International

ਕੈਨੇਡਾ ’ਚ ਪੰਜਾਬੀ ਨੌਜਵਾਨਾਂ ਨੂੰ ਨਕਲੀ ਅਸਲੇ ਦੀ ‘ਫ਼ੁਕਰੀ’ ਪਈ ਮਹਿੰਗੀ!

ਵੈਨਕੂਵਰ: ਕੈਨੇਡਾ ਵਿੱਚ ਇੱਕ ਨੌਜਵਾਨ ਨੂੰ ਨਕਲੀ ਬੰਦੂਕ ਨਾਲ ਖੇਡਣਾ ਮਹਿੰਗਾ ਪੈ ਗਿਆ। ਨਕਲੀ ਅਸਲੇ ਕਰਕੇ ਨੌਜਵਾਨਾਂ ਨੂੰ ਕੈਨੇਡਾ ਪੁਲਿਸ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ। ਕੈਨੇਡਾ ਪੁਲਿਸ ਦੀ ਪੰਜਾਬੀ ਨੌਜਵਾਨਾਂ ਖ਼ਿਲਾਫ਼ ਕੀਤੀ ਕਾਰਵਾਈ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਵੀ ਕਿਸੇ ਪੰਜਾਬੀ ਨੇ ਹੀ ਬਣਾਈ ਹੈ।

ਜਾਣਕਾਰੀ ਮੁਤਾਬਕ ਸਰੀ ਦੇ 78-ਏ ਐਵੇਨਿਊ ਦੇ ਇੱਕ ਘਰ ਵਿੱਚ 7-8 ਪੰਜਾਬੀ ਵਿਦਿਆਰਥੀ ਰਹਿੰਦੇ ਸਨ। ਇਨ੍ਹਾਂ ’ਚੋਂ ਇੱਕ ਨੌਜਵਾਨ ਬਾਜ਼ਾਰ ਤੋਂ ਨਕਲੀ ਬੰਦੂਕ ਖ਼ਰੀਦ ਲਿਆਇਆ ਤੇ ਬਾਹਰ ਬੈਠ ਕੇ ਉਸ ਨੂੰ ਸਾਫ਼ ਕਰਨ ਦਾ ਨਾਟਕ ਕਰਨ ਲੱਗਿਆ। ਉੱਧਰ ਗੁਆਂਢੀਆਂ ਨੇ ਬੰਦੂਕ ਅਸਲੀ ਸਮਝ ਕੇ ਤੁਰੰਤ ਪੁਲਿਸ ਨੂੰ ਫੋਨ ਕਰ ਦਿੱਤਾ।

ਗੁਆਂਢੀਆਂ ਦੀ ਸ਼ਿਕਾਇਤ ’ਤੇ ਮਿੰਟਾਂ ਵਿੱਚ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਤੇ ਘਰ ਨੂੰ ਘੇਰਾ ਪਾ ਲਿਆ। ਪੁਲਿਸ ਨੇ ਸਪੀਕਰ ਰਾਂਹੀ ਅਨਾਊਂਸਮੈਂਟ ਕਰਵਾਈ ਕਿ ਸਾਰੇ ਮੁੰਡੇ ਹੱਥ ਖੜੇ ਕਰ ਕੇ ਬਾਹਰ ਆ ਜਾਣ। ਜਿਵੇਂ-ਜਿਵੇਂ ਮੁੰਡੇ ਬਾਹਰ ਆਉਂਦੇ ਗਏ ਤਾਂ ਪੁਲਿਸ ਉਹਨਾਂ ਨੂੰ ਹੱਥ ਕੜੀਆਂ ਲਗਾਉਂਦੀ ਗਈ।

ਪੁਲਿਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਤਲਾਸ਼ੀ ਲਈ ਤਾਂ ਘਰ ਵਿੱਚੋਂ ਨਕਲੀ ਬੰਦੂਕਾਂ ਬਰਾਮਦ ਹੋਈਆਂ ਹਨ। ਨੌਜਵਾਨਾਂ ਵਿਚੋਂ ਇੱਕ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦਾ ਕੋਈ ਗ਼ਲਤ ਇਰਾਦਾ ਤਾਂ ਨਹੀਂ ਸੀ।

ਪੁਲਿਸ ਨੇ ਕਿਹਾ ਕਿ ਵੀਡੀਓ ਤੋਂ ਇੱਦਾਂ ਲੱਗਦਾ ਹੈ ਕਿ ਵੀਡੀਓ ਕਿਸੇ ਪੰਜਾਬੀ ਨੇ ਹੀ ਬਣਾਈ ਹੈ ਕਿਉਂਕਿ ਵੀਡੀਓ ਵਿੱਚ ਉਹ ਕਿਸੇ ਨਾਲ ਪੰਜਾਬੀ ਵਿਚ ਗੱਲ ਕਰਦਾ ਸੁਣਾਈ ਦੇ ਰਿਹਾ ਹੈ।