Punjab

ਅਗਵਾ ਹੋਇਆ ਬੱਚਾ ਪੁਲਿਸ ਨੇ ਬਚਾਇਆ

ਬਿਉਰੋ ਰਿਪੋਰਟ – ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਖੰਨਾ ਦੇ ਪਿੰਡ ਸੀਹਾਂ ਦੌਦ ਦਾ ਜੋ ਬੱਚਾ ਕੱਲ਼੍ਹ ਅਗਵਾ ਹੋਇਆ ਸੀ ਉਸ ਨੂੰ ਪੁਲਿਸ ਨੇ ਬਚਾ ਲਿਆ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਬਦਮਾਸ਼ਾ ਨੂੰ ਘੇਰਾ ਪਾ ਕੇ ਇਨਕਾਉਂਟਕ ਕਰਕੇ ਬੱਚੇ ਦੀ ਜਾਨ ਬਚਾਈ ਹੈ। ਪਿੰਡ ਮੰਡੋਰ ‘ਚ ਪੁਲਿਸ ਤੇ ਬਦਮਾਸ਼ਾ ਵਿਚਾਲੇ ਮੁੱਠਭੇੜ ਹੋਈ। ਪੁਲਿਸ ਨੇ ਬੱਚੇ ਦੀ ਜਾਨ ਬਚਾ ਕੇ ਬੱਚਾ ਪਰਿਵਾਰ ਨੂੰ ਸੌਂਪ ਦਿੱਤਾ ਹੈ। ਪੁਲਿਸ ਵੱਲੋਂ ਇਨਕਾਉਂਟਰ ਨੂੰ ਅੰਜਾਮ ਦੇਣ ਤੋਂ ਬਾਅਦ ਐਸਐਸਪੀ ਖੰਨਾ ਅਤੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਖੁਦ ਆ ਕੇ ਬੱਚਾ ਪਰਿਵਾਰ ਨੂੰ ਸੌਂਪਿਆ ਹੈ। ਇਸ ਮੌਕੇ ਪਰਿਵਾਰ ਨੇ ਗੱਲ ਕਰਦਿਆਂ ਕਿਹਾ ਕਿ ਉਹ ਸਾਰੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਨ। ਬੱਚੇ ਦੀ ਮਾਂ ਨੇ ਕਿਹਾ ਕਿ ਉਹ ਸਰਕਾਰ ਤੇ ਪੁਲਿਸ ਦਾ ਧੰਨਵਾਦ ਕਰਦੀ ਹੈ ਉਹ ਕਦੇ ਨਹੀਂ ਚਾਹੇਗੀ ਅੱਗੇ ਤੋਂ ਅਜਿਹਾ ਕਿਸੇ ਨਾਲ ਹੋਵੇ। ਉਨ੍ਹਾਂ ਕਿਹਾ ਕਿ ਉਹ ਆਪਣੇ ਬੱਚੇ ਤੋਂ ਬਿਨਾ ਕੱਲ ਦੀ ਰਾਤ ਸੌਂ ਨਹੀਂ ਸਕੀ ਹੈ। ਦੱਸ ਦੇਈਏ ਕਿ ਖੰਨਾ ਦੇ ਪਿੰਡ ਸੀਹਾਂ ਦੌਦ ਵਿਖੇ ਕੱਲ਼ ਦੇਰ ਸ਼ਾਮ ਇੱਕ ਘਰ ਦੇ ਵਿਹੜੇ ਵਿੱਚ ਖੇਡਦੇ ਇੱਕ 8 ਸਾਲਾ ਮਾਸੂਮ ਬੱਚੇ ਨੂੰ ਦੋ ਮੋਟਰਸਾਈਕਲ ਸਵਾਰ ਚੱਕ ਕੇ ਫਰਾਰ ਹੋ ਗਏ। ਪਿੰਡ ਸੀਹਾਂ ਦੌਦ ਦੇ ਆੜ੍ਹਤੀ ਗੁਰਜੰਟ ਸਿੰਘ ਦਾ ਪੋਤਰਾ ਅਤੇ ਰਾਜਵੀਰ ਸਿੰਘ ਦਾ ਲੜਕਾ ਸ਼ਾਮ ਨੂੰ ਘਰ ਦੇ ਵੇਹੜੇ ਵਿੱਚ ਹੀ ਖੇਡ ਰਿਹਾ ਸੀ ਤਾਂ ਦੋ ਨੌਜੁਆਨ ਘਰ ਵਿੱਚ ਦਾਖਿਲ ਹੋ ਕੇ ਬੱਚੇ ਨੂੰ ਚੁੱਕ ਕੇ ਲੈ ਗਏ ਮੋਟਰ ਸਾਈਕਲ ਭਜਾ ਕੇ ਲੰਘ ਗਏ। ਸਰਪੰਚ ਇੰਦਰਜੀਤ ਸਿੰਘ ਸੀਹਾਂ ਦੌਦ ਨੇ ਦੱਸਿਆ ਕਿ ਘਰਦਿਆਂ ਦੇ ਰੋਲਾ ਪਾਉਣ ਤੇ ਪਿੰਡ ਦੇ ਨੌਜੁਆਨਾਂ ਨੇ ਵੀ ਪਿੱਛਾ ਕੀਤਾ ਜੋ ਕਿ ਰਾਣਵਾਂ ਹਾਈਵੇਅ ਪੁੱਲ ਤੱਕ ਪਿੱਛਾ ਕਰਦੇ ਰਹੇ ਜਿੱਥੇ ਉਕਤ ਅਗਵਾਕਾਰ ਮਿੱਟੀ ਉਡਾ ਕੇ ਚਕਮਾ ਦੇ ਕੇ ਫਰਾਰ ਹੋਣ ਵਿੱਚ ਕਾਮਯਾਬ ਹੋਏ। ਬੱਚੇ ਦੇ ਦਾਦੇ ਨੇ ਦੱਸਿਆ ਕਿ ਕੱਲ ਘਰੋਂ ਹੀ ਉਸ ਦੇ ਪੋਤਰੇ ਨੂੰ ਅਗਵਾ ਕਰ ਲਿਆ ਗਿਆ ਸੀ ਅਤੇ ਅਸੀਂ ਅਗਵਾ ਕਰਨ ਵਾਲਿਆਂ ਦਾ ਲੰਬੀ ਦੂਰੀ ਤੱਕ ਪਿੱਛਾ ਵੀ ਕੀਤਾ ਪਰ ਅਸੀਂ ਬੱਚੇ ਨੂੰ ਬਚਾ ਨਹੀ ਸਕੇ। ਬੱਚੇ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦਾ ਪੁਲਿਸ ਪ੍ਰਤੀ ਨਜ਼ਰਿਆ ਹੀ ਬਦਲ ਗਿਆ ਹੈ ਤੇ ਉਹ ਦੱਸ ਨਹੀਂ ਸਕਦੇ ਕਿ ਉਹ ਪੁਲਿਸ ਦੇ ਕਿੰਨਾ ਸ਼ੁਕਰ ਗੁਜਾਰ ਹਨ।

ਇਹ ਵੀ ਪੜ੍ਹੋ – ਸਿਹਤ ਮੰਤਰੀ ਨੇ ਮਾਰਿਆ ਅਚਾਨਕ ਛਾਪਾ, ਕਾਰਨ ਦੱਸੋ ਭੇਜਿਆ