ਪੰਜਾਬ ਦੇ ਅੰਮ੍ਰਿਤਸਰ ਵਿਖੇ ਅੱਜ ਪੁਲਿਸ ਅਤੇ ਨਾਮੀ ਗੈਂਗ ਦੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ ਹੈ। ਜਿਸ ਦੌਰਾਨ ਸਵੇਰੇ ਪੁਲਿਸ ਨਾਲ ਹੋਏ ਮੁਕਾਬਲੇ ਮਗਰੋਂ ਇਕ ਗੈਂਗਸਟਰ ਦੀ ਮੌਤ ਹੋ ਗਈ ਹੈ। ਮੁਕਾਬਲੇ ਵਿਚ ਇਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਣ ਦੀ ਖਬਰ ਹੈ। ਮਾਰੇ ਗਏ ਗੈਂਗਸਟਰ ਦੀ ਪਛਾਣ ਅੰਮ੍ਰਿਤਪਾਲ ਅਮਰੀ ਵਜੋਂ ਹੋਈ ਹੈ।
ਮੁਕਾਬਲਾ ਉਦੋਂ ਹੋਇਆ ਜਦੋਂ ਪੁਲਿਸ ਉਸਨੂੰ ਰਿਕਵਰੀ ਵਾਸਤੇ ਲੈ ਕੇ ਜਾ ਰਹੀ ਸੀ ਤਾਂ ਪੁਲਿਸ ਦਾ ਹਥਿਆਰ ਖੋਹ ਕੇ ਗੋਲੀ ਚਲਾ ਦਿੱਤੀ। ਪੁਲਿਸ ਨੇ ਜਵਾਬੀ ਗੋਲੀਬਾਰੀ ਕੀਤੀ ਜਿਸ ਵਿਚ ਉਸਦੀ ਮੌਤ ਹੋ ਗਈ। ਇਹ ਮੁਲਜ਼ਮ ਕਈ ਮਾਮਲਿਆਂ ਵਿਚ ਲੋੜੀਂਦਾ ਸੀ। । ਮੁਲਜ਼ਮ 3 ਕਤਲ ਕੇਸਾਂ ਵਿੱਚ ਸ਼ਾਮਲ ਸੀ। ਜਿਸ ਵਿੱਚ 4 ਲੋਕਾਂ ਦੀ ਮੌਤ ਹੋ ਗਈ ਸੀ । ਮ੍ਰਿਤਕ ਗੈਂਗਸਟਰ ਜੰਡਿਆਲਾ ਗੁਰੂ ਦੇ ਪਿੰਡ ਭਗਵਾਨ ਦਾ ਰਹਿਣ ਵਾਲਾ ਹੈ। ਉਸ ਦੀ ਉਮਰ ਕਰੀਬ 23 ਸਾਲ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਜੰਡਿਆਲਾ ਗੁਰੂ ‘ਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਇਆ ਹੈ। ਪੁਲਿਸ ਨੇ ਜਵਾਬੀ ਕਾਰਵਾਈ ਵਿਚ ਗੈਂਗਸਟਰ ਨੂੰ ਮਾਰ ਮੁਕਾਇਆ ਹੈ।
ਗੈਂਗਸਟਰ ਅੰਮ੍ਰਿਤਪਾਲ ਅਮਰੀ ਨੂੰ ਪੁਲਿਸ ਇਥੇ ਕਿਸੇ ਕੇਸ ਵਿਚ ਲੈ ਕੇ ਆਈ ਸੀ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਇਸ ਦੌਰਾਨ ਪੁਲਿਸ ਦੀ ਕਾਰਵਾਈ ਵਿਚ ਮਾਰਿਆ ਗਿਆ। ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨਸ਼ੇ ਤੇ ਹਥਿਆਰਾਂ ਦੀ ਰਿਕਵਰੀ ਲਈ ਪੁਲਿਸ ਇਸ ਗੈਂਗਸਟਰ ਨੂੰ ਇਥੇ ਲਿਆਈ ਸੀ। ਰਿਕਵਰੀ ਦੌਰਾਨ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ ਤੇ ਹੱਥਕੜੀਆਂ ਸਮੇਤ ਭੱਜਣ ਦੀ ਕੋਸ਼ਿਸ਼ ਕੀਤੀ।
ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਅਮਰੀ ਨੂੰ ਕੱਲ੍ਹ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੇ ਦੱਸਿਆ ਕਿ ਉਸ ਨੇ 2 ਕਿਲੋ ਹੈਰੋਇਨ ਛੁਪਾ ਕੇ ਰੱਖੀ ਸੀ। ਪੁਲਿਸ ਉਸ ਨੂੰ ਉੱਥੇ ਲੈ ਗਈ। ਉਸ ਨੇ ਉੱਥੇ ਇੱਕ ਪਿਸਤੌਲ ਵੀ ਛੁਪਾ ਕੇ ਰੱਖਿਆ ਹੋਇਆ ਸੀ।
ਹੈਰੋਇਨ ਕੱਢਣ ਦੇ ਬਹਾਨੇ ਉਸ ਨੇ ਉਥੇ ਰੱਖੇ ਪਿਸਤੌਲ ਤੋਂ ਗੋਲੀ ਚਲਾ ਦਿੱਤੀ। ਫਿਰ ਉਹ ਹੱਥਕੜੀ ਲੈ ਕੇ ਭੱਜਣ ਲੱਗਾ। ਉਸ ਦੀ ਗੋਲੀ ਨਾਲ ਇਕ ਅਧਿਕਾਰੀ ਜ਼ਖਮੀ ਹੋ ਗਿਆ ਹੈ। ਇਸ ਤੋਂ ਬਾਅਦ ਪੁਲਿਸ ਨੇ ਉਸਨੂੰ ਰੁਕਣ ਲਈ ਕਿਹਾ ਪਰ ਉਸਨੇ ਸਿੱਧੀ ਗੋਲੀਬਾਰੀ ਜਾਰੀ ਰੱਖੀ। ਜਿਸ ਤੋਂ ਬਾਅਦ ਜਵਾਬੀ ਗੋਲੀਬਾਰੀ ‘ਚ ਪੁਲਿਸ ਦੀ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ।
ਪੁਲਿਸ ਨੇ ਚੀਨੀ ਪਿਸਤੌਲ ਬਰਾਮਦ ਕੀਤਾ ਹੈ ਪੁਲਿਸ ਨੇ ਦੱਸਿਆ ਕਿ ਗੈਂਗਸਟਰ ਵੱਲੋਂ ਗੋਲੀਬਾਰੀ ਵਿੱਚ ਵਰਤੀ ਗਈ 0.30 ਬੋਰ ਦੀ ਚੀਨੀ ਪਿਸਤੌਲ ਵੀ ਬਰਾਮਦ ਕਰ ਲਈ ਗਈ ਹੈ। ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਉਹ ਕਿਸ ਗਿਰੋਹ ਨਾਲ ਸਬੰਧਤ ਸੀ, ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਐਤਵਾਰ ਨੂੰ ਮੋਗਾ ਵਿਖੇ ਪੁਲਿਸ ਅਤੇ ਨਾਮੀ ਗੈਂਗ ਦੇ ਗੈਂਗਸਟਰ ਪ੍ਰਿੰਸ ਅਤੇ ਕਰਨਜੀਤ ਵਿਚਾਲੇ ਮੁਕਾਬਲਾ ਹੋਇਆ ਸੀ। ਜਿਸ ਤੋਂ ਬਾਅਦ 3 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਫੜੇ ਗਏ ਗੈਂਗਸਟਰਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਸਨ। ਇਹ ਮੁਕਾਬਲਾ ਪਿੰਡ ਦੌਧਰ ਵਿੱਚ ਹੋਇਆ ਸੀ।
ਇਸ ਤੋਂ ਵੀ ਪਹਿਲਾਂ ਸ਼ਨੀਵਾਰ ਨੂੰ ਮੋਹਾਲੀ ਅਤੇ ਪਟਿਆਲਾ ਵਿੱਚ ਐਨਕਾਊਂਟਰ ਹੋਏ ਸਨ। ਪੁਲਿਸ ਨੇ ਗੈਂਗਸਟਰ ਪ੍ਰਿੰਸ ਅਤੇ ਕਰਨਜੀਤ ਨੂੰ ਮੋਹਾਲੀ ਵਿੱਚ ਘੇਰ ਲਿਆ। ਜਿਸ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਇਸ ‘ਚ ਦੋਵੇਂ ਗੈਂਗਸਟਰਾਂ ਦੀਆਂ ਲੱਤਾਂ ‘ਚ ਗੋਲੀਆਂ ਲੱਗੀਆਂ ਅਤੇ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਪਟਿਆਲਾ ‘ਚ ਗੈਂਗਸਟਰ ਮਲਕੀਤ ਚਿੱਟਾ ਦਾ ਐਨਕਾਊਂਟਰ ਹੋਇਆ ਹੈ। ਉਹ ਬਾਈਕ ‘ਤੇ ਜਾ ਰਿਹਾ ਸੀ। ਜਿਸ ਤੋਂ ਬਾਅਦ ਪੁਲਿਸ ਨਾਲ ਕਰਾਸ ਫਾਇਰਿੰਗ ਤੋਂ ਬਾਅਦ ਉਸਨੂੰ ਫੜ ਲਿਆ ਗਿਆ।