ਜਲੰਧਰ : ਸੰਦੀਪ ਨੰਗਲ ਅੰਬੀਆਂ ਕਤਲ ਕੇਸ (Sandeep Nangal Ambian murder case) ਨਾਲ ਜੁੜੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੀ ਪਤਨੀ ਰੁਪਿੰਦਰ ਕੌਰ ਦੀ ਅਪੀਲ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਕਤਲ ਕੇਸ ਦੇ ਮੁਲਜ਼ਮ ਸੁਰਜਨਜੀਤ ਸਿੰਘ ਚੱਠਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਰੁਪਿੰਦਰ ਕੌਰ ਨੇ ਕਰੀਬ 6 ਮਹੀਨੇ ਪਹਿਲਾਂ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਅਪੀਲ ਕੀਤੀ ਸੀ ਕਿ ਕਰਤਾਰ ਪੈਲੇਸ, ਜਲੰਧਰ ‘ਚ ਮੌਜੂਦ ਚੱਠਾ ਨੂੰ ਪੁਲਿਸ ਤੁਰੰਤ ਗ੍ਰਿਫਤਾਰ ਕਰੇ। ਉਸ ਸਮੇਂ ਪੁਲਿਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਸੀ ਪਰ ਬੀਤੀ ਦੇਰ ਰਾਤ ਨੂੰ ਸੁਰਜਨਜੀਤ ਚੱਠਾ ਨੂੰ ਜਲੰਧਰ ਰੂਰਲ ਏਰੀਆ ਤੋਂ ਹਿਰਾਸਤ ‘ਚ ਲਿਆ ਗਿਆ ਹੈ।
ਹਾਲਾਂਕਿ ਅਜੇ ਤੱਕ ਕਿਸੇ ਵੀ ਪੁਲਿਸ ਅਧਿਕਾਰੀ ਨੇ ਚੱਠਾ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਉਸਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੀਤੀ ਗਈ ਪੁਲਿਸ ਕਾਰਵਾਈ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ‘ਚ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਕੇ ਲੈ ਜਾ ਰਹੀ ਹੈ।
ਅੰਬੀਆ ਦੀ ਪਤਨੀ ਰੁਪਿੰਦਰ ਕੌਰ ਸੋਸ਼ਲ ਮੀਡੀਆ ‘ਤੇ ਲਾਈਵ ਹੋਈ ਸੀ। ਉਨ੍ਹਾਂ ਨੇ ਪੁਲਿਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਸੀ। ਰੁਪਿੰਦਰ ਨੇ ਕਿਹਾ ਸੀ ਕਿ ਉਸ ਨੇ ਐਸਐਸਪੀ ਨੂੰ ਦੱਸਿਆ ਸੀ ਕਿ ਸੰਦੀਪ ਨੰਗਲ ਦੇ ਕਤਲ ਦਾ ਮੁਲਜ਼ਮ ਜਲੰਧਰ ਦੇ ਕਰਤਾਰ ਪੈਲੇਸ ਵਿੱਚ ਬੈਠਾ ਹੈ। ਜੇਕਰ ਮਾਮਲੇ ‘ਚ ਕੋਈ ਦੋਸ਼ੀ ਹੈ ਤਾਂ ਉਸ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾ ਸਕਦਾ।
ਰੁਪਿੰਦਰ ਨੇ ਲਾਈਵ ਹੋ ਕੇ ਕਿਹਾ ਸੀ ਕਿ ਉਸ ਨੇ ਐੱਸਐੱਸਪੀ ਨੂੰ ਵੌਇਸ ਮੈਸੇਜ ਵੀ ਭੇਜਿਆ ਸੀ ਅਤੇ ਫ਼ੋਨ ਵੀ ਕੀਤਾ ਸੀ। ਰੁਪਿੰਦਰ ਮੁਤਾਬਕ ਇਸ ਤੋਂ ਪਹਿਲਾਂ ਜਦੋਂ ਵੀ ਉਹ ਮਾਮਲੇ ਬਾਰੇ ਪੁੱਛਦੀ ਸੀ ਤਾਂ ਉਹ ਕਹਿੰਦੇ ਸਨ ਕਿ ਪੁਲਿਸ ਸੁਰਜਨਜੀਤ ਸਿੰਘ ਚੱਠਾ ਦੀ ਭਾਲ ਕਰ ਰਹੀ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਸੰਦੀਪ ਨੰਗਲ ਅੰਬੀਆਂ ਦੇ ਕਤਲ ਸਬੰਧੀ ਤਿੰਨ ਹੋਰ ਖੇਡ ਪਰਮੋਟਰਾਂ ਨੂੰ ਨਾਮਜ਼ਦ ਕੀਤਾ ਗਿਆ ਸੀ। ਇਨ੍ਹਾਂ ਵਿੱਚ ਨਾਰਥ ਇੰਡੀਆ ਸਰਕਲ ਸਟਾਈਲ ਕਬੱਡੀ ਐਸੋਸੀਏਸ਼ਨ ਦੇ ਚੇਅਰਮੈਨ ਸੁਰਜਨਜੀਤ ਸਿੰਘ ਚੱਠਾ ਵਾਸੀ ਮੁਹਾਲੀ, ਵਿਸ਼ਵ ਕਬੱਡੀ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਮਾਨ ਉਰਫ ਸੁੱਖਾ ਮਾਨ ਤੇ ਰਾਇਲ ਕਿੰਗਜ਼ ਕਬੱਡੀ ਦੇ ਮਾਲਕ ਸਰਬਜੀਤ ਸਿੰਘ ਸੱਤਾ ਦੇ ਨਾਂ ਸ਼ਾਮਲ ਸੀ। ਇਨ੍ਹਾਂ ਤਿੰਨਾਂ ਖੇਡ ਪਰਮੋਟਰਾਂ ਨੂੰ ਥਾਣਾ ਨਕੋਦਰ ਵਿੱਚ ਦਰਜ ਐਫਆਈਆਰ ਨੰਬਰ 42 ਵਿੱਚ ਨਾਮਜ਼ਦ ਕੀਤਾ ਗਿਆ ਸੀ।
ਇਹ ਸੀ ਸਾਰਾ ਮਾਮਲਾ
ਦੱਸ ਦਈਏ ਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ 14 ਮਾਰਚ ਸ਼ਾਮ 6 ਵਜੇ ਪਿੰਡ ਮੱਲੀਆਂ ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਹ 40 ਸਾਲਾਂ ਦੇ ਸਨ। ਪੁਲਿਸ ਨੇ ਦੱਸਿਆ ਕਿ ਨਕੋਦਰ ਦੇ ਪਿੰਡ ਮੱਲੀਆਂ ਖੁਰਦ ‘ਚ ਜਦੋਂ ਸੰਦੀਪ ਟੂਰਨਾਮੈਂਟ ਵਾਲੀ ਥਾਂ ਤੋਂ ਬਾਹਰ ਆਇਆ ਤਾਂ ਚਾਰ ਵਿਅਕਤੀਆਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ ।
ਦੱਸਣਯੋਗ ਹੈ ਕਿ ਕਬੱਡੀ ਖਿਡਾਰੀ ‘ਤੇ ਅੱਠ ਤੋਂ 10 ਗੋਲੀਆਂ ਚਲਾਈਆਂ ਗਈਆਂ। ਜ਼ਿਕਰਯੋਗ ਹੈ ਕਿ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਸੰਦੀਪ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਤੋਂ ਬਾਅਦ ਜੱਗੂ ਭਗਵਾਨਪੁਰੀਆ, ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ।
ਇਸ ਕਤਲ ਦੀ ਡੂੰਘਾਈ ਨਾਲ ਜਾਂਚ ਕਰਦੇ ਹੋਏ ਪੁਲਿਸ ਟੀਮ ਨੇ ਕਾਰ ਚਾਲਕ ਯਾਦਵਿੰਦਰ ਸਿੰਘ ਉਰਫ਼ ਯਾਦ ਨੂੰ ਵੀ ਗਿ੍ਫ਼ਤਾਰ ਕਰ ਲਿਆ, ਜਿਸ ਪਾਸੋਂ ਨਾਜਾਇਜ਼ ਹਥਿਆਰਾਂ ਨਾਲ ਭਰੀ ਗੱਡੀ ਵੀ ਬਰਾਮਦ ਹੋਈ ਸੀ। ਜੇਲ੍ਹ ਤੋਂ ਰਿਮਾਂਡ ‘ਤੇ ਆਏ ਗੈਂਗਸਟਰ ਫਤਿਹ ਨੇ ਕਬੂਲ ਕੀਤਾ ਸੀ ਕਿ ਉਸ ਨੇ ਸਨਾਵਰ ਦੇ ਕਹਿਣ ‘ਤੇ ਅਮਿਤ ਡਾਗਰ, ਕੌਸ਼ਲ ਚੌਧਰੀ, ਜਗਜੀਤ ਸਿੰਘ, ਲੱਕੀ ਪਟਿਆਲ ਅਤੇ ਸੁੱਖਾ ਦੁੱਨੇਕੇ ਨਾਲ ਮਿਲ ਕੇ ਸ਼ੂਟਰਾਂ ਦਾ ਪ੍ਰਬੰਧ ਕੀਤਾ ਸੀ।
ਨੈਸ਼ਨਲ ਕਬੱਡੀ ਫੈਡਰੇਸ਼ਨ ਆਫ ਓਨਟਾਰੀਓ ਦਾ ਗਠਨ ਕੈਨੇਡਾ ਬੈਠੇ ਸਨਾਵਰ ਢਿੱਲੋਂ ਨੇ ਕੀਤਾ ਸੀ। ਉਸ ਨੇ ਖਿਡਾਰੀਆਂ ਨੂੰ ਆਪਣੀ ਫੈਡਰੇਸ਼ਨ ਵਿਚ ਸ਼ਾਮਲ ਹੋਣ ਲਈ ਕਿਹਾ, ਪਰ ਜ਼ਿਆਦਾਤਰ ਵੱਡੇ ਖਿਡਾਰੀ ‘ਮੇਜਰ ਲੀਗ ਕਬੱਡੀ’ ਨਾਲ ਜੁੜੇ ਹੋਏ ਸਨ, ਜਿਸ ਦਾ ਸੰਚਾਲਨ ਸੰਦੀਪ ਨੰਗਲ ਨੇ ਕੀਤਾ। ਸਨਾਵਰ ਨੇ ਵੀ ਸੰਦੀਪ ਨੂੰ ਆਪਣੀ ਲੀਗ ਲਈ ਸੱਦਾ ਦਿੱਤਾ, ਪਰ ਸੰਦੀਪ ਇਨਕਾਰ ਕਰ ਦਿੱਤਾ ਸੀ।
ਪੁੱਛਗਿੱਛ ਦੌਰਾਨ ਫਤਿਹ ਨੇ ਦੱਸਿਆ ਕਿ ਸਨਾਵਰ ਨੇ ਕੁਝ ਖਿਡਾਰੀਆਂ ‘ਤੇ ਫੈਡਰੇਸ਼ਨ ‘ਚ ਸ਼ਾਮਲ ਹੋਣ ਲਈ ਦਬਾਅ ਵੀ ਪਾਇਆ ਪਰ ਕੋਈ ਵੀ ਤਿਆਰ ਨਹੀਂ ਹੋਇਆ। ਇਸ ਕਾਰਨ ਢਿੱਲੋਂ ਦੀ ਫੈਡਰੇਸ਼ਨ ਫੇਲ੍ਹ ਹੋ ਗਈ। ਸਨਾਵਰ ਫੈਡਰੇਸ਼ਨ ਦੀ ਨਾਕਾਮੀ ਨੂੰ ਬਰਦਾਸ਼ਤ ਨਹੀਂ ਕਰ ਸਕਿਆ।
ਇਸ ਦੁਸ਼ਮਣੀ ਵਿੱਚ ਉਸ ਨੇ ਜਗਜੀਤ ਗਾਂਧੀ ਅਤੇ ਸੁਖਵਿੰਦਰ ਸੁੱਖਾ ਨਾਲ ਮਿਲ ਕੇ ਸੰਦੀਪ ਅੰਬੀਆ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਸਨਾਵਰ ਢਿੱਲੋਂ ਭਾਵੇਂ ਅੰਮ੍ਰਿਤਸਰ ਦਾ ਵਸਨੀਕ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਉਹ ਕੈਨੇਡਾ ਦੇ ਬਰੈਂਪਟਨ (ਓਨਟਾਰੀਓ) ਵਿੱਚ ਰਹਿ ਰਿਹਾ ਹੈ। ਉਹ ਇੱਕ ਕੈਨੇਡੀਅਨ ਟੀਵੀ ਅਤੇ ਰੇਡੀਓ ਸ਼ੋਅ ਦਾ ਨਿਰਮਾਤਾ-ਨਿਰਦੇਸ਼ਕ ਹੈ। ਸੁਖਵਿੰਦਰ ਸਿੰਘ ਉਰਫ ਸੁੱਖਾ ਦੁੱਨੇਕੇ ਉਰਫ ਸੁੱਖ ਸਿੰਘ ਪਿੰਡ ਦੁੱਨੇਕੇ ਮੋਗਾ ਦਾ ਰਹਿਣ ਵਾਲਾ ਹੈ। ਉਹ ਵੀ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵਿੱਚ ਹੈ। ਜਦੋਂ ਕਿ ਤੀਜਾ ਜਗਜੀਤ ਸਿੰਘ ਉਰਫ ਗਾਂਧੀ ਵਾਸੀ ਡੇਹਲੋਂ, ਲੁਧਿਆਣਾ ਦਾ ਰਹਿਣ ਵਾਲਾ ਹੈ। ਇਸ ਸਮੇਂ ਗਾਂਧੀ ਮਲੇਸ਼ੀਆ ਵਿੱਚ ਰਹਿੰਦੇ ਹਨ।