Punjab

ਮੁਹਾਲੀ ’ਚ ਸ਼ਰ੍ਹੇਆਮ ਕੁੜੀ ਵੱਢਣ ਵਾਲਾ ਗ੍ਰਿਫ਼ਤਾਰ! ਤਲਵਾਰ ਨਾਲ ਲੜਕੀ ਦੇ ਬੇਸੁਧ ਹੋਣ ਤੱਕ ਕਰਦਾ ਰਿਹਾ ਕਈ ਵਾਰ, ਵੀਡੀਓ ਆਈ ਸਾਹਮਣੇ

ਮੁਹਾਲੀ ਵਿੱਚ ਅੱਜ (ਸ਼ਨੀਵਾਰ 8 ਜੂਨ) ਸਵੇਰੇ ਇੱਕ ਸਿਰਫਿਰੇ ਨੇ ਇੱਕ ਲੜਕੀ ਦਾ ਸੜਕ ਦੇ ਵਿਚਕਾਰ ਤਲਵਾਰ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ। ਘਟਨਾ ਫੇਜ਼ 5 ਨੇੜੇ ਵਾਪਰੀ। ਲੜਕੀ ਕੰਮ ‘ਤੇ ਜਾਣ ਲਈ ਘਰੋਂ ਨਿਕਲੀ ਸੀ। ਰਸਤੇ ‘ਚ ਇੱਕ ਨਕਾਬਪੋਸ਼ ਨੌਜਵਾਨ ਨੇ ਉਸ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਜਦੋਂ ਲੜਕੀ ਬੇਹੋਸ਼ ਹੋ ਗਈ ਤਾਂ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਇਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਲੜਕੀ ਨੂੰ ਤੁਰੰਤ ਫੇਜ਼-6 ਦੇ ਹਸਪਤਾਲ ਦਾਖ਼ਲ ਕਰਵਾਇਆ। ਉੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਬਲਜਿੰਦਰ ਕੌਰ (31) ਵਜੋਂ ਹੋਈ ਹੈ। ਉਹ ਪਿਛਲੇ 9 ਸਾਲਾਂ ਤੋਂ ਇੱਕ ਨਿੱਜੀ ਬੈਂਕ ਦੇ ਕਾਲ ਸੈਂਟਰ ਵਿੱਚ ਕੰਮ ਕਰ ਰਹੀ ਸੀ।

ਪੁਲਿਸ ਸੂਤਰਾਂ ਅਨੁਸਾਰ ਮਾਮਲਾ ਪ੍ਰੇਮ ਸਬੰਧ ਦਾ ਹੈ। ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ। ਡੀਐਸਪੀ ਸਿਟੀ-1 ਮੋਹਿਤ ਅਗਰਵਾਲ ਨੇ ਦੱਸਿਆ ਕਿ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਨੌਜਵਾਨਾਂ ਨੇ ਹਮਲਾ ਕਿਉਂ ਕੀਤਾ, ਫਿਲਹਾਲ ਇਸ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਨੌਜਵਾਨ ਤੋਂ ਪੁੱਛਗਿੱਛ ਕਰ ਰਹੀ ਹੈ।

ਸੀਸੀਟੀਵੀ ’ਚ ਕੈਦ ਹੋਈ ਘਟਨਾ, ਵੀਡੀਓ ਆਈ ਸਾਹਮਣੇ

ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਘਟਨਾ ਅਨੁਸਾਰ 5 ਲੜਕੀਆਂ ਮੋਰਿੰਡਾ ਤੋਂ ਫੇਜ਼ 5 ਵੱਲ ਆ ਰਹੀਆਂ ਸਨ। ਨਕਾਬਪੋਸ਼ ਨੌਜਵਾਨ ਦਰੱਖਤ ਹੇਠਾਂ ਲੁਕਿਆ ਹੋਇਆ ਸੀ। ਜਿਵੇਂ ਹੀ ਲੜਕੀਆਂ ਦਰਖ਼ਤ ਦੇ ਨੇੜੇ ਆਈਆਂ ਤਾਂ ਨੌਜਵਾਨ ਨੇ ਆਪਣੀ ਤਲਵਾਰ ਕੱਢ ਲਈ। ਇਸ ਤੋਂ ਬਾਅਦ ਉਸ ਨੇ ਬਲਜਿੰਦਰ ਕੌਰ ‘ਤੇ ਹਮਲਾ ਕਰ ਦਿੱਤਾ। ਇਹ ਦੇਖ ਕੇ ਹੋਰ ਕੁੜੀਆਂ ਉਥੋਂ ਭੱਜਣ ਲੱਗੀਆਂ। ਬਲਜਿੰਦਰ ਨੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਨੇ ਉਸ ਦਾ ਪਿੱਛਾ ਕੀਤਾ ਤੇ ਉਹ ਉਸ ‘ਤੇ ਉਦੋਂ ਤਕ ਹਮਲਾ ਕਰਦਾ ਰਿਹਾ ਜਦੋਂ ਤਕ ਉਹ ਬੇਸੁੱਧ ਨਹੀਂ ਹੋ ਗਈ।

ਵੀਡੀਓ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਲੜਕੀ ਕਈ ਵਾਰਾਂ ਤੋਂ ਬਾਅਦ ਜ਼ਮੀਨ ’ਤੇ ਡਿੱਗ ਗਈ ਪਰ ਨੌਜਵਾਨ ਤਾਂ ਵੀ ਉਸ ’ਤੇ ਕਈ ਵਾਰ ਕਰਦਾ ਰਿਹਾ।

ਨੌਜਵਾਨ ਨੂੰ ਹਮਲਾ ਕਰਦੇ ਦੇਖ ਕੇ ਇੱਕ ਸਕੂਟਰ ਸਵਾਰ ਵਿਅਕਤੀ ਰੁਕ ਗਿਆ ਪਰ ਨੌਜਵਾਨ ਦੇ ਹੱਥ ਵਿੱਚ ਤਲਵਾਰ ਦੇਖ ਕੇ ਉਹ ਵੀ ਲੜਕੀ ਦੀ ਮਦਦ ਨਾ ਕਰ ਸਕਿਆ। ਇਸ ਤੋਂ ਬਾਅਦ ਲੜਕੀ ਬੇਹੋਸ਼ ਹੋ ਕੇ ਜ਼ਮੀਨ ‘ਤੇ ਡਿੱਗ ਗਈ। ਫਿਰ ਵੀ ਨੌਜਵਾਨ ਉਸ ‘ਤੇ ਬੇਰਹਿਮੀ ਨਾਲ ਹਮਲਾ ਕਰਦਾ ਰਿਹਾ। ਇਸ ਤੋਂ ਬਾਅਦ ਉਕਤ ਨੌਜਵਾਨ ਉਥੋਂ ਪੈਦਲ ਹੀ ਸੜਕ ਵੱਲ ਰਵਾਨਾ ਹੋ ਗਿਆ।

ਸਬੰਧਿਤ ਖ਼ਬਰ – ਮੁਹਾਲੀ ’ਚ ਵੱਡੀ ਵਾਰਦਾਤ! ਲੜਕੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਮੌਤ