‘ਦ ਖ਼ਾਲਸ ਬਿਊਰੋ :ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਕੱਲ ਹੋਣੀ ਹੈ ਅਤੇ ਕੱਲ ਹੀ ਨਤੀਜੇ ਵੀ ਆਉਣਗੇ।ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ, ਬਰੇਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਕੂੜੇ ਦੀ ਗੱਡੀ ਵਿੱਚ ਮਿਲੇ ਪੋਸਟਲ ਬੈਲਟ ਪੇਪਰ ਨੂੰ ਲੈ ਕੇ ਐੱਸਪੀ ਵਰਕਰਾਂ ਵੱਲੋਂ ਹੰਗਾਮੇ ਤੋਂ ਬਾਅਦ ਕਾਰਵਾਈ ਕੀਤੀ ਹੈ। ਜ਼ਿਲਾ ਪ੍ਰਸ਼ਾਸਨ ਨੇ ਐੱਸਡੀਐੱਮ ਬਹਿਦੀ ਪਾਰੁਲ ਤਰਾਰ ਨੂੰ ਹਟਾ ਦਿੱਤਾ ਹੈ ਤੇ ਉਨ੍ਹਾਂ ਦੀ ਥਾਂ ‘ਤੇ ਰਾਜੇਸ਼ ਚੰਦਰ ਨੂੰ ਨਵੀਂ ਤਾਇਨਾਤੀ ਮਿਲੀ ਹੈ। ਜਾਣਕਾਰੀ ਅਨੁਸਾਰ ਪਾਰੁਲ ਤਰਾਰ ਨੂੰ ਐਸਡੀਐਮ ਅਤੇ ਰਿਟਰਨਿੰਗ ਅਫ਼ਸਰ ਦੋਵਾਂ ਦੀ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੱਤਾ ਗਿਆ ਹੈ।
ਯੂਪੀ ਦੇ ਬਰੇਲੀ ‘ਚ ਸਪਾ ਦੇ ਵਰਕਰਾਂ ਨੇ ਕੂੜੇ ਦੇ ਤਿੰਨ ਡੱਬੇ ਫੜੇ ਤੇ ਦੋਸ਼ ਲਾਇਆ ਕਿ ਤਿੰਨੋਂ ਬਕਸਿਆਂ ਵਿੱਚ ਬੈਲਟ ਪੇਪਰ ਸਨ, ਹਾਲਾਂਕਿ ਬਰੇਲੀ ਪੁਲੀਸ ਨੇ ਇਸ ਮਾਮਲੇ ਵਿੱਚ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਬਰੇਲੀ ਪੁਲਿਸ ਮੁਤਾਬਕ ਬਕਸਿਆਂ ਵਿੱਚ ਬੈਲਟ ਪੇਪਰ ਨਹੀਂ ਸਨ। ਬਕਸੇ ਵਿੱਚ ਵੋਟਾਂ ਦੀ ਗਿਣਤੀ ਲਈ ਜ਼ਰੂਰੀ ਸਟੇਸ਼ਨਰੀ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।