Punjab

ਅੰਮ੍ਰਿਤਸਰ ‘ਚ ਹਥਿਆਰ ਤਸਕਰਾਂ ਨਾਲ ਪੁਲਿਸ ਦਾ ਐਨਕਾਉਂਟਰ, ਦੋ ਗ੍ਰਿਫਤਾਰ, ਹਥਿਆਰ ਬਰਾਮਦ

Amritsar News : ਅੰਮ੍ਰਿਤਸਰ ਵਿਚ ਵੱਡੇ ਤੜਕੇ ਅੱਜ ਹਥਿਆਰ ਤਸਕਰਾਂ ਨਾਲ ਪੁਲਿਸ ਦਾ ਐਨਕਾਊਂਟਰ ਹੋ ਗਿਆ। ਦੋਵਾਂ ਪਾਸੋਂ ਗੋਲੀਆਂ ਚੱਲੀਆਂ ਜਿਸ ਮਗਰੋਂ ਦੋ ਤਸਕਰ ਗ੍ਰਿਫਤਾਰ ਕਰ ਲਏ ਗਏ ਜਿਹਨਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ।

ਜਾਣਕਾਰੀ ਮੁਤਾਬਕ ਦੋ ਗੈਂਗਸਟਰ ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ਦੀਆਂ ਝਾੜੀਆ ਵਿਚ ਲੁਕੇ ਹੋਏ ਸਨ, ਜਿੰਨ੍ਹਾਂ ਨੂੰ ਫੜ੍ਹਨ ਲਈ ਸੀ. ਆਈ. ਏ. ਸਟਾਫ਼ ਵਨ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਨੇ ਤਲਾਸ਼ੀ ਅਭਿਆਨ ਚਲਾਇਆ ਤਾਂ ਗੈਂਗਸਟਰਾਂ ਨੇ ਪੁਲਿਸ ਪਾਰਟੀ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਜਵਾਬੀ ਕਾਰਵਾਈ ਵਿਚ ਇਕ ਗੈਂਗਸਟਰ ਜ਼ਖ਼ਮੀ ਹੋ ਗਿਆ। ਇਹ ਵੀ ਸੂਚਨਾ ਮਿਲੀ ਹੈ ਕਿ ਪੁਲਿਸ ਵਲੋਂ ਦੋ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ ਗਿਆ ਹੈ, ਜਿਨ੍ਹਾਂ ਪਾਸੋਂ ਦੋ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ।ਪੁਲਿਸ ਪਿਛਲੇ ਤਿੰਨ ਦਿਨਾਂ ਤੋਂ ਇਨ੍ਹਾਂ ਤਸਕਰਾਂ ਦਾ ਪਤਾ ਲਗਾ ਰਹੀ ਸੀ। ਰਾਤ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਤਰਨਤਾਰਨ ਰੋਡ ’ਤੇ ਪਾਰਕ ਦੇ ਆਸ-ਪਾਸ ਨਜ਼ਰ ਆਏ ਹਨ। ਜਿਸ ਤੋਂ ਬਾਅਦ ਪੁਲਿਸ ਟੀਮਾਂ ਨੇ ਯੋਜਨਾ ਬਣਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

ਪੁਲਿਸ ਨੂੰ ਦੇਖ ਕੇ ਫਾਇਰਿੰਗ ਕੀਤੀ

ਏ.ਸੀ.ਪੀ ਸੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਪੁਲਿਸ ਦੀਆਂ ਗੱਡੀਆਂ ਨੂੰ ਦੇਖ ਕੇ ਤਸਕਰਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਗੋਲੀਆਂ ਪੁਲਿਸ ਦੀਆਂ ਗੱਡੀਆਂ ਨੂੰ ਲੱਗੀਆਂ। ਜਿਸ ਤੋਂ ਬਾਅਦ ਪੁਲਿਸ ਨੇ ਚਾਰਜ ਸੰਭਾਲ ਲਿਆ ਅਤੇ ਜਵਾਬੀ ਕਾਰਵਾਈ ਕੀਤੀ। ਇਸ ਦੌਰਾਨ ਇੱਕ ਤਸਕਰ ਦੇ ਪੱਟ ਵਿੱਚ ਗੋਲੀ ਲੱਗੀ। ਜਦਕਿ ਦੂਜਾ ਭੱਜਦੇ ਹੋਏ ਫੜਿਆ ਗਿਆ।

ਦੋ ਪਿਸਤੌਲ ਬਰਾਮਦ

ਫੜੇ ਗਏ ਦੋਵੇਂ ਤਸਕਰ ਤਰਨਤਾਰਨ ਦੇ ਰਹਿਣ ਵਾਲੇ ਹਨ। ਇੱਕ ਝਬਾਲ ਦਾ ਅਤੇ ਦੂਜਾ ਤਰਨਤਾਰਨ ਸ਼ਹਿਰ ਦਾ ਰਹਿਣ ਵਾਲਾ ਹੈ। ਤਸਕਰੀ ਦੇ ਨਾਲ-ਨਾਲ ਦੋਵੇਂ ਸ਼ਾਰਪ ਸ਼ੂਟਰ ਵੀ ਹਨ। ਜੋ ਸੁਪਾਰੀ ਲੈ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਪੁਲਿਸ ਨੇ ਦੋਵਾਂ ਤਸਕਰਾਂ ਕੋਲੋਂ ਦੋ ਪਿਸਤੌਲ ਵੀ ਬਰਾਮਦ ਕੀਤੇ ਹਨ। ਫਿਲਹਾਲ ਦੋਵੇਂ ਜ਼ਖਮੀਆਂ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ – ਪੰਜਾਬ-ਚੰਡੀਗੜ੍ਹ ‘ਚ ਤਾਪਮਾਨ ਆਮ ਨਾਲੋਂ ਵੱਧ, ਮਾਮੂਲੀ ਵਾਧਾ ਦਰਜ