India

ਮਾਈਨਿੰਗ ਮਾਫੀਆ ‘ਤੇ ਪੁਲਿਸ ਦੀ ਛਾਪੇਮਾਰੀ , ਗੋਲੀਬਾਰੀ ਦੌਰਾਨ ਆਗੂ ਦੀ ਪਤਨੀ ਦੀ ਜੀਵਨ ਲੀਲ੍ਹਾ ਸਮਾਪਤ

Police raid on mining mafia

ਉੱਤਰਾਖੰਡ ਤੋਂ ਵੱਡੀ ਖ਼ਬਰ ਸਾਹਮਣੇ ਆਈ ਜਿੱਥੇ ਯੂਪੀ ਪੁਲਿਸ ‘ਤੇ ਭਾਜਪਾ ਨੇਤਾ ਦੀ ਪਤਨੀ ਦੀ ਹੱਤਿਆ ਦਾ ਇਲਜ਼ਾਮ ਲੱਗਾ ਹੈ। ਮੁਰਾਦਾਬਾਦ ਪੁਲਿਸ ਬੁੱਧਵਾਰ ਦੇਰ ਰਾਤ ਉੱਤਰਾਖੰਡ ਦੇ ਜਸਪੁਰ ‘ਚ ਛਾਪੇਮਾਰੀ ਕਰਨ ਗਈ ਸੀ। ਜਦੋਂ ਪਿੰਡ ਵਾਸੀਆਂ ਨੇ ਪੁਲਿਸ ਨੂੰ ਘੇਰ ਲਿਆ ਤਾਂ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਗੋਲੀਬਾਰੀ ‘ਚ ਜਸਪੁਰ ਦੇ ਭਾਜਪਾ ਆਗੂ ਗੁਰਤਾਜ ਸਿੰਘ ਭੁੰਲਰ ਦੀ ਪਤਨੀ ਦੀ ਮੌਤ ਹੋ ਗਈ।

ਇਲਜ਼ਾਮ ਹੈ ਕਿ ਪੁਲਿਸ ਦੀ ਗੋਲੀ ਨਾਲ ਮਹਿਲਾ ਦੀ ਮੌਤ ਹੋ ਗਈ । ਇਸ ਘਟਨਾ ਵਿੱਚ ਮੁਰਾਦਾਬਾਦ ਦੇ 2 ਪੁਲਿਸ ਮੁਲਾਜ਼ਮ ਵੀ ਗੋਲੀਆਂ ਦਾ ਸ਼ਿਕਾਰ ਹੋਏ ਹਨ। ਪੁਲਿਸ ਟੀਮ ਦੇ ਕਈ ਲੋਕਾਂ ਨੂੰ ਬੰਧਕ ਬਣਾਉਣ ਦੀ ਵੀ ਸੂਚਨਾ ਹੈ। ਮੁਰਾਦਾਬਾਦ ਪੁਲਿਸ ਜ਼ਫਰ ਨਾ ਦੇ ਮੁਲਜ਼ਮ ਨੂੰ ਫੜਨ ਗਈ ਸੀ, ਜਿਸ ‘ਤੇ 50 ਹਜ਼ਾਰ ਦਾ ਇਨਾਮ ਸੀ। ਮੁਰਾਦਾਬਾਦ ਪੁਲਿਸ ਨੂੰ ਬਲਾਕ ਮੁਖੀ ਗੁਰਤਾਜ ਦੇ ਘਰ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਮੁਰਾਦਾਬਾਦ ਪੁਲਿਸ ਦੇ ਪੁੱਜਣ ’ਤੇ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ, ਜਿਸ ਵਿੱਚ ਬਲਾਕ ਪ੍ਰਧਾਨ ਦੀ ਪਤਨੀ ਗੁਰਪ੍ਰੀਤ ਕੌਰ ਦੀ ਮੌਤ ਹੋ ਗਈ ਹੈ। ਅਜੇ ਵੀ ਕੁਝ ਪੁਲਿਸ ਮੁਲਾਜ਼ਮਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ।

ਰਿਪੋਰਟ ਮੁਤਾਬਕ ਉੱਤਰ ਪਦੇਸ ਪੁਲਿਸ ਪਿੰਡ ਵਿੱਚ ਮਾਈਨਿੰਗ ਮਾਫੀਆ ਨੂੰ ਨੱਥ ਪਾਉਣ ਲਈ ਗਈ ਸੀ। ਇਸ ਦੌਰਾਨ ਪੁਲਿਸ ਨੇ ਇੱਕ ਘਰ ‘ਤੇ ਛਾਪਾ ਮਾਰਿਆ, ਪਰ ਉਨ੍ਹਾਂ ਨੇ ਸਥਾਨਕ ਪੁਲਿਸ ਵਾਲਿਆਂ ਨੂੰ ਸੂਚਨਾ ਨਹੀਂ ਦਿੱਤੀ। ਇਸ ਕਾਰਨ ਪੁਲਿਸ ਅਤੇ ਭਾਜਪਾ ਦੇ ਬਲਾਕ ਪ੍ਰਧਾਨ ਗੁਰਤਾਜ ਭੁੱਲਰ ਦੇ ਪਰਿਵਾਰ ਵਿਚਾਲੇ ਹੱਥੋਪਾਈ ਸ਼ੁਰੂ ਹੋ ਗਈ। ਵਿਵਾਦ ਵਧਦਾ ਹੀ ਗਿਆ ਅਤੇ ਗੱਲ ਗੋਲੀਬਾਰੀ ਤੱਕ ਪਹੁੰਚ ਗਈ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ, ਜਿਸ ਵਿਚ ਇਕ ਗੋਲੀ ਬਲਾਕ ਪ੍ਰਧਾਨ ਦੀ ਪਤਨੀ ਗੁਰਪ੍ਰੀਤ ਕੌਰ ਨੂੰ ਲੱਗੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਰਿਪੋਰਟ ਮੁਤਾਬਕ ਇਸ ਘਟਨਾ ਤੋਂ ਗੁੱਸੇ ‘ਚ ਆਏ ਪਿੰਡ ਵਾਸੀਆਂ ਨੇ ਰਾਸ਼ਟਰੀ ਰਾਜ ਮਾਰਗ ‘ਤੇ ਜਾਮ ਲਗਾ ਦਿੱਤਾ ਹੈ। ਡੀਆਈਜੀ ਮੁਰਾਦਾਬਾਦ ਨੇ ਦੱਸਿਆ ਕਿ ਮੁਲਜ਼ਮ 50,000 ਰੁਪਏ ਦਾ ਇਨਾਮ ਵਾਲਾ ਲੋੜੀਂਦਾ ਅਪਰਾਧੀ  ਉਨ੍ਹਾਂ ਨੇ ਦੱਸਿਆ ਕਿ ਜਦੋਂ ਸਾਡੀ ਪੁਲਿਸ ਟੀਮ ਪਹੁੰਚੀ ਤਾਂ ਉਨ੍ਹਾਂ ਨੂੰ ਬੰਧਕ ਬਣਾ ਲਿਆ ਗਿਆ ਅਤੇ ਉਨ੍ਹਾਂ ਦੇ ਹਥਿਆਰ ਖੋਹ ਲਏ ਗਏ। ਉਨ੍ਹਾਂ ਨੇ ਕਿਹਾ ਕਿ ਸਾਡੇ ਕੁਝ ਪੁਲਿਸ ਕਰਮਚਾਰੀ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਤਰਾਖੰਡ ਪੁਲਿਸ ਨੇ ਇਸ ਘਟਨਾ ਵਿੱਚ ਮਹਿਲਾ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ।

ਇਸ ਦੇ ਨਾਲ ਹੀ ਉੱਤਰਾਖੰਡ ਦੇ ਕੁਮਾਉਂ ਰੇਂਜ ਦੇ ਡੀਆਈਜੀ ਨੀਲੇਸ਼ ਭਰਨੇ ਨੇ ਦੱਸਿਆ ਕਿ ਭੁੱਲਰ ਦੀ ਪਤਨੀ ਦੀ ਮੌਤ ਦੇ ਮਾਮਲੇ ਵਿੱਚ ਆਈਪੀਸੀ ਦੀ ਧਾਰਾ 302, 147, 506 ਅਤੇ 120 ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਮੁਕੰਮਲ ਜਾਂਚ ਲਈ ਵੱਖਰੀ ਪੁਲਿਸ ਟੀਮ ਦਾ ਗਠਨ ਕੀਤਾ ਗਿਆ ਹੈ।