ਬਿਊਰੋ ਰਿਪੋਰਟ (ਨਵੀਂ ਦਿੱਲੀ, 2 ਦਸੰਬਰ 2025): ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਦਫ਼ਤਰ (PMO) ਦਾ ਨਾਂ ਬਦਲ ਕੇ ‘ਸੇਵਾ ਤੀਰਥ’ ਕਰ ਦਿੱਤਾ ਹੈ। ਇਸੇ ਤਰ੍ਹਾਂ, ਦੇਸ਼ ਭਰ ਦੇ ਰਾਜ ਭਵਨ ਹੁਣ ‘ਲੋਕ ਭਵਨ’ ਕਹਿਲਾਉਣਗੇ। ਇਸ ਤੋਂ ਇਲਾਵਾ, ਕੇਂਦਰੀ ਸਕੱਤਰੇਤ ਦਾ ਨਾਂ ‘ਕਰਤੱਵ ਭਵਨ’ ਹੋਵੇਗਾ।
ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ: “ਅਸੀਂ ਸੱਤਾ ਤੋਂ ਸੇਵਾ ਵੱਲ ਵਧ ਰਹੇ ਹਾਂ। ਇਹ ਬਦਲਾਅ ਪ੍ਰਸ਼ਾਸਨਿਕ ਨਹੀਂ, ਸਗੋਂ ਸੱਭਿਆਚਾਰਕ ਹੈ।” ਪੀ.ਐੱਮ. ਮੋਦੀ ਨੇ ਕਿਹਾ ਕਿ ਜਨਤਕ ਸੰਸਥਾਵਾਂ ਵਿੱਚ ਵੱਡਾ ਬਦਲਾਅ ਹੋ ਰਿਹਾ ਹੈ।
ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਰਾਜਪਥ ਦਾ ਨਾਂ ਬਦਲ ਕੇ ਕਰਤੱਵ ਪਥ ਕੀਤਾ ਸੀ। ਇਸੇ ਤਰ੍ਹਾਂ, ਪ੍ਰਧਾਨ ਮੰਤਰੀ ਦਾ ਨਿਵਾਸ ਹੁਣ ਲੋਕ ਕਲਿਆਣ ਮਾਰਗ ਕਹਿਲਾਉਂਦਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਅਧਿਕਾਰਤ ਨਿਵਾਸ ਨੂੰ ਰੇਸ ਕੋਰਸ ਰੋਡ ਕਿਹਾ ਜਾਂਦਾ ਸੀ, ਜਿਸ ਨੂੰ 2016 ਵਿੱਚ ਬਦਲਿਆ ਗਿਆ ਸੀ।
ਰਾਜ ਭਵਨ ਦਾ ਨਾਂ ਕਿਉਂ ਬਦਲਿਆ ਗਿਆ?
ਕੇਂਦਰੀ ਗ੍ਰਹਿ ਮੰਤਰਾਲੇ ਨੇ ਪਿਛਲੇ ਸਾਲ ਰਾਜਪਾਲਾਂ ਦੇ ਸੰਮੇਲਨ (Governors’ Conference) ਵਿੱਚ ਹੋਈ ਇੱਕ ਚਰਚਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ‘ਰਾਜ ਭਵਨ’ ਨਾਂ ਬਸਤੀਵਾਦੀ ਮਾਨਸਿਕਤਾ (Colonial Mentality) ਨੂੰ ਦਰਸਾਉਂਦਾ ਹੈ। ਇਸ ਲਈ ਰਾਜਪਾਲਾਂ ਅਤੇ ਉਪ-ਰਾਜਪਾਲਾਂ ਦੇ ਦਫ਼ਤਰਾਂ ਨੂੰ ਹੁਣ ‘ਲੋਕ ਭਵਨ’ ਅਤੇ ‘ਲੋਕ ਨਿਵਾਸ’ ਦੇ ਨਾਂ ਨਾਲ ਜਾਣਿਆ ਜਾਵੇਗਾ।

