India Punjab

ਪੁਲਿਸ ਨੇ ਦੀਪ ਸਿੱਧੂ ਦੀ ਮੌਤ ਪਿੱਛੇ ਕਿਸੇ ਸਾਜ਼ਿਸ਼ ਤੋਂ ਕੀਤਾ ਇਨਕਾਰ

‘ਦ ਖ਼ਾਲਸ ਬਿਊਰੋ : ਦੀਪ ਸਿੱਧੂ ਦੀ ਗੱਡੀ ਨਾਲ ਵਾਪਰੇ ਹਾਦਸੇ ਲਈ ਜਿੰਮੇਵਾਰ ਟਰਾਲੇ ਦੇ ਫਰਾਰ ਹੋਏ ਡਰਾਈਵਰ ਨੂੰ ਦਿੱਲੀ ਬਾਈਪਾਸ ਤੋਂ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਥਾਣਾ ਖਰਖੌਦਾ ਦੇ ਐੱਸਐੱਚਓ ਜਸਪਾਲ ਸਿੰਘ ਅਨੁਸਾਰ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਹੈ ਕਿ ਉਸ ਦੀ ਅਣਗਹਿਲੀ ਕਾਰਨ ਇਹ ਮੰਦਭਾਗੀ ਘਟਨਾ ਵਾਪਰੀ ਹੈ। ਦੋਸ਼ੀ ਨੇ ਦੱਸਿਆ ਹੈ ਕਿ ਟਰੱਕ ਨੂੰ ਚਲਾਉਂਦਿਆਂ ਉਸ ਨੇ ਲਾਪਰਵਾਹੀ ਕਾਰਨ ਬ੍ਰੇਕ ਮਾਰ ਦਿੱਤੀ ਸੀ, ਜਿਸ ਤੋਂ ਬਾਅਦ ਦੀਪ ਦੀ ਕਾਰ ਗੱਡੀ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ ।
ਮੁਲਜ਼ਮ ਡਰਾਈਵਰ ਦੀ ਪਛਾਣ ਸਿੰਗਰ ਪਿੰਡ ਵਾਸੀ ਕਾਸਿਮ ਖਾਨ ਵਜੋਂ ਹੋਈ ਹੈ ਤੇ ਇਸ ਹਾਦਸੇ ਦੇ ਸਮੇਂ ਉਹ ਅਹਿਮਦਾਬਾਦ ਤੋਂ ਮੁਜ਼ੱਫਰਨਗਰ ਕੋਲਾ ਲਿਜਾ ਰਿਹਾ ਸੀ।
15 ਫਰਵਰੀ ਦੀ ਰਾਤ ਦੀਪ ਸਿੱਧੂ ਇੱਕ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ ਅਤੇ ਉਸ ਦੀ ਮੌਤ ਹੋ ਗਈ ਸੀ ।ਉਸ ਦੇ ਭਰਾ ਸੁਰਜੀਤ ਸਿੰਘ ਵੱਲੋਂ ਟਰੱਕ ਡਰਾਈਵਰ ਵਿਰੁੱਧ ਐਫਆਈਆਰ ਦਰਜ ਕਰਵਾਈ ਗਈ ਸੀ ।
ਹਰਿਆਣਾ ਪੁਲਿਸ ਨੇ ਮੁੱਢਲੀ ਜਾਂਚ ਰਿਪੋਰਟ ਦੇ ਆਧਾਰ ‘ਤੇ ਦੀਪ ਸਿੱਧੂ ਦੀ ਮੌਤ ਪਿੱਛੇ ਕਿਸੇ ਵੀ ਸਾਜ਼ਿਸ਼ ਜਾਂ ਘਿਨੌਣੇ ਕਾਰਨਾਮੇ ਤੋਂ ਇਨਕਾਰ ਕੀਤਾ ਹੈ।
ਪਾਣੀਪਤ ਪੁਲਿਸ ਨੇ ਕੀਤੀ ਗਈ ਜਾਂਚ ਦੇ ਕੁਝ ਪੱਖ ਮੀਡਿਆ ਨਾਲ ਸਾਂਝੇ ਕੀਤੇ ਹਨ। ਪੁਲਿਸ ਅਨੁਸਾਰ ਫੋਰੈਂਸਿਕ ਮਾਹਿਰਾਂ ਅਤੇ ਪੁਲਿਸ ਟੀਮ ਨੇ ਹਾਦਸੇ ਵਾਲੀ ਥਾਂ ਤੋਂ ਸਬੂਤ ਅਤੇ ਸੀਸੀਟੀਵੀ ਫੁਟੇਜ ਇਕੱਠੇ ਕੀਤੇ ਹਨ। ਪੁਲਿਸ ਅਨੁਸਾਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਸਿੱਧੂ ਦੀ ਕਾਰ ਦਾ ਸੱਜਾ ਪਾਸਾ ਸਾਹਮਣੇ ਵਾਲੇ ਬੰਪਰ ਤੋਂ ਛੱਤ ਤੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ 22 ਟਾਇਰਾਂ ਵਾਲੇ ਟਰੱਕ ਦੇ ਖੱਬੇ ਪਿਛਲੇ ਪਾਸੇ ਦੇ ਪਹੀਆਂ ਦਾ ਜੋੜਾ ਫਟ ਗਿਆ ਅਤੇ ਟਰੱਕ ਦਾ ਹੇਠਲਾ ਧਾਤੂ ਵਾਲਾ ਹਿੱਸਾ ਵੀ ਟੁੱਟ ਗਿਆ। ਸੜਕ ‘ਤੇ 100 ਫੁੱਟ ਤੋਂ ਵੱਧ ਦੇ ਟਰੱਕ ਦੇ ਖਿਸਕਣ ਦੇ ਨਿਸ਼ਾਨ ਮਿਲੇ ਹਨ ਪਰ ਸੜਕ ‘ਤੇ ਸਿੱਧੂ ਦੀ ਗੱਡੀ ਦੇ ਬ੍ਰੇਕ ਲਗਾਉਣ ਦਾ ਕੋਈ ਨਿਸ਼ਾਨ ਨਹੀਂ ਮਿਲਿਆ ਹੈ।