਮ ਕਰਨ ਦਾ ਆਦੀ ਹੈ। ਉਸ ਨੇ ਸੁਖਰਾਜ ਸਿੰਘ ਸੁੱਖਾ, ਸੁੱਖ ਭਿਖਾਰੀਵਾਲ ਅਤੇ ਸੁਖਮੀਤਪਾਲ ਸਿੰਘ ਕੋਲੋ ਇਹ ਕਤਲ ਕਰਵਾਇਆ ਹੈ।

ਗਿਆਨਾ ਅਤੇ ਸੁੱਖਾ ਜੇਲ ਵਿੱਚ ਮਿਲੇ ਸਨ ਅਤੇ ਕੁੱਝ ਸਮਾਂ ਪਹਿਲਾਂ ਜ਼ਮਾਨਤ ’ਤੇ ਬਾਹਰ ਆਏ ਸਨ। ਪੁਲੀਸ ਨੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਵੀ ਨਹਿਰ ਵਿਚੋਂ ਬਰਾਮਦ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਦੋਸ਼ੀਆ ਦੀ ਗ੍ਰਿਫਤਾਰੀ CCTV ਕੈਮਰਿਆਂ ਦੇ ਆਧਾਰ ਕੀਤੀ ਗਈ।

ਪੁਲੀਸ ਨੇ ਇਸ ਮਾਮਲੇ ਵਿੱਚ ਰਵਿੰਦਰ ਸਿੰਘ ਵਾਸੀ ਦੀਨਾਨਗਰ, ਰਵੀ ਕੁਮਾਰ , ਰਵਿੰਦਰ ਸਿੰਘ ਸਲੀਮਪੁਰ ਥਾਣਾ ਸਲੀਮ ਟਾਬਰੀ ਲੁਧਿਆਣਾ ਅਤੇ ਚਾਂਦ ਕੁਮਾਰ ਭਾਟੀਆ ਥਾਣਾ ਸਲੇਮ ਟਾਬਰੀ ਲੁਧਿਆਣਾ, ਪ੍ਭਦੀਪ ਸਿੰਘ ,ਅਕਾਸ਼ਦੀਪ ਅਰੋੜਾ, ਜਗਜੀਤ ਸਿੰਘ ਜੱਗਾ, ਰਾਕੇਸ਼ ਕੁਮਾਰ ਕਾਲਾ , ਜੋਬਨਜੀਤ ਸਿੰਘ ਜੋਬਨ, ਮਨਪ੍ਰੀਤ ਸਿੰਘ ਮਨੀ ਆਦਿ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜੇ ਵੀ ਕੁਝ ਲੋਕ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ।