India Punjab

ਪੁਲਿਸ ਨੇ ਲੱਖਾ ਸਿਧਾਣਾ ਨੂੰ ਹਿਰਾਸਤ ਵਿੱਚ ਲਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਟਿਆਲਾ ਪੁਲਿਸ ਨੇ ਸਮਾਜਿਕ ਕਾਰਕੁੰਨ ਲੱਖਾ ਸਿਧਾਣਾ ਨੂੰ ਹਿਰਾਸਤ ਵਿੱਚ ਲਿਆ ਹੈ। ਲੱਖਾ ਸਿਧਾਣਾ ਨੂੰ ਪੁਲਿਸ ਨੇ ਉਸ ਵੇਲੇ ਹਿਰਾਸਤ ਵਿੱਚ ਲਿਆ ਜਦੋਂ ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੈਮੋਰੰਡਮ ਦੇਣ ਲਈ ਨਿਕਲੇ ਸਨ।

ਲੱਖਾ ਸਿਧਾਣਾ ਪੰਜਾਬੀ ਯੂਨੀਵਰਸਿਟੀ ‘ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪਹੁੰਚਣ ਤੋਂ ਪਹਿਲਾਂ ਯੂਨੀਵਰਸਿਟੀ ਦੇ ਗੁਰਤੇਜ ਸਿੰਘ ਬਹਾਦਰ ਹਾਲ ਵਿੱਚ ਪਹੁੰਚ ਗਿਆ। ਉਸ ਦੀ ਪਛਾਣ ਹੁੰਦਿਆਂ ਹੀ ਪੁਲਿਸ ਹਰਕਤ ‘ਚ ਆਈ ਅਤੇ ਉਸ ਨੂੰ ਹਿਰਾਸਤ ‘ਚ ਲੈ ਕੇ ਯੂਨੀਵਰਸਿਟੀ ਤੋਂ ਬਾਹਰ ਛੱਡ ਦਿੱਤਾ।

ਪੰਜਾਬੀ ਯੂਨੀਵਰਸਿਟੀ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪਹੁੰਚ ਰਹੇ ਹਨ, ਜਿਨ੍ਹਾਂ ਵੱਲੋਂ ਯੂਨੀਵਰਸਿਟੀ ਦਾ ਪੇਂਡੂ ਕਾਰੋਬਾਰੀ ਪਹਿਲਕਦਮੀ ਅਤੇ ਹੁਨਰ ਵਿਕਾਸ ਕੇਂਦਰ ਅਤੇ ਪੰਜਾਬ ਦਾ ਵਣ ਤ੍ਰਿਣ ਜੀਵ ਜੰਤ ਸੰਤੁਲਨ ਮੁੜ ਬਹਾਲੀ ਕੇਂਦਰ ਦਾ ਉਦਘਾਟਨ ਕੀਤਾ ਜਾਣਾ ਹੈ। ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਪੁੱਜਣ ਤੋਂ ਪਹਿਲਾਂ ਇਸ ਪ੍ਰੋਗਰਾਮ ਵਾਲੀ ਜਗ੍ਹਾ ਲੱਖਾ ਸਧਾਣਾ ਆਪਣੇ ਸਾਥੀਆਂ ਸਮੇਤ ਪੁੱਜ ਗਿਆ। ਪ੍ਰੋਗਰਾਮ ‘ਚ ਖ਼ਲਲ ਪੈਣ ਦੇ ਖ਼ਦਸ਼ੇ ਵਜੋਂ ਪੁਲਿਸ ਨੇ ਲੱਖਾ ਸਿਧਾਣਾ ਨੂੰ ਉਸਦੇ ਸਾਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਯੂਨੀਵਰਸਿਟੀ ਤੋਂ ਬਾਹਰ ਛੱਡ ਦਿੱਤਾ, ਜਿਸ ਤੋਂ ਬਾਅਦ ਲੱਖਾ ਸਿਧਾਣਾ ਨੇ ਫੇਸਬੁੱਕ ਪੇਜ ‘ਤੇ ਲਾਈਵ ਹੁੰਦਿਆਂ ਦੱਸਿਆ ਕਿ ਉਹ ਅੱਜ ਮੁੱਖ ਮੰਤਰੀ ਤੇ ਵਿੱਤ ਮੰਤਰੀ ਦਾ ਪੰਜਾਬ ਦੇ ਮਸਲੇ ਨੂੰ ਲੈ ਕੇ ਘਿਰਾਓ ਕਰਨ ਪੁੱਜਾ ਸੀ ਪਰ ਪੁਲਿਸ ਨੇ ਉਸ ਦੀ ਅਤੇ ਉਸ ਦੇ ਸਾਥੀਆਂ ਨੂੰ ਯੂਨੀਵਰਸਿਟੀ ਤੋਂ ਬਾਹਰ ਕੱਢ ਕੇ ਲੋਕਤੰਤਰ ਦਾ ਘਾਣ ਕੀਤਾ ਹੈ।