ਦਿੱਲੀ : ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਦੇ ਸਾਮਾਨ ਨਾਲ ਛੇੜਛਾੜ ਕਰਕੇ ਉਹਨਾਂ ਦੇ ਸਾਮਾਨ ਦੀ ਹੇਰਾਫੇਰੀ ਕਰਨ ਵਾਲੇ ਇੱਕ ਗਿਰੋਹ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਏਅਰਪੋਰਟ ਦੇ ਕਾਰਗੋ ਖੇਤਰ ਵਿੱਚ ਚੋਰੀ ਦੇ ਰੈਕੇਟ ਦਾ ਪਰਦਾਫਾਸ਼ ਹੁੰਦੇ ਹੀ ਇੱਕ ਸੀਆਈਐਸਐਫ ਅਧਿਕਾਰੀ ਸਮੇਤ ਚਾਰ ਮੁਲਜ਼ਮ ਵੀ ਗ੍ਰਿਫ਼ਤਾਰ ਹੋਏ ਹਨ। ਇਹਨਾਂ ਕੋਲੋਂ ਚੋਰੀ ਦੇ 17 ਮਹਿੰਗੇ ਮੋਬਾਈਲ ਅਤੇ 10 ਘੜੀਆਂ ਬਰਾਮਦ ਹੋਈਆਂ ਹਨ।
ਇੱਕ ਯਾਤਰੀ ਰਮੇਸ਼ ਕੁਮਾਰ ਨੇ 21 ਨਵੰਬਰ ਨੂੰ ਆਪਣੀ ਸ਼ਿਕਾਇਤ ਦਰਜ ਕਰਵਾ ਕੇ ਦੋਸ਼ ਲਾਇਆ ਸੀ ਕਿ ਦਿੱਲੀ ਦੇ ਆਈਜੀਆਈ ਏਅਰਪੋਰਟ ਤੋਂ ਉਸ ਦੀ ਖੇਪ ਵਿੱਚੋਂ 19 ਮੋਬਾਈਲ ਫ਼ੋਨ (ਸੈਮਸੰਗ ਗਲੈਕਸੀ 22 ਅਤੇ ਸੈਮਸੰਗ ਗਲੈਕਸੀ 22 ਪਲੱਸ) ਚੋਰੀ ਹੋ ਗਏ ਸਨ, ਜਿਨ੍ਹਾਂ ਨੂੰ ਦੁਬਈ ਨੂੰ ਲਿਜਾਇਆ ਜਾਣਾ ਸੀ। ਜਿਸ ਮਗਰੋਂ ਪੁਲਿਸ ਨੇ ਟੀਮ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ।
ਟੀਮ ਨੇ ਚੋਰੀ ਕੀਤੇ ਮੋਬਾਈਲ ਫੋਨਾਂ ਨੂੰ ਬਕਾਇਦਾ ਟਰੈਕਿੰਗ ‘ਤੇ ਰੱਖਿਆ। ਕੁਝ ਦਿਨਾਂ ਬਾਅਦ ਜਦੋਂ ਮੋਬਾਈਲ ਫੋਨ ਐਕਟੀਵੇਟ ਹੋਏ ਤਾਂ ਉਨ੍ਹਾਂ ਨੂੰ ਟਰੇਸ ਕੀਤਾ ਗਿਆ। ਜਾਣਕਾਰੀ ਵਿੱਚ ਸਾਹਮਣੇ ਆਇਆ ਕਿ ਮਹੀਪਾਲਪੁਰ ਵਿੱਚ ਸਥਿਤ ਖੁਸ਼ੀ ਕਮਿਊਨੀਕੇਸ਼ਨ ਨਾਮ ਦੀ ਦੁਕਾਨ ਤੋਂ ਵੱਖ-ਵੱਖ ਗਾਹਕਾਂ ਨੂੰ ਮੋਬਾਈਲ ਫੋਨ ਵੇਚੇ ਜਾਂਦੇ ਹਨ। ਖੁਸ਼ੀ ਕਮਿਊਨੀਕੇਸ਼ਨ ਦੇ ਮਾਲਕ ਵਿਵੇਕ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਗਈ। ਉਸਨੇ ਖੁਲਾਸਾ ਕੀਤਾ ਕਿ ਉਸਨੇ ਇੱਕ ਸੀਆਈਐਸਐਫ ਅਧਿਕਾਰੀ ਤੋਂ 5 ਸੈਮਸੰਗ ਗਲੈਕਸੀ ਮੋਬਾਈਲ ਫੋਨ ਘੱਟ ਕੀਮਤ ‘ਤੇ ਖਰੀਦੇ ਸਨ। ਉਸਨੇ ਦੱਸਿਆ ਕਿ ਉਸਦੀ ਕਾਰਗੋ ਏਰੀਏ ਵਿੱਚ ਡਿਊਟੀ ਹੈ ਅਤੇ ਮਹੀਪਾਲਪੁਰ ਵਿੱਚ ਉਸਦੀ ਦੁਕਾਨ ਦੇ ਕੋਲ ਰਹਿੰਦਾ ਹੈ।
ਇਸ ਤੋਂ ਬਾਅਦ ਸੀਆਈਐਸਐਫ ਅਧਿਕਾਰੀ ਬ੍ਰਿਜਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਦੇ ਕਬਜ਼ੇ ਵਿੱਚੋਂ ਇੱਕ ਚੋਰੀ ਦਾ ਮੋਬਾਈਲ ਫ਼ੋਨ ਬਰਾਮਦ ਕੀਤਾ ਗਿਆ। ਉਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਦੋ ਲੋਡਰਾਂ ਦੇ ਸੰਪਰਕ ਵਿੱਚ ਸੀ, ਜੋ ਏਅਰਪੋਰਟ ਦੇ ਕਾਰਗੋ ਏਰੀਏ ਵਿੱਚ ਦਿੱਲੀ ਕਾਰਗੋ ਸਰਵਿਸ ਸੈਂਟਰ ਨਾਮ ਦੀ ਇੱਕ ਲੌਜਿਸਟਿਕ ਕੰਪਨੀ ਵਿੱਚ ਕੰਮ ਕਰਦੇ ਸਨ। ਉਹ ਉਸ ਨੂੰ ਪਿਛਲੇ 2-3 ਸਾਲਾਂ ਤੋਂ ਜਾਣਦਾ ਸੀ।
ਕੁਝ ਦਿਨ ਪਹਿਲਾਂ ਉਨ੍ਹਾਂ ਨੇ ਸੰਪਰਕ ਕੀਤਾ ਅਤੇ ਉਸ ਨੂੰ ਦੱਸਿਆ ਕਿ ਉਨ੍ਹਾਂ ਨੇ ਮਾਲ ਵਿੱਚੋਂ ਕਈ ਮੋਬਾਈਲ ਫੋਨ ਚੋਰੀ ਕੀਤੇ ਹਨ ਅਤੇ ਉਨ੍ਹਾਂ ਨੂੰ ਵੇਚਣਾ ਚਾਹੁੰਦੇ ਹਨ। ਦੋਵਾਂ ਨੇ ਉਨ੍ਹਾਂ ਨੂੰ 6 ਮੋਬਾਈਲ ਫ਼ੋਨ ਦਿੱਤੇ, ਜਿਨ੍ਹਾਂ ‘ਚੋਂ 5 ਮੋਬਾਈਲ ਖੁਸ਼ੀ ਕਮਿਊਨੀਕੇਸ਼ਨ ਮਹੀਪਾਲਪੁਰ ਨੂੰ 25 ਹਜ਼ਾਰ ਰੁਪਏ ਪ੍ਰਤੀ ਮੋਬਾਈਲ ਦੇ ਹਿਸਾਬ ਨਾਲ ਵੇਚ ਦਿੱਤੇ |ਦੋਵੇਂ ਸਹਿ-ਦੋਸ਼ੀ ਅਸ਼ਵਨੀ ਅਤੇ ਰਾਕੇਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦਿੱਲੀ ਕਾਰਗੋ ਸਰਵਿਸ ਸੈਂਟਰ ‘ਚ ਕੰਮ ਕਰਦੇ ਉਸ ਦੇ 7 ਸਾਥੀਆਂ ਦੇ ਕਬਜ਼ੇ ‘ਚੋਂ 11 ਮੋਬਾਈਲ ਬਰਾਮਦ ਕੀਤੇ ਗਏ ਹਨ। ਮੁਲਜ਼ਮ ਰਾਕੇਸ਼ ਦੇ ਘਰ ਤਲਾਸ਼ੀ ਦੌਰਾਨ 10 ਘੜੀਆਂ ਵੀ ਬਰਾਮਦ ਹੋਈਆਂ।