ਮਸ਼ਹੂਰ ਪੰਜਾਬੀ ਗਾਇਕ ਹਾਰਡੀ ਸੰਧੂ ਨੂੰ ਯੂਟੀ ਪੁਲੀਸ ਨੇ ਸ਼ਨੀਵਾਰ ਨੂੰ ਸੈਕਟਰ 34 ਦੇ ਪ੍ਰਦਰਸ਼ਨੀ ਮੈਦਾਨ ਵਿੱਚ ਇੱਕ ਫੈਸ਼ਨ ਸ਼ੋਅ ਵਿੱਚ ਸੰਗੀਤਕ ਪ੍ਰਦਰਸ਼ਨ ਤੋਂ ਠੀਕ ਪਹਿਲਾਂ ਹਿਰਾਸਤ ਵਿੱਚ ਲੈ ਲਿਆ। ਸੰਧੂ ਨੂੰ ਸਟੇਜ ਤੋਂ ਸੈਕਟਰ 34 ਥਾਣੇ ਲਿਜਾਇਆ ਗਿਆ ਅਤੇ ਗਾਇਕ ਤੋਂ ਸਮਾਗਮ ਵਿਚ ਪੇਸ਼ਕਾਰੀ ਦੇਣ ਲਈ ਲੋੜੀਂਦੀ ਪ੍ਰਵਾਨਗੀ ਸਬੰਧੀ ਦਸਤਾਵੇਜ਼ ਮੰਗੇ ਗਏ।
ਹਾਲਾਂਕਿ, ਫੈਸ਼ਨ ਸ਼ੋਅ ਅਤੇ ਸੰਗੀਤ ਦੇ ਸਬੰਧ ਵਿੱਚ ਪ੍ਰਬੰਧਕਾਂ ਵੱਲੋਂ ਸਬੰਧਤ ਦਸਤਾਵੇਜ਼ ਦਿਖਾਉਣ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ। ਇਸ ਮੁੱਦੇ ਨੇ ਗਾਇਕ ਅਤੇ ਪ੍ਰਬੰਧਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਤੇ ਉਨ੍ਹਾਂ ਅੱਗੇ ਇਹ ਮਾਮਲਾ ਉੱਚ ਅਧਿਕਾਰੀਆਂ ਕੋਲ ਉਠਾਇਆ। ਸੂਤਰਾਂ ਨੇ ਦੱਸਿਆ ਕਿ ਸੰਧੂ ਰਿਹਾਅ ਹੋਣ ਤੋਂ ਬਾਅਦ ਪ੍ਰਦਰਸ਼ਨ ਕੀਤੇ ਬਿਨਾਂ ਹੀ ਸ਼ਹਿਰ ਛੱਡ ਕੇ ਚਲੇ ਗਏ। ਫੈਸ਼ਨ ਸ਼ੋਅ ਦੇ ਪ੍ਰਬੰਧਕਾਂ ਦੀ ਪ੍ਰਤੀਕਿਰਿਆ ਜਾਣਨ ਲਈ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਪਿਛਲੇ ਸਾਲ ਦਸੰਬਰ ਵਿੱਚ ਸੈਕਟਰ 34 ਵਿੱਚ ਗਾਇਕ ਕਰਨ ਔਜਲਾ ਅਤੇ ਦਿਲਜੀਤ ਦੁਸਾਂਝ ਦੇ ਲਾਈਵ ਸ਼ੋਅ ਤੋਂ ਬਾਅਦ ਯੂਟੀ ਪ੍ਰਸ਼ਾਸਨ ਨੇ ਫੈਸਲਾ ਕੀਤਾ ਸੀ ਕਿ ਸੈਕਟਰ 34 ਦੇ ਪ੍ਰਦਰਸ਼ਨੀ ਮੈਦਾਨ ਵਿੱਚ ਕੋਈ ਵੀ ਵੱਡੇ ਲਾਈਵ ਕੰਸਰਟ ਜਾਂ ਇਸ ਤਰ੍ਹਾਂ ਦੇ ਵੱਡੇ ਇਕੱਠਾਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਚੰਡੀਗੜ੍ਹ ਪ੍ਰਸ਼ਾਸਨ ਨੇ ਏਪੀ ਢਿੱਲੋਂ ਦੇ ਲਾਈਵ ਕੰਸਰਟ ਲਈ ਵੀ ਸੈਕਟਰ 34 ਦੀ ਥਾਂ ਸੈਕਟਰ 25 ਦੇ ਰੈਲੀ ਮੈਦਾਨ ਲਈ ਇਜਾਜ਼ਤ ਦਿੱਤੀ ਸੀ।