ਬਿਉਰੋ ਰਿਪੋਰਟ – ਜਲੰਧਰ ਦੇ ਡਾਕ ਵਿਭਾਗ (JALANDHAR POST OFFICE) ਵਿੱਚ 20 ਸਾਲ ਦੀ ਮਹਿਲਾ ਨਾਲ ਜ਼ਬਰਜਨਾਹ ਦੇ ਮਾਮਲੇ ਵਿੱਚ ਪੁਲਿਸ ਨੇ ਹੁਣ ਰੇਪ ਦੀਆਂ ਧਾਰਾ ਜੋੜ ਦਿੱਤੀਆਂ ਗਈਆਂ ਹਨ। ਮੈਡੀਕਲ ਰਿਪੋਰਟ ਵਿੱਚ ਰੇਪ ਦੀ ਗੱਲ ਸਾਹਮਣੇ ਆ ਗਈ ਹੈ। ਜਿਸ ਦੇ ਬਾਅਦ ਕਮਿਸ਼ਨਰੇਟ ਪੁਲਿਸ ਨੇ ਕੇਸ ਦੀਆਂ ਧਾਰਾ ਜੋੜ ਦਿੱਤੀਆਂ ਹਨ।
ਮਾਮਲੇ ਦੀ ਜਾਂਚ ਹੁਣ ਡਿਵੀਜਨ ਨੰਬਰ-5 ਅਧਿਕਾਰੀ ਨਹੀਂ ਕਰਨਗੇ, ਹੁਣ ਜਾਂਚ SHO ਅਨੂ ਪਲਿਆਲ ਵੱਲੋਂ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਸਿਆਸਤ ਵੀ ਕਾਫੀ ਹੋਈ ਸੀ। ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਕਾਂਗਰਸ, ਅਤੇ ਆਪ ਦੇ ਆਗੂ ਹਸਪਤਾਲ ਪਹੁੰਚੇ ਸਨ। ਡਾਕਟਰਾਂ ਮੁਤਾਬਿਕ ਕੁੜੀ ਦੀ ਹਾਲਤ ਸਥਿਰ ਹੈ। ਪਹਿਲਾਂ ਅਗਵਾਹ ਦਾ ਮਾਮਲਾ ਸੀ, ਪਰ ਮੈਡੀਕਲ ਜਾਂਚ ਤੋਂ ਬਾਅਦ ਇਸ ਵਿੱਚ ਰੇਪ ਦੀ ਧਾਰਾ ਜੋੜ ਦਿੱਤੀ ਗਈ ਹੈ।
ਸਾਥੀ ਮੁਲਾਜ਼ਮ ਹੋਇਆ ਗ੍ਰਿਫ਼ਤਾਰ
ਇਸ ਕੇਸ ਵਿੱਚ ਪੁਲਿਸ ਨੇ ਰਾਮਾਮੰਡੀ ਫੌਜੀ ਵਾਲੀ ਗਲੀ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਉਰਫ ਬਾਬੀ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਹੁਣ ਉਸ ਨੂੰ ਰਿਮਾਂਡ ’ਤੇ ਭੇਜਿਆ ਗਿਆ ਹੈ। ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਐਤਵਾਰ ਨੂੰ ਪਰਿਵਾਰ ਨੂੰ ਮਿਲਣ ਦੇ ਲਈ ਇਲਾਕੇ ਦੇ ਵਿਧਾਇਕ ਮਹਿੰਦਰ ਭਗਤ ਵੀ ਪਹੁੰਚੇ ਸਨ।
ਪੀੜ੍ਹਤ ਦੀ ਮਾਂ ਵੱਲੋਂ ਪੁਲਿਸ ਨੂੰ ਦਿੱਤੇ ਗਏ ਬਿਆਨਾਂ ਵਿੱਚ ਕਿਹਾ ਗਿਆ ਸੀ ਕਿ ਮੇਰੀ 20 ਸਾਲ ਦੀ ਧੀ ਮੰਗਲਵਾਰ ਨੂੰ ਰੋਜ਼ਾਨਾ ਵਾਂਗ ਕੰਮ ’ਤੇ ਗਈ ਸੀ। ਪਰ ਉਹ ਜਦੋਂ ਪਰਤੀ ਨਹੀਂ ਤਾਂ ਅਗਲੇ ਦਿਨ ਯਾਨੀ ਬੁੱਧਵਾਰ ਨੂੰ ਪੁਲਿਸ ਦਾ ਫ਼ੋਨ ਆਇਆ ਕਿ ਉਨ੍ਹਾਂ ਦੀ ਧੀ ਬੇਸੁੱਧ ਹਾਲਤ ਵਿੱਚ ਦਿੱਲੀ ਦੇ ਕੋਲ ਮਿਲੀ ਹੈ। ਪਰਿਵਾਰ ਨੇ ਫੌਰਨ ਦਿੱਲੀ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਉਸ ਥਾਂ ’ਤੇ ਭੇਜਿਆ। ਜਿਸ ਦੇ ਬਾਅਦ ਬੱਚੀ ਨੂੰ ਪਰਿਵਾਰ ਦੇ ਰਿਸ਼ਤੇਦਾਰਾਂ ਆਪਣੇ ਨਾਲ ਲੈ ਕੇ ਆਏ। ਦਿੱਲੀ ਤੋਂ ਲਿਆਕੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ।