Punjab

ਪੁਲਿਸ ਨੇ ਪੰਜਾਬ ਦੇ ਸਾਬਕਾ ਮੰਤਰੀ ਡਾ. ਵਿਜੇ ਸਿੰਗਲਾ ਨੂੰ ਦਿੱਤੀ ਕਲੀਨ ਚਿੱਟ

ਪੰਜਾਬ ਦੇ ਸਾਬਕਾ ਸਿਹਤ ਮੰਤਰੀ ਵਿਜੈ ਸਿੰਗਲਾ ਨੂੰ ਭ੍ਰਿਸ਼ਟਾਚਾਰ ਮਾਮਲੇ ਵਿੱਚ ਪੰਜਾਬ ਪੁਲਿਸ ਪਾਸੋਂ ਕਲੀਨ ਚਿੱਟ ਮਿਲ ਚੁੱਕੀ ਹੈ ਜਦਕਿ ਉਨ੍ਹਾਂ ਦੇ OSD ਪ੍ਰਦੀਪ ਕੁਮਾਰ ਖਿਲਾਫ ਜਾਂਚ ਅਜੇ ਵੀ ਜਾਰੀ ਹੈ। punjabi tribune ਦੀ ਰਿਪੋਰਟ ਦੇ ਮੁਤਾਬਕ  ਪੁਲਿਸ ਨੇ ਮੁਹਾਲੀ ਅਦਾਲਤ ਵਿੱਚ ਕਲੋਜ਼ਰ ਰਿਪੋਰਟ ਦਾਖ਼ਲ ਕਰ ਦਿੱਤੀ ਹੈ ਅਤੇ ਅਦਾਲਤ ਵੱਲੋਂ ਇਸ ਬਾਰੇ 14 ਜੁਲਾਈ ਨੂੰ ਫੈਸਲਾ ਲਿਆ ਜਾਵੇਗਾ।

ਦਰਅਸਲ 1 ਫ਼ੀਸਦੀ ਕਮਿਸ਼ਨ ਮੰਗਣ ਦੇ ਇਲਜ਼ਾਮ ‘ਚ ਨਾਮਜਦ ਕੀਤੇ ਗਏ ਵਿਧਾਇਕ ਵਿਜੇ ਸਿੰਗਲਾ ਅਤੇ ਉਨ੍ਹਾਂ ਦੇ OSD ਪ੍ਰਦੀਪ ਕੁਮਾਰ ਖਿਲਾਫ਼ ਥਾਣਾ ਫੇਜ-8 ਮੁਹਾਲੀ ਵਿੱਚ ਭ੍ਰਿਸ਼ਟਾਚਾਰ ਦੀਆਂ ਧਾਰਾ-7 ਅਤੇ 8 ਦੇ ਤਹਿਤ ਮਾਮਲਾ ਦਰਜ ਹੋਇਆ ਸੀ ਅਤੇ ਹੁਣ ਮੋਹਾਲੀ ਪੁਲਿਸ ਵੱਲੋਂ ਸਿੰਗਲਾ ਨੂੰ ਕਲੀਨ ਚਿੱਟ ਦਿੰਦਿਆ ਮੋਹਾਲੀ ਦੀ ਅਦਾਲਤ ‘ਚ ਕਲੋਜਰ ਰਿਪੋਰਟ ‘ਮਾਮਲਾ ਰੱਦ ਕਰਨ ਸਬੰਧੀ’ ਦਾਖ਼ਲ ਕਰ ਦਿੱਤੀ ਗਈ ਹੈ।

ਇਸ ਕਲੋਜਰ ਰਿਪੋਰਟ ‘ਤੇ ਸ਼ਿਕਾਇਤਕਰਤਾ ਰਜਿੰਦਰ ਸਿੰਘ ਵਲੋਂ ਵੀ ਆਪਣੀ ਸਹਿਮਤੀ ਜਤਾਉਂਦਿਆ ਕਿਹਾ ਗਿਆ ਹੈ ਕਿ ਜੇਕਰ ਅਦਾਲਤ ਵਲੋਂ ਇਹ ਕਲੋਜਰ ਰਿਪੋਰਟ ਸਵੀਕਾਰ ਕਰ ਲਈ ਜਾਂਦੀ ਹੈ ਤਾਂ ਉਸ ਨੂੰ ਕੋਈ ਇਤਰਾਜ ਨਹੀਂ ਹੈ।

ਅਦਾਲਤ ਵਲੋਂ ਇਸ ਕਲੋਜਰ ਰਿਪੋਰਟ ‘ਤੇ ਆਪਣਾ ਫੈਸਲਾ 14 ਜੁਲਾਈ ਲਈ ਰਾਂਖਵਾ ਰੱਖ ਲਿਆ ਹੈ। ਇਸ ਮਾਮਲੇ ‘ਚ ਮੁਲਜਮ ਪ੍ਰਦੀਪ ਕੁਮਾਰ ਦੀ ਉਕਤ ਕੇਸ ਵਿਚ ਸ਼ਮੂਲੀਅਤ ਬਾਰੇ ਮੋਹਾਲੀ ਪੁਲਿਸ ਤਫਤੀਸ਼ ਕਰ ਰਹੀ ਹੈ, ਕਿਉਂਕਿ ਉਸ ਖਿਲਾਫ ਅਦਾਲਤ ‘ਚ ਚਾਰਜਸ਼ੀਟ ਦਾਖਲ ਕੀਤੀ ਜਾ ਚੁੱਕੀ ਹੈ|