‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜ ਸਭਾ ਵਿੱਚ ਕਾਂਗਰਸ ਪਾਰਟੀ ‘ਤੇ ਖੂਬ ਨਿਸ਼ਾਨੇ ਕੱਸੇ। ਮੋਦੀ ਨੇ ਕਿਹਾ ਕਿ ਜੇਕਰ ਦੇਸ਼ ਵਿੱਚ ਕਾਂਗਰਸ ਨਾ ਹੁੰਦੀ ਤਾਂ ਐਮਰਜੈਂਸੀ ਨਾ ਹੁੰਦੀ। ਪੰਜਾਬ ਦੇ ਹਾਲਾਤਾਂ ਬਾਰੇ ਆਖਦਿਆਂ ਨਰਿੰਦਰ ਮੋਦੀ ਨੇ ਕਿਹਾ ਕਿ ਜੇਕਰ ਦੇਸ਼ ਵਿੱਚ ਕਾਂਗਰਸ ਨਾ ਹੁੰਦੀ ਤਾਂ ਸਿੱਖਾਂ ਦਾ ਕਤ ਲੇਆਮ ਨਾ ਹੁੰਦਾ, ਕਈ ਸਾਲ ਪੰਜਾਬ ਅੱਤ ਵਾਦ ਦੀ ਅੱਗ ਵਿੱਚ ਨਾ ਸੜਦਾ। ਐਮਰਜੈਂਸੀ ਵਿੱਚ ਲੋਕਤੰਤਰ ਦਾ ਗਲਾ ਘੋਟਿਆ ਗਿਆ। ਜੇ ਕਾਂਗਰਸ ਨਾ ਹੁੰਦੀ ਤਾਂ ਜਾਤ-ਪਾਤ ਦਾ ਪਾੜਾ ਨਾ ਪੈਂਦਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸੋਚ ‘ਤੇ ਸ਼ਹਿਰੀ ਨਕ ਸਲੀਆਂ ਨੇ ਕਬਜ਼ਾ ਕਰ ਲਿਆ ਹੈ। ਪਰਿਵਾਰਵਾਦ ਬਾਰੇ ਉਨ੍ਹਾਂ ਕਿਹਾ ਕਿ ਪਰਿਵਾਰਵਾਦ ਲੋਕਤੰਤਰ ਲਈ ਸਭ ਤੋਂ ਵੱਡਾ ਖ਼ਤਰਾ ਹੈ। ਜਦੋਂ ਪਰਿਵਾਰ ਦੀ ਪ੍ਰਤਿਭਾ ਉੱਤੇ ਹਾਵੀ ਹੁੰਦਾ ਹੈ ਤਾਂ ਇਹ ਦਿਖਾਈ ਦਿੰਦਾ ਹੈ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਨਾ ਹੁੰਦੀ ਤਾਂ ਸਿਆਸਤ ਪਰਿਵਾਰਵਾਦ ਤੋਂ ਮੁਕਤ ਹੁੰਦੀ।
ਮੋਦੀ ਨੇ ਆਪਣੇ ਭਾਸ਼ਣ ਵਿੱਚ ਕਰੋਨਾ ਮਹਾਂਮਾਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਿਛਲੇ 100 ਸਾਲਾਂ ਵਿੱਚ ਮਾਨਵਜਾਤੀ ਨੇ ਕਰੋਨਾ ਮਹਾਂਮਾਰੀ ਤੋਂ ਵੱਡਾ ਸੰਕਟ ਨਹੀਂ ਦੇਖਿਆ ਹੈ ਤੇ ਇਹ ਸੰਕਟ ਹਾਲੇ ਹੋਰ ਆਫ਼ਤਾਂ ਲੈ ਕੇ ਆਉਂਦਾ ਰਹੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਪੂਰੀ ਦੁਨੀਆ ਜੂਝ ਰਹੀ ਹੈ। ਅੱਜ ਕੋਰੋਨਾ ‘ਤੇ ਕਾਬੂ ਪਾਉਣ ਦੀ ਅਚੀਵਮੈਂਟ 130 ਦੇਸ਼ਾਂ ਦੀ ਹੈ। ਮੋਦੀ ਨੇ ਕੋਰੋਨਾ ਟੀਕਾਕਰਨ ਪ੍ਰੋਗਰਾਮ ਦੀ ਤਾਰੀਫ ਕਰਦਿਆਂ ਕਿਹਾ ਕਿ ਅੱਜ ਪੂਰੇ ਵਿਸ਼ਵ ਵਿੱਚ ਭਾਰਤ ਦੇ ਕੰਮਾਂ ਦੀ ਪ੍ਰਸ਼ੰਸਾ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਰੋਨਾ ਕਾਲ ਦੌਰਾਨ ਦੇਸ਼ ਵਿੱਚ 80 ਕਰੋੜ ਤੋਂ ਵੀ ਜ਼ਿਆਦਾ ਦੇਸ਼ਵਾਸੀਆਂ ਨੂੰ ਮੁਫ਼ਤ ਰਾਸ਼ਨ ਦੇ ਕੇ ਅਸੀਂ ਪੂਰੀ ਦੁਨੀਆ ਦੇ ਸਾਹਮਣੇ ਉਦਾਹਰਣ ਪੇਸ਼ ਕੀਤੀ ਹੈ। ਸਾਡੀ ਸਰਕਾਰ ਗਰੀਬਾਂ ਨੂੰ ਘਰ ਤੇ ਰਾਸ਼ਨ ਦੇਣ ਦਾ ਕੰਮ ਕਰ ਰਹੀ ਹੈ। ਕੋਵਿਡ ਮਹਾਂਮਾਰੀ ਦੌਰਾਨ ਸਾਡੀ ਸਰਕਾਰ ਵਿੱਚ ਪੰਜ ਕਰੋੜ ਗਰੀਬ ਪਰਿਵਾਰਾਂ ਨੂੰ ਨਲ ਤੋਂ ਪਾਣੀ ਪਹੁੰਚਾਉਣ ਦਾ ਕੰਮ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੌਰਾਨ ਸਰਕਾਰ ਨੇ MSME ਸੈਕਟਰ ਅਤੇ ਖੇਤੀਬਾੜੀ ‘ਤੇ ਵਿਸ਼ੇਸ਼ ਧਿਆਨ ਦਿੱਤਾ, ਜਿਸ ਦੇ ਨਤੀਜੇ ਵਜੋਂ ਕਿਸਾਨਾਂ ਨੂੰ ਵੱਧ MSP ਮਿਲੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਪੈਸੇ ਸਿੱਧੇ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾਂ ਹੋਏ ਹਨ। ਮੈਂ ਪੰਜਾਬ ਦੇ ਕਿਸਾਨਾਂ ਦੀਆਂ ਕਈ ਵੀਡੀਓਜ਼ ਦੇਖੀਆਂ ਹਨ, ਜਿਨ੍ਹਾਂ ਵਿੱਚ ਉਹ ਕਹਿ ਰਹੇ ਹਨ ਕਿ ਉਨ੍ਹਾਂ ਦੀ ਮਿਹਨਤ ਤਾਂ ਉਨੀ ਹੀ ਹੈ, ਪਰ ਖਾਤੇ ਵਿੱਚ ਇੰਨੇ ਪੈਸੇ ਇਕੱਠੇ ਆਉਂਦੇ ਪਹਿਲੀ ਵਾਰ ਦੇਖੇ ਹਨ।
ਮੋਦੀ ਨੇ ਮਹਿੰਗਾਈ ‘ਤੇ ਕਾਬੂ ਪਾਉਣ ਲਈ ਸਰਕਾਰ ਵੱਲੋਂ ਕੀਤੇ ਗਏ ਸੁਹਿਰਦ ਯਤਨਾਂ ਦਾ ਸੋਹਲੇ ਗਾਉਂਦਿਆਂ ਕਿਹਾ ਕਿ ਅੱਜ ਭਾਰਤ ਦੁਨੀਆ ਦੀ ਇਕਲੌਤੀ ਅਜਿਹੀ ਅਰਥਵਿਵਸਥਾ ਹੈ, ਜਿੱਥੇ ਵਿਕਾਸ ਦਰ ਉੱਚੀ ਹੈ ਅਤੇ ਮਹਿੰਗਾਈ ਦਰ ਮੱਧਮ ਹੈ, ਉੱਥੇ ਦੁਨੀਆ ਦੇ ਹੋਰ ਦੇਸ਼ਾਂ ਦੀ ਆਰਥਿਕਤਾ ਸੁਸਤ ਤੇ ਮਹਿੰਗਾਈ ਚੁਸਤ ਹੈ। ਮੋਦੀ ਨੇ ਰਾਜ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਨ ‘ਤੇ ਚਰਚਾ ਦਾ ਜਵਾਬ ਦਿੰਦਿਆਂ ਕਿਹਾ ਕਿ 100 ਸਾਲਾਂ ‘ਚ ਦੁਨੀਆ ਦੀ ਸਭ ਤੋਂ ਵੱਡੀ ਮਹਾਂਮਾਰੀ ਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ।
ਉਨ੍ਹਾਂ ਕਿਹਾ, ‘ਮਹਿੰਗਾਈ ਦੀ ਗੱਲ ਕਰੀਏ ਤਾਂ ਅਮਰੀਕਾ ‘ਚ 40 ਸਾਲਾਂ ‘ਚ ਸਭ ਤੋਂ ਵੱਧ ਮਹਿੰਗਾਈ ਦਾ ਦੌਰ ਚੱਲ ਰਿਹਾ ਹੈ। ਬਰਤਾਨੀਆ ਵਿੱਚ ਅੱਜ 30 ਸਾਲਾਂ ਦੀ ਸਭ ਤੋਂ ਵੱਧ ਮਹਿੰਗਾਈ ਹੈ। ਦੁਨੀਆ ਦੇ 19 ਦੇਸ਼ਾਂ ਵਿੱਚ ਜਿੱਥੇ ਯੂਰੋ ਮੁਦਰਾ ਹੈ, ਮਹਿੰਗਾਈ ਦੀ ਦਰ ਸਭ ਤੋਂ ਉੱਚੇ ਪੱਧਰ ‘ਤੇ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਮਾਹੌਲ ਵਿੱਚ ਅਤੇ ਮਹਾਂਮਾਰੀ ਦੇ ਦਬਾਅ ਦੇ ਬਾਵਜੂਦ ਭਾਰਤ ਵਿੱਚ ਮਹਿੰਗਾਈ ਨੂੰ ਇੱਕ ਪੱਧਰ ‘ਤੇ ਕਾਬੂ ਕਰਨ ਲਈ ਬਹੁਤ ਯਤਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਲ 2014 ਤੋਂ 2020 ਤੱਕ ਦੇਸ਼ ਵਿੱਚ ਮਹਿੰਗਾਈ ਦੀ ਦਰ 4 ਤੋਂ 5 ਫੀਸਦੀ ਦੇ ਕਰੀਬ ਸੀ ਅਤੇ ਜਦੋਂ ਇਸ ਦੀ ਤੁਲਨਾ ਯੂਪੀਏ ਦੇ ਦੌਰ ਨਾਲ ਕੀਤੀ ਜਾਵੇਗੀ ਤਾਂ ਪਤਾ ਲੱਗੇਗਾ ਕਿ ਮਹਿੰਗਾਈ ਕੀ ਹੁੰਦੀ ਹੈ?’
ਨਰਿੰਦਰ ਮੋਦੀ ਦੇ ਭਾਸ਼ਨ ਦੌਰਾਨ ਰਾਜ ਸਭਾ ਵਿੱਚ ਹੰਗਾਮਾ ਵੀ ਹੋਇਆ। ਮੋਦੀ ਦੇ ਭਾਸ਼ਨ ਦਾ ਬਾਈਕਾਟ ਕਰਦਿਆਂ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਰਾਜ ਸਭਾ ਵਿੱਚੋਂ ਵਾਕਆਊਟ ਕਰ ਦਿੱਤਾ। ਮਲਿਕਾਰਜੁਨ ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਰਾਸ਼ਟਰਪਤੀ ਦੇ ਭਾਸ਼ਨ ਬਾਰੇ ਬੋਲਣ ਦੀ ਥਾਂ ਕਾਂਗਰਸ ਉੱਤੇ ਦੋਸ਼ ਲਗਾ ਰਹੇ ਹਨ।