International

ਕੈਨੇਡਾ ‘ਚ ਮੰਦਰ ‘ਤੇ ਹੋਏ ਹਮਲੇ ‘ਤੇ ਪਹਿਲੀ ਵਾਰ ਬੋਲੇ ​​PM ਮੋਦੀ, ਗੁਰੂ ਘਰਾਂ ਵੱਲ ਵਧੇ ਪ੍ਰਦਰਸ਼ਨਕਾਰੀ, ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਕੀਤੀ ਕੋਸ਼ਿਸ਼

ਕੈਨੇਡਾ : ਬੀਤੇ ਦਿਨੀਂ ਕੈਨੇਡਾ ਦੇ ਬਰੈਂਪਟਨ ‘ਚ ਐਤਵਾਰ ਨੂੰ ਇਕ ਹਿੰਦੂ ਮੰਦਰ ‘ਚ ਆਏ ਲੋਕਾਂ ‘ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਸੀ। ਜਿਸ ਤੋਂ ਬਾਅਦ ਸਿੱਖ ਤੇ ਹਿੰਦੂ ਭਾਈਚਾਰੇ ‘ਚ ਕੁਝ ਕੁ ਥਾਵਾਂ ‘ਤੇ ਤਣਾਅ ਲਗਾਤਾਰ ਵਧ ਰਿਹਾ ਹੈ। ਇਸ ਘਟਨਾ ਤੋ ਬਾਅਦ ਹਿੰਦੂ ਭਾਈਚਾਰੇ ਵੱਲੋਂ ਦੇ ਬਰੈਂਪਟਨ ਦੀਆਂ ਸੜਕਾਂ ’ਤੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਬਰੈਂਪਟਨ ਸਥਿਤ ਗੁਰਦੁਆਰਾ ਸਾਹਿਬ ਵੱਲ ਵੱਧਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿਸ ਕਾਰਨ ਪ੍ਰਸਾਸ਼ਨ ਵੱਲੋਂ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਗਈ।

ਪ੍ਰਦਰਸ਼ਨਕਾਰੀਆਂ ਵੱਲੋਂ ਨਿੱਝਰ ਦੇ ਕਤਲ ਲਈ ਜ਼ਿੰਮੇਵਾਰੀ

ਇਸਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਵੱਲੋਂ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਵੀ ਲਈ ਜਾ ਰਹੀ ਹੈ ਅਤੇ ਗੁਰਦੁਆਰਾ ਸਾਹਿਬ ਕੋਲ ਇੱਕਠੇ ਹੋਣ ਲਈ ਵੀ ਕਿਹਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਸਿੱਖਾਂ ਦੇ ਵਾਹਨਾਂ ਨਾਲ ਭੰਨਤੋੜ ਵੀ ਕੀਤੀ ਗਈ ਹੈ।

ਇਹ ਮੁੰਬਈ ਨਹੀਂ ਹੈ ਇਹ ਕੈਨੇਡਾ ਹੈ

ਕੈਨੇਡਾ ਦੇ ਇੱਕ ਪੱਤਰਕਾਰ ਨੇ ਇਸ ਸਬੰਧੀ ਇੱਕ ਵਿਡੀਓ ਸਾਂਝੀ ਕਰਦਿਆਂ ਕਿਹਾ ਕਿ ਭਾਰਤੀ ਹਿੰਦੂਆਂ ਦੀ ਇੱਕ ਵੱਡੀ ਭੀੜ ਇਸ ਸਮੇਂ ਬਰੈਂਪਟਨ, ਓਨਟਾਰੀਓ ਦੀਆਂ ਸੜਕਾਂ ‘ਤੇ ਸਥਾਨਕ ਪੁਲਿਸ ਫੋਰਸ ਦੇ ਖਿਲਾਫ ਪ੍ਰਦਰਸ਼ਨ ਕਰ ਰਹੀ ਹੈ। ਪੱਤਰਕਾਰ ਭੀੜ ਨੂੰ ਸਵਾਲ ਕਰਦੇ ਜ਼ਰ ਆਏ ਕਿ ਇਹ ਮੁੰਬਈ ਨਹੀਂ ਹੈ ਇਹ ਕੈਨੇਡਾ ਹੈ ਜਿੱਥੇ ਇਸ ਤਰ੍ਹਾਂ ਦੇ ਮੁਜ਼ਾਹਰੇ ਚੱਲਣਗੇ।

ਉਸਨੇ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਹਿੰਦੂ ਭਾਈਚਾਰੇ ਨੇ ਪੀਲ ਖੇਤਰੀ ਪੁਲਿਸ ਅਧਿਕਾਰੀਆਂ ਨਾਲ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜੋ ਭੀੜ ਨੂੰ ਸਿੱਖ ਗੁਰਦੁਆਰੇ ਤੱਕ ਪਹੁੰਚਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਦੱਸ ਦਈਏ ਕਿ ਪ੍ਰਦਰਸ਼ਨਕਾਰੀਆਂ ਦੇ ਇਸ ਰੋਸ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਸੜਕਾਂ ’ਤੇ ਵੱਡੇ-ਵੱਡੇ ਜਾਮ ਲੱਗ ਗਏ ਜਿਸ ਕਾਰਨ ਲੋਕਾਂ ਨੂੰ ਆਉਣ ਜਾਣ ਵਿੱਚ ਦਿੱਕਤ ਆ ਰਹੀ ਸੀ।

ਜਗਮੀਤ ਸਿੰਘ ਨੇ ਕਿਹਾ ਕਿ ਪੂਜਾ ਸਥਾਨਾਂ ਦੀ ਸੁਰੱਖਿਆ ਹੋਣੀ ਚਾਹੀਦੀ

ਇਸ ਸਬੰਧੀ ਐਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਪੂਜਾ ਸਥਾਨਾਂ ਦੀ ਸੁਰੱਖਿਆ ਹੋਣੀ ਚਾਹੀਦੀ ਹੈ। ਡੀ-ਐਸਕੇਲੇਸ਼ਨ ਅਤੇ ਸ਼ਾਂਤ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰੇ ਨੂੰ ਨਿਸ਼ਾਨਾ ਬਣਾਉਣ ਵਾਲੀ ਹਿੰਸਾ ਬਾਰੇ ਸੁਣ ਕੇ ਮੈਂ ਬਹੁਤ ਨਿਰਾਸ਼ ਹਾਂ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਦੀ ਹਿੰਸਾ ਲਈ ਜਿੰਮੇਵਾਰ ਨੂੰ ਸਜ਼ਾ ਹੋਣਾ ਚਾਹੀਦੀ ਹੈ ਅਤੇ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

ਜਾਣੋ ਸਾਰਾ ਮਾਮਲਾ

ਦੱਸ ਦਈਏ ਕਿ ਭਾਰਤੀ ਕੌਂਸਲਖਾਨਿਆਂ ਵੱਲੋਂ ਲਾਈਫ ਸਰਟੀਫਿਕੇਟ ਕੈਂਪ ਮੰਦਰਾਂ ਵਿੱਚ ਲਾਏ ਜਾ ਰਹੇ ਸਨ ਤੇ ਸਿੱਖਾਂ ਵੱਲੋਂ ਬਰੈਂਪਟਨ ਸਮੇਤ ਵੱਖ ਵੱਖ ਥਾਵਾਂ ‘ਤੇ ਇਨਾਂ ਦਾ ਵਿਰੋਧ ਕੀਤਾ ਗਿਆ, ਜਿਸ ਦਰਮਿਆਨ ਦੋਵਾਂ ਧਿਰਾਂ ਦੇ ਲੋਕਾਂ ‘ਚ ਤਣਾਅ ਵੇਖਣ ਨੂੰ ਮਿਲਿਆ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਬਿਆਨ

ਇਸ ਮਾਮਲੇ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਰੈਂਪਟਨ ਹਿੰਦੂ ਸਭਾ ਮੰਦਰ ਦੇ ਬਾਹਰ ਹੋਈ ਹਿੰਸਾ ਦੀ ਨਿਖੇਧੀ ਕਰਦਿਆਂ ਇਸ ਨੂੰ ‘ਅਸਹਿਣਯੋਗ” ਦੱਸਿਆ, ਐਕਸ ਉੱਤੇ ਪੋਸਟ ਕੀਤੀ, ‘‘ਬਰੈਂਪਟਨ ਦੇ ਹਿੰਦੂ ਮੰਦਰ ਦੇ ਬਾਹਰ ਹੋਈ ਹਿੰਸਾ ਸਹਿਣਯੋਗ ਨਹੀਂ ਹੈ। ਸਾਰੇ ਕੈਨੇਡੀਅਨਾਂ ਨੂੰ ਆਪਣੀ ਆਸਥਾ ਮੁਤਾਬਕ ਆਪਣੇ ਰੀਤੀ ਰਿਵਾਜ਼ ਅਜ਼ਾਦੀ ਅਤੇ ਸੁਰੱਖਿਆ ਨਾਲ ਮਨਾਉਣ ਦੀ ਅਜ਼ਾਦੀ ਹੈ। ਕਮਿਊਨਿਟੀ ਦੀ ਸੁਰੱਖਿਆ ਅਤੇ ਮਾਮਲੇ ਦੀ ਜਾਂਚ ਲਈ ਚੌਕਸੀ ਦਿਖਾਉਣ ਲ਼ਈ ਪੀਲ ਪੁਲਿਸ ਦਾ ਧੰਨਵਾਦ।’

ਕੈਨੇਡਾ ਚ ਮੰਦਰ ਤੇ ਹੋਏ ਹਮਲੇ ਤੇ ਪਹਿਲੀ ਵਾਰ ਬੋਲੇ ​​PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕੈਨੇਡਾ ਦੇ ਬਰੈਂਪਟਨ ‘ਚ ਇੱਕ ਹਿੰਦੂ ਮੰਦਰ ‘ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਜਸਟਿਨ ਟਰੂਡੋ ਨੂੰ ਸਖ਼ਤ ਹਦਾਇਤਾਂ ਦਿੰਦੇ ਹੋਏ ਕੈਨੇਡਾ ਸਰਕਾਰ ਨੂੰ ਇਸ ਮਾਮਲੇ ਵਿੱਚ ਨਿਆਂ ਯਕੀਨੀ ਬਣਾਉਣ ਅਤੇ ਕਾਨੂੰਨ ਦਾ ਰਾਜ ਕਾਇਮ ਰੱਖਣ ਲਈ ਕਿਹਾ ਹੈ।

ਪੀਐਮ ਮੋਦੀ ਨੇ ਇੱਕ ਐਕਸ ਪੋਸਟ ਵਿੱਚ ਕਿਹਾ, ‘ਮੈਂ ਕੈਨੇਡਾ ਵਿੱਚ ਇੱਕ ਹਿੰਦੂ ਮੰਦਰ ‘ਤੇ ਜਾਣਬੁੱਝ ਕੇ ਕੀਤੇ ਗਏ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਸਾਡੇ ਡਿਪਲੋਮੈਟਾਂ ਨੂੰ ਡਰਾਉਣ ਦੀ ਕਾਇਰਤਾ ਭਰੀ ਕੋਸ਼ਿਸ਼ ਵੀ ਓਨੀ ਹੀ ਭਿਆਨਕ ਹੈ। ਹਿੰਸਾ ਦੀਆਂ ਅਜਿਹੀਆਂ ਕਾਰਵਾਈਆਂ ਭਾਰਤ ਦੇ ਸੰਕਲਪ ਨੂੰ ਕਦੇ ਵੀ ਕਮਜ਼ੋਰ ਨਹੀਂ ਕਰ ਸਕਦੀਆਂ। ਅਸੀਂ ਉਮੀਦ ਕਰਦੇ ਹਾਂ ਕਿ ਕੈਨੇਡਾ ਸਰਕਾਰ ਨਿਆਂ ਯਕੀਨੀ ਬਣਾਏਗੀ ਅਤੇ ਕਾਨੂੰਨ ਦੇ ਰਾਜ ਨੂੰ ਬਰਕਰਾਰ ਰੱਖੇਗੀ।

ਵਿਦੇਸ਼ ਮੰਤਰਾਲੇ ਨੇ ਕੈਨੇਡਾ ‘ਚ ਮੰਦਰ ‘ਤੇ ਹਮਲੇ ਦੀ ਕੀਤੀ ਨਿੰਦਾ

ਕੈਨੇਡਾ ਨੂੰ ਪੀਐਮ ਮੋਦੀ ਦੇ ਇਸ ਸਖ਼ਤ ਸੰਦੇਸ਼ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨੇ ਵੀ ਹਿੰਦੂ ਮੰਦਰ ‘ਤੇ ਹਮਲੇ ਨੂੰ ਲੈ ਕੇ ਸਖ਼ਤ ਬਿਆਨ ਜਾਰੀ ਕੀਤਾ ਸੀ, ਜਿਸ ‘ਚ ਇਨ੍ਹਾਂ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਸੀ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ, “ਅਸੀਂ ਕੱਲ੍ਹ ਓਨਟਾਰੀਓ ਦੇ ਬਰੈਂਪਟਨ ਵਿੱਚ ਹਿੰਦੂ ਸਭਾ ਮੰਦਰ ਵਿੱਚ ਕੱਟੜਪੰਥੀਆਂ ਅਤੇ ਵੱਖਵਾਦੀਆਂ ਦੁਆਰਾ ਕੀਤੀ ਗਈ ਹਿੰਸਾ ਦੀ ਨਿੰਦਾ ਕਰਦੇ ਹਾਂ।” ਵਿਦੇਸ਼ ਮੰਤਰਾਲੇ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਕੈਨੇਡੀਅਨ ਸਰਕਾਰ ਨੂੰ ਆਪਣੀ ਧਰਤੀ ‘ਤੇ ਧਾਰਮਿਕ ਸਥਾਨਾਂ ਨੂੰ ਅਜਿਹੇ ਹਮਲਿਆਂ ਤੋਂ ਬਚਾਉਣ ਲਈ ਕਿਹਾ ਹੈ।

ਪੀਲ ਰੀਜਨਲ ਪੁਲਿਸ ਨੇ ਘਟਨਾ ਤੋਂ ਬਾਅਦ ਕੀਤੀ ਕਾਰਵਾਈ

ਕੈਨੇਡਾ ਵਿਚ ਮੰਦਿਰ ਵਿਚ ਹਮਲੇ ਤੋਂ ਬਾਅਦ ਕੈਨੇਡੀ ਦੀ ਪੀਲ ਰੀਜਨਲ ਪੁਲਿਸ (Peel Regional Police) ਦਾ ਬਿਆਨ ਸਾਹਮਣੇ ਆਇਆ ਹੈ। ਪੀਲ ਰੀਜਨਲ ਪੁਲਿਸ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਬਰੈਂਪਟਨ ਵਿੱਚ ਇੱਕ ਪੂਜਾ ਸਥਾਨ ‘ਤੇ ਆਯੋਜਿਤ ਇੱਕ ਪ੍ਰਦਰਸ਼ਨ ਵਿੱਚ ਜੋ ਹੋਇਆ ਹੈ ਉਸ ਤੋਂ ਬਾਅਗ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਹਨਾਂ ਦੀਆਂ ਕਾਰਵਾਈਆਂ ਲਈ ਅਪਰਾਧਿਕ ਇਲਜ਼ਾਮ ਲਗਾਏ ਗਏ ਹਨ। ਸਾਡੇ 21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਨਾਲ 12 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੁਆਰਾ ਗੈਰ-ਕਾਨੂੰਨੀ ਕਾਰਵਾਈਆਂ ਦੀ ਸਰਗਰਮੀ ਨਾਲ ਜਾਂਚ ਜਾਰੀ ਹੈ।