‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਦੇ ਲਾਲ ਕਿਲ੍ਹੇ ‘ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨਾਏ ਜਾ ਰਹੇ 400ਵੇਂ ਪ੍ਰਕਾਸ਼ ਦਿਹਾੜੇ ਸਮਾਗਮ ਵਿੱਚ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਸਿੱਕਾ ਅਤੇ ਡਾਕ ਟਿਕਟ ਕੀਤੀ ਜਾਰੀ।
ਮੋਦੀ ਨੇ ਰਾਗੀ ਸਿੰਘਾਂ ਪਾਸੋਂ ਸ਼ਬਦ ਕੀਰਤਨ ਸੁਣਨ ਤੋਂ ਬਾਅਦ ਕਿਹਾ ਕਿ ਹੁਣ ਸ਼ਬਦ ਕੀਰਤਨ ਸੁਣ ਕੇ ਜੋ ਸਕੂਨ ਮਿਲਿਆ, ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ। ਅੱਜ ਮੈਨੂੰ ਗੁਰੂ ਸਾਹਿਬ ਜੀ ਨੂੰ ਸਮਰਪਿਤ ਇੱਕ ਯਾਦਗਾਰੀ ਡਾਕ ਟਿਕਟ ਅਤੇ ਸਿੱਕਾ ਵੀ ਜਾਰੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮੈਂ ਇਸਨੂੰ ਸਾਡੇ ਗੁਰੂਆਂ ਦੀ ਵਿਸ਼ੇਸ਼ ਕਿਰਪਾ ਸਮਝਦਾ ਹਾਂ। ਉਨ੍ਹਾਂ ਨੇ ਕਿਹਾ ਕਿ “ਮੈਨੂੰ ਖੁਸ਼ੀ ਹੈ ਕਿ ਅੱਜ ਸਾਡਾ ਦੇਸ਼ ਆਪਣੇ ਗੁਰੂਆਂ ਦੇ ਆਦਰਸ਼ਾਂ ‘ਤੇ ਪੂਰੀ ਤਨਦੇਹੀ ਨਾਲ ਅੱਗੇ ਵੱਧ ਰਿਹਾ ਹੈ। ਇਸ ਪਵਿੱਤਰ ਮੌਕੇ ‘ਤੇ ਮੈਂ ਸਾਰੇ ਦਸ ਗੁਰੂਆਂ ਦੇ ਚਰਨਾਂ ਵਿੱਚ ਪ੍ਰਣਾਮ ਕਰਦਾ ਹਾਂ। ਮੋਦੀ ਨੇ ਸਾਰੇ ਦੇਸ਼ਵਾਸੀਆਂ ਨੂੰ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ।
ਮੋਦੀ ਨੇ ਕਿਹਾ ਕਿ ਇਹ ਲਾਲ ਕਿਲਾ ਕਈ ਮਹੱਤਵਪੂਰਨ ਦੌਰ ਦਾ ਗਵਾਹ ਰਿਹਾ ਹੈ। ਇਸ ਕਿਲੇ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਵੀ ਦੇਖੀ ਹੈ ਅਤੇ ਦੇਸ਼ ਲਈ ਜਾਨਾਂ ਵਾਰਨ ਵਾਲੇ ਲੋਕਾਂ ਦੇ ਹੌਂਸਲੇ ਨੂੰ ਵੀ ਪਰਖਿਆ ਹੈ। ਇਹ ਭਾਰਤ ਭੂਮੀ, ਸਿਰਫ਼ ਇੱਕ ਦੇਸ਼ ਨਹੀਂ ਹੈ, ਸਾਡੀ ਇੱਕ ਮਹਾਨ ਵਿਰਾਸਤ, ਇੱਕ ਮਹਾਨ ਪਰੰਪਰਾ ਹੈ। ਇਸ ਨੂੰ ਸਾਡੇ ਰਿਸ਼ੀ-ਮੁਨੀਆਂ, ਗੁਰੂਆਂ ਨੇ ਲੱਖਾਂ ਸਾਲਾਂ ਦੀ ਤਪੱਸਿਆ ਨਾਲ ਸਿੰਜਿਆ ਹੈ। ਲਾਲ ਕਿਲੇ ਦੇ ਨੇੜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਮਰ ਕੁਰਬਾਨੀ ਦਾ ਪ੍ਰਤੀਕ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵੀ ਹੈ। ਇਹ ਪਵਿੱਤਰ ਗੁਰਦੁਆਰਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਡੇ ਮਹਾਨ ਸੱਭਿਆਚਾਰ ਦੀ ਰੱਖਿਆ ਲਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਕਿੰਨੀ ਮਹਾਨ ਸੀ।”
ਉਸ ਸਮੇਂ ਭਾਰਤ ਨੂੰ ਗੁਰੂ ਤੇਗ ਬਹਾਦਰ ਜੀ ਦੇ ਰੂਪ ਵਿੱਚ ਆਪਣੀ ਪਛਾਣ ਬਚਾਉਣ ਦੀ ਵੱਡੀ ਆਸ ਸੀ। ਉਸ ਸਮੇਂ ਗੁਰੂ ਤੇਗ ਬਹਾਦਰ ਜੀ ‘ਹਿੰਦ ਦੀ ਚਾਦਰ’ ਬਣ ਕੇ ਔਰੰਗਜ਼ੇਬ ਦੀ ਜ਼ਾਲਮ ਸੋਚ ਦੇ ਸਾਹਮਣੇ ਚਟਾਨ ਬਣ ਕੇ ਖੜ੍ਹੇ ਸਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਨੇ ਭਾਰਤ ਦੀਆਂ ਕਈ ਪੀੜ੍ਹੀਆਂ ਨੂੰ ਆਪਣੇ ਸੱਭਿਆਚਾਰ ਦੀ ਰਾਖੀ ਲਈ ਜੀਣ ਅਤੇ ਮਰਨ ਲਈ ਪ੍ਰੇਰਿਤ ਕੀਤਾ ਹੈ।
ਮੋਦੀ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪੂਰੇ ਦੇਸ਼ ਨੂੰ ਇੱਕ ਕਰ ਦਿੱਤਾ। ਮੋਦੀ ਨੇ ਕਿਹਾ ਕਿ ਪਿਛਲੇ ਸਾਲ ਹੀ ਸਾਡੀ ਸਰਕਾਰ ਨੇ ਸਾਹਿਬਜ਼ਾਦਿਆਂ ਦੀ ਮਹਾਨ ਕੁਰਬਾਨੀ ਦੀ ਯਾਦ ਵਿੱਚ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਉਣ ਦਾ ਫੈਸਲਾ ਕੀਤਾ ਸੀ। ਸਿੱਖ ਪਰੰਪਰਾਵਾਂ ਨੂੰ ਜੋੜਨ ਦੇ ਲਈ ਸਾਡੀ ਸਰਕਾਰ ਲਗਾਤਾਰ ਉਪਰਾਲੇ ਕਰ ਰਹੀ ਹੈ।”
ਇਸ ਮੌਕੇ ਹਰਮੀਤ ਸਿੰਘ ਕਾਲਕਾ ਨੇ ਪ੍ਰਧਾਨ ਮੰਤਰੀ ਮੋਦੀ ਅੱਗੇ ਦਿੱਲੀ ਵਿੱਚ ਸਿੱਖਾਂ ਦੀ ਆਪਣੀ ਯੂਨੀਵਰਸਿਟੀ ਹੋਣ ਦੀ ਚਾਹਤ ਪ੍ਰਗਟਾਈ। ਕਾਲਕਾ ਨੇ PM ਮੋਦੀ ਨੂੰ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਰੱਖਣ ਦੀ ਮੰਗ ਵੀ ਕੀਤੀ। ਮੋਦੀ ਦੇ ਨਾਲ ਬੀਜੇਪੀ ਆਗੂ ਮਨਜਿੰਦਰ ਸਿੰਘ ਸਿਰਸਾ, ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ, ਜੀ ਕਿਸ਼ਨ ਰੈਡੀ, ਹਰਮੀਤ ਸਿੰਘ ਕਾਲਕਾ ਸਮੇਤ ਹੋਰ ਕਈ ਲੀਡਰ ਮੌਜੂਦ ਸਨ।