India

ਤੀਜੀ ਵਾਰ PM ਬਣਨ ਮਗਰੋਂ ਪਹਿਲੇ ਵਿਦੇਸ਼ੀ ਦੌਰੇ ‘ਤੇ ਇਟਲੀ ਜਾਣਗੇ ਮੋਦੀ, PM ਮੇਲੋਨੀ ਨਾਲ ਵੀ ਕਰਨਗੇ ਮੁਲਾਕਾਤ

ਪ੍ਰਧਾਨ ਮੰਤਰੀ ਨਰੇਂਦਰ ਮੋਦੀ G-7 ਸੰਮੇਲਨ ‘ਚ ਹਿੱਸਾ ਲੈਣ ਲਈ ਕੱਲ੍ਹ ਵੀਰਵਾਰ 13 ਜੂਨ ਨੂੰ ਇਟਲੀ ਦੇ ਅਪੁਲੀਆ ਜਾਣਗੇ। ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੇ ਸੱਦੇ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲ੍ਹ 50ਵੇਂ ਜੀ-7 ਸਿਖਰ ਸੰਮੇਲਨ ‘ਚ ਹਿੱਸਾ ਲੈਣ ਲਈ ਇਟਲੀ ਦੇ ਅਪੁਲੀਆ ਜਾਣਗੇ।

ਕਵਾਤਰਾ ਨੇ ਦੱਸਿਆ ਕਿ ਇਹ ਸ਼ਿਖਰ ਸੰਮੇਲਨ 14 ਜੂਨ ਨੂੰ ਇਟਲੀ ਵਿੱਚ ਹੋਵੇਗਾ, ਜਿੱਥੇ ਭਾਰਤ ਨੂੰ ਇੱਕ ਆਊਟਰੀਚ ਦੇਸ਼ ਵਜੋਂ ਸੱਦਾ ਦਿੱਤਾ ਗਿਆ ਹੈ। ਯਾਨੀ ਭਾਰਤ ਜੀ-7 ਦਾ ਮੈਂਬਰ ਨਹੀਂ ਹੈ ਪਰ ਉਸ ਨੂੰ ਆਊਟਰੀਚ ਦੇਸ਼ ਵਜੋਂ ਸੱਦਾ ਦਿੱਤਾ ਗਿਆ ਹੈ।

ਵਿਦੇਸ਼ ਸਕੱਤਰ ਨੇ ਕਿਹਾ ਕਿ ਤੀਸਰੇ ਕਾਰਜਕਾਲ ਲਈ ਅਹੁਦਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੋਵੇਗੀ। ਇਸ ਨਾਲ ਉਨ੍ਹਾਂ ਨੂੰ ਜੀ-7 ਸਿਖਰ ਸੰਮੇਲਨ ‘ਚ ਮੌਜੂਦ ਹੋਰ ਵਿਸ਼ਵ ਨੇਤਾਵਾਂ ਨਾਲ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਕਰਨ ਦਾ ਮੌਕਾ ਵੀ ਮਿਲੇਗਾ।

ਇਸ ਸੰਮੇਲਨ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ, ਜਾਪਾਨ ਦੇ ਰਾਸ਼ਟਰਪਤੀ ਫੂਮੀਓ ਕਿਸ਼ਿਦਾ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਹਿੱਸਾ ਲੈਣਗੇ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਟਲੀ ਦੀ ਪ੍ਰਧਾਨ ਮੰਤਰੀ ਜਿਓਰਜੀਆ ਮੇਲੋਨੀ ਨਾਲ ਵੀ ਮੁਲਾਕਾਤ ਕਰਨਗੇ।