‘ਦ ਖ਼ਾਲਸ ਬਿਊਰੋ :- ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਜੇਕਰ ਅੰਦੋਲਨ ਦਾ ਮਾਹੌਲ ਖਰਾਬ ਹੋਇਆ, ਤਾਂ ਉਸ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਿੰਮੇਵਾਰ ਹੋਣਗੇ, ਜਿਸ ‘ਤੇ ਜਾਖੜ ਨੇ ਜਲਦ ਤੋਂ ਜਲਦ ਪਾਰਲੀਮੈਂਟ ਦਾ ਇਜਲਾਸ ਬੁਲਾਉਣ ਦੀ ਮੰਗ ਕੀਤੀ ਹੈ।
ਕਾਂਗਰਸ ਕਰੇਗੀ ਪ੍ਰਦਰਸ਼ਨ
ਇਸ ਦੇ ਨਾਲ ਹੀ ਸੁਨੀਲ ਜਾਖੜ ਨੇ ਮੋਦੀ ਸਰਕਾਰ ‘ਤੇ ਕਿਸਾਨਾਂ ਦੇ ਨਾਲ ਧੋਖਾਧੜੀ ਕਰਨ ਦਾ ਵੀ ਇਲਜ਼ਾਮ ਲਗਾਇਆ ਹੈ। ਉਨ੍ਹਾਂ ਕਿਹਾ ਕਿ 14 ਦਸੰਬਰ ਨੂੰ ਕਿਸਾਨ ਅੰਦੋਲਨ ਦੀ ਹਿਮਾਇਤ ਵਿੱਚ ਜ਼ਿਲ੍ਹਾਂ ਦਫ਼ਤਰਾਂ ਦੇ ਬਾਹਰ ਧਰਨੇ ਦੇਣ ਦਾ ਐਲਾਨ ਕੀਤਾ ਗਿਆ ਹੈ। ਜਿਸ ਵਿੱਚ ਹੁਣ ਕਿਸਾਨਾਂ ਸਣੇ ਕਾਂਗਰਸ ਕਾਰਜਕਰਤਾ ਵੀ ਸ਼ਾਮਲ ਹੋਣਗੇ।
ਮਾਉਵਾਦੀ ਵਾਲੇ ਬਿਆਨ ‘ਤੇ ਗ਼ੁੱਸਾ
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨਾਂ ਦੇ ਅੰਦੋਲਨ ਤੇ ਰੇਲ ਮੰਤਰੀ ਪਿਊਸ਼ ਗੋਇਲ ਦੇ ਬਿਆਨ ਤੇ ਸਖ਼ਤ ਇਤਰਾਜ਼ ਜਤਾਇਆ, ਪਿਊਸ਼ ਗੋਇਲ ਨੇ ਅੰਦੋਲਨ ਤੇ ਮਾਉਵਾਦੀਆਂ ਦਾ ਕਬਜ਼ਾ ਕਰਨ ਦਾ ਬਿਆਨ ਦਿੱਤਾ ਸੀ। ਕਾਂਗਰਸ ਨੇ ਇਲਜ਼ਾਮ ਲਗਾਇਆ ਕਿ ਸਰਕਾਰ ਵਿੱਚ ਬੈਠੇ ਲੋਕਾਂ ਦੀ ਰਣਨੀਤੀ ਹਰ ਵਿਰੋਧੀ ਨੂੰ ਮਾਉਵਾਦੀ ਅਤੇ ਦੇਸ਼ਧ੍ਰੋਹੀ ਸਾਬਤ ਕਰਨ ਦੀ ਹੈ, ਸਿਰਫ਼ ਇੰਨਾਂ ਹੀ ਨਹੀਂ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਆਪਣੇ ਮੰਤਰੀਆਂ ਦੇ ਬਿਆਨਾਂ ‘ਤੇ ਪ੍ਰਧਾਨ ਮੰਤਰੀ ਨੂੰ ਮੁਆਫੀ ਮੰਗਣੀ ਚਾਹੀਦਾ ਹੈ।