‘ਦ ਖ਼ਾਲਸ ਬਿਊਰੋ:- ਜ਼ਹਿਰੀਲੀ ਸ਼ਰਾਬ ਮਾਮਲੇ ਨੂੰ ਲੈ ਕੇ ਅੱਜ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵੱਲੋਂ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ‘ਚ ਚੰਡੀਗੜ੍ਹ ਰਾਜ ਭਵਨ ਦੇ ਬਾਹਰ ਧਰਨਾ ਦੇਣ ਦੀ ਕੋਸ਼ਿਸ਼ ਕੀਤੀ ਗਈ, ਇਸ ਮੌਕੇ ਚੰਡੀਗੜ੍ਹ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਅਕਾਲੀ ਲੀਡਰਾਂ ‘ਤੇ ਕਾਰਵਾਈ ਕਰਦਿਆਂ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਅਕਾਲੀ ਦਲ ਦੇ ਲੀਡਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਇਸ ਮੌਕੇ ਅਕਾਲੀ ਲੀਡਰਾਂ ਨੇ ਕੈਪਟਨ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਾਏ ਅਤੇ ਪੁਲਿਸ ਵਿਚਾਲੇ ਜੰਮ ਕੇ ਧੱਕਾ ਮੁੱਕੀ ਵੀ ਹੋਈ।
ਜ਼ਹਿਰੀਲੀ ਸ਼ਰਾਬ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ 4 ਦਿਨਾਂ ਲਈ ਧਰਨੇ ਦਾ ਐਲਾਨ ਕੀਤਾ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀ ਮੰਗ ਹੈ ਕਿ ਜ਼ਹਿਰੀਲੀ ਸ਼ਰਾਬ ਮਾਮਲੇ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਜਾਂ CBI ਤੋਂ ਕਰਵਾਈ ਜਾਵੇ।
7 ਜੁਲਾਈ ਨੂੰ ਵੀ ਰਾਜ ਭਵਨ ਦੇ ਬਾਹਰ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮਜੀਤ ਸਿੰਘ ਮਜੀਠੀਆ ਦੀ ਅਗਵਾਈ ‘ਚ ਪ੍ਰਦਰਸ਼ਨ ਕਰ ਰਹੇ ਸਾਰੇ ਲੀਡਰਾਂ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਸੀ, ਜਿਨ੍ਹਾਂ ਨੂੰ ਸ਼ਾਮ ਤੱਕ ਪੁਲਿਸ ਨੇ ਰਿਹਾਅ ਕਰ ਦਿੱਤਾ ਸੀ।