‘ਦ ਖ਼ਾਲਸ ਬਿਊਰੋ : ਕੈਲੀਫੋਰਨੀਆ ਗੁਰਦੁਆਰਾ ਗੋਲੀਬਾਰੀ ਮਾਮਲੇ ਵਿੱਚ ਪੁਲਿਸ ਨੇ ਵੱਡਾ ਐਕਸ਼ਨ ਲਿਆ ਹੈ। ਅਮਰੀਕਾ ਵਿੱਚ ਕੈਲੀਫੋਰਨੀਆ ਪੁਲੀਸ ਨੇ ਸਟਾਕਟਨ ਅਤੇ ਸੈਕਰਾਮੈਂਟੋ ਅਤੇ ਹੋਰ ਥਾਵਾਂ ਦੇ ਗੁਰਦੁਆਰਿਆਂ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਸਬੰਧੀ 17 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਏਕੇ-47 ਰਾਈਫਲ, ਪਿਸਤੌਲਾਂ ਅਤੇ ਮਸ਼ੀਨਗੰਨਾਂ ਵਰਗੇ ਹਥਿਆਰ ਬਰਾਮਦ ਕੀਤੇ ਹਨ।
ਇਹ ਗ੍ਰਿਫਤਾਰੀਆਂ 20 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ ਦੌਰਾਨ ਕੀਤੀਆਂ ਗਈਆਂ ਹਨ। ਵੱਡੀ ਕਾਰਵਾਈ ਦੌਰਾਨ 17 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚ ਜ਼ਿਆਦਾਤਰ ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰ ਹਨ। ਗ੍ਰਿਫਤਾਰ ਕੀਤੇ ਦੋ ਵਿਅਕਤੀ ਮਾਫੀਆ ਦੇ ਮੈਂਬਰ ਹਨ ਅਤੇ ਭਾਰਤ ਵਿੱਚ ਕਈ ਕਤਲ ਕੇਸਾਂ ਵਿੱਚ ਲੋੜੀਂਦੇ ਹਨ।
ਗ੍ਰਿਫਤਾਰ ਕੀਤੇ ਵਿਅਕਤੀ ਇੱਕ ਵਿਰੋਧੀ ਅਪਰਾਧੀ ਗਰੋਹ ਦਾ ਹਿੱਸਾ ਹਨ ਅਤੇ ਕਥਿਤ ਤੌਰ ‘ਤੇ ਕਈ ਹਿੰਸਕ ਘਟਨਾਵਾਂ ਅਤੇ ਗੋਲੀਬਾਰੀ ਵਿੱਚ ਸ਼ਾਮਲ ਹਨ, ਜਿਨ੍ਹਾਂ ਵਿੱਚ ਸਟੱਰ, ਸੈਕਰਾਮੈਂਟੋ, ਸੈਨ ਜੋਆਕਿਨ, ਸੋਲਾਨੋ, ਯੋਲੋ ਅਤੇ ਮਰਸਡ ਕਾਉਂਟੀਆਂ ਵਿੱਚ ਕਤਲ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਸਮੂਹਾਂ ਦੇ ਮੈਂਬਰ ਕਥਿਤ ਤੌਰ ‘ਤੇ 27 ਅਗਸਤ 2022 ਨੂੰ ਸਟਾਕਟਨ ਦੇ ਗੁਰਦੁਆਰੇ ਵਿੱਚ ਗੋਲੀਬਾਰੀ ਅਤੇ 23 ਮਾਰਚ 2023 ਨੂੰ ਸੈਕਰਾਮੈਂਟੋ ਦੇ ਇੱਕ ਹੋਰ ਗੁਰਦੁਆਰੇ ਵਿੱਚ ਗੋਲੀਬਾਰੀ ਵਿੱਚ ਸ਼ਾਮਲ ਸਨ।