ਬਿਊਰੋ ਰਿਪੋਰਟ : ਗੰਨ ਕਲਚਰ ਨੂੰ ਲੈਕੇ ਪੰਜਾਬ ਪੁਲਿਸ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ । ਮੋਗਾ ਵਿੱਚ ਭਾਈ ਅੰਮ੍ਰਿਤਪਾਲ ਦੇ ਇਕ ਹਿਮਾਇਤੀ ਖਿਲਾਫ FIR ਦਰਜ ਕੀਤੀ ਗਈ ਹੈ। ਇਸ ਸਮਰਥਕ ਦਾ ਨਾਂ ਭਗਵੰਤ ਮਿੰਘ ਬਾਜੇਕੇ ਦੱਸਿਆ ਜਾ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਉਸ ਦੀਆਂ ਕਈ ਤਸਵੀਰਾਂ ਭਾਈ ਅੰਮ੍ਰਿਤਪਾਲ ਨਾਲ ਸਾਹਮਣੇ ਆਇਆ ਸਨ । ਸੋਸ਼ਲ ਮੀਡੀਆ ‘ਤੇ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਦੇ ਨਾਂ ਨਾਲ ਵੀ ਕਾਫੀ ਮਸ਼ਹੂਰ ਸੀ। ਜਦੋਂ ਇਸੇ ਮਹੀਨੇ ਭਾਈ ਅੰਮ੍ਰਿਤਪਾਲ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਰੱਖਿਆ ਸੀ ਤਾਂ ਪ੍ਰਧਾਨ ਮੰਤਰੀ ਬਾਜੇਕੇ ਨੇ ਆਪਣੇ ਪੁੱਤਰ ਦੇ ਨਾਲ ਅੰਮ੍ਰਿਤਪਾਨ ਕੀਤਾ ਸੀ । ਇਸ ਤੋਂ ਬਾਅਦ ਉਹ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਸਰਗਰਮ ਸੀ ਅਤੇ ਉਸ ਦੀਆਂ ਕਾਫੀ ਫੋਟੋਆਂ ਹਥਿਆਰ ਨਾਲ ਵਾਇਰਲ ਹੋ ਰਹੀਆਂ ਸਨ । ਇਸ ਤੋਂ ਪਹਿਲਾਂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਮੰਗਲਵਾਰ ਨੂੰ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਗੰਨ ਕਲਚਰ ਤੇ ਨਕੇਲ ਕੱਸਣ ਦੇ ਲਈ ਅਗਲੇ ਤਿੰਨ ਮਹੀਨੇ ਤੱਕ ਪੰਜਾਬ ਪੁਲਿਸ ਵੱਲੋਂ ਵੱਡਾ ਆਪਰੇਸ਼ਨ ਚਲਾਇਆ ਜਾਵੇਗਾ । ਇਸ ਤੋਂ ਪਹਿਲਾਂ ਸੋਮਵਾਰ ਨੂੰ ਡੀਜੀਪੀ ਪੰਜਾਬ ਨੇ ਭਾਈ ਅੰਮ੍ਰਿਤਪਾਲ ਨੂੰ ਲੈਕੇ ਵੀ ਵੱਡਾ ਬਿਆਨ ਦਿੱਤਾ ਸੀ ।
ਡੀਜੀਪੀ ਪੰਜਾਬ ਦਾ ਅੰਮ੍ਰਿਤਪਾਲ ‘ਤੇ ਬਿਆਨ
ਸੋਮਵਾਰ ਨੂੰ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਵੱਲੋਂ ਹਥਿਆਰ ਰੱਖਣ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ ‘ਕੋਈ ਵੀ ਆਪਣੇ ਧਰਮ ਪ੍ਰਚਾਰ ਕਰ ਸਕਦਾ ਹੈ, ਅਸੀਂ ਉਸ ਦਾ ਸੁਆਗਤ ਕਰਦੇ ਹਾਂ, ਪਰ ਜੇਕਰ ਕੋਈ ਕਾਨੂੰਨ ਨੂੰ ਤੋੜੇਗਾ ਤਾਂ ਉਸ ‘ਤੇ ਸਖ਼ਤ ਐਕਸ਼ਨ ਲਵਾਂਗੇ,ਹਰ ਸ਼ਖ਼ਸ ਲਈ ਇਕ ਹੀ ਕਾਨੂੰਨ ਹੈ’,ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਸ਼ਲ ਮੀਡੀਆ ‘ਤੇ ਹੇਟ ਕਰਾਇਮ ਨੂੰ ਲੈਕੇ ਵੀ ਵੱਡਾ ਬਿਆਨ ਦਿੱਤਾ ਹੈ ‘ਉਨ੍ਹਾਂ ਕਿਹਾ ਕਿ ਸੰਵਿਧਾਨ ਵਿੱਚ ਹਰ ਇਕ ਨੂੰ ਬੋਲਣ ਦੀ ਅਜ਼ਾਦੀ ਦਿੱਤੀ ਗਈ ਹੈ। ਸੋਸ਼ਲ ਮੀਡੀਆ ‘ਤੇ ਵੀ ਇਹ ਨਿਯਮ ਲਾਗੂ ਹੁੰਦਾ ਹੈ ਪਰ ਕਿਸੇ ਦੇ ਖਿਲਾਫ਼ ਨਫ਼ਰਤ ਫੈਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ’।
ਰਾਜਾ ਵੜਿੰਗ ਦੀ ਭਾਈ ਅੰਮ੍ਰਿਤਪਾਲ ਨੂੰ ਸਲਾਹ
ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਹਥਿਆਰਾਂ ਦੇ ਨਾਲ ਭਾਈ ਅੰਮ੍ਰਿਤਪਾਲ ਦੀ ਫੋਟੋ ਟਵੀਟ ਕਰਦੇ ਹੋਏ ਲਿਖਿਆ ‘ਕਿ ਅਸੀਂ ਤੁਹਾਡੇ ਵੱਲੋਂ ਨੌਜਵਾਨਾਂ ਨੂੰ ਅੰਮ੍ਰਿਤ ਛਕਾਉਣ ਦੇ ਉਪਰਾਲੇ ਦਾ ਸੁਆਗਤ ਕਰਦੇ ਹਾਂ। ਪਰ ਰੱਬ ਦੇ ਵਾਸਤੇ ਹਥਿਆਰਾ ਨੂੰ ਪਰਮੋਟ ਨਾ ਕਰੋ ਜਿਸ ਦਾ ਨਤੀਜਾ ਹਿੰਸਾ ਹੋਵੇ। ਅਸੀਂ ਪਹਿਲਾਂ ਹੀ ਇਸ ਦੀ ਵੱਡੀ ਕੀਮਤ ਚੁੱਕਾ ਚੁੱਕੇ ਹਾਂ। ਉਹ ਭਿਆਨਕ ਯਾਦਾਂ ਹੁਣ ਵੀ ਸਾਡੇ ਜ਼ਹਿਨ ਵਿੱਚ ਹਨ। ਕ੍ਰਿਰਪਾ ਕਰਕੇ ਮੁੜ ਤੋਂ ਪੰਜਾਬ ਨੂੰ ਉਸ ਕਾਲੇ ਦੌਰ ਵਿੱਚ ਨਾ ਧੱਕੋ’।
ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਵੀ ਭਾਈ ਅੰਮ੍ਰਿਤਪਾਲ ਸਿੰਘ ‘ਤੇ ਗੰਭੀਰ ਸਵਾਲ ਚੁੱਕੇ ਸਨ । ਉਨ੍ਹਾਂ ਨੇ ਕਿਹਾ ਸੀ ਕਿ ਏਜੰਸੀਆਂ ਦੀ ਮਦਦ ਨਾਲ ਉਹ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਉਂਦੇ ਹਨ । ਜਿਸ ਦਾ ਜਵਾਬ ਭਾਈ ਅੰਮ੍ਰਿਤਪਾਲ ਵੱਲੋਂ ਵੀ ਲਗਾਤਾਰ ਦਿੱਤਾ ਜਾ ਰਿਹਾ ਹੈ । ਉਨ੍ਹਾਂ ਨੇ ਕਿਹਾ ਸੀ ਹਥਿਆਰ ਸਿੱਖੀ ਵਿਰਾਸਤ ਦਾ ਅਹਿਮ ਅੰਗ ਹੈ ਅਤੇ ਇਸ ਦੀ ਵਰਤੋਂ ਸੁਰੱਖਿਆ ਲਈ ਹੈ ਨਾ ਕਿ ਕਿਸੇ ਮਜਲੂਮ ‘ਤੇ ਹਮਲਾ ਕਰਨ ਲਈ ਹੈ।