ਬਿਉਰੋ ਰਿਪੋਰਟ – ਲੋਕਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਧੰਨਵਾਦ ਮਤੇ ‘ਤੇ ਬੋਲਣ ਪਹੁੰਚੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਹਿਲੇ ਸ਼ਬਦ ਤੋਂ ਰਾਹੁਲ ਗਾਂਧੀ ਅਤੇ ਕਾਂਗਰਸ ‘ਤੇ ਹਮਲਾਵਰ ਸਨ। ਉਨ੍ਹਾਂ ਨੇ ਸਭ ਤੋਂ ਪਹਿਲਾਂ ਕਿਹਾ ਦੇਸ਼ ਦੀ ਜਨਤਾ ਨੇ ਤੀਜੀ ਵਾਰ ਗੈਰ ਕਾਂਗਰਸੀ ਸਰਕਾਰ ‘ਤੇ ਭਰੋਸਾ ਕੀਤਾ ਇਨ੍ਹਾਂ ਨੂੰ ਹਜ਼ਮ ਨਹੀਂ ਹੋ ਰਿਹਾ ਹੈ। 2014 ਤੋਂ ਪਹਿਲਾਂ ਦੇਸ਼ ਦੇ ਲੋਕਾਂ ਦਾ ਆਤਮ ਵਿਸ਼ਵਾਸ਼ ਡਿੱਗਿਆ ਸੀ। ਇਸ ਦੌਰਾਨ ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ਼ ਵੀ ਨਾਅਰੇਬਾਰੀ ਕੀਤੀ ਤਾਨਾਸ਼ਾਹੀ ਨਹੀਂ ਚੱਲੇਗੀ।
ਵਿਰੋਧੀ ਧਿਰ ਦੇ ਹੰਗਾਮੇ ਦੌਰਾਨ 2 ਵਾਰ ਭਾਸ਼ਣ ਰੁਕਿਆ, ਸਪੀਕਰ ਨੇ ਵਿਰੋਧੀ ਧਿਰ ਨੂੰ ਟੋਕਿਆ। ਭਾਸ਼ਣ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਬਿਨਾਂ ਰਾਹੁਲ ਗਾਂਧੀ ਦਾ ਨਾਂ ਲਏ ਤਿੰਨ ਕਿਸੇ ਸੁਣਾਉਂਦੇ ਹੋਏ ਤੰਜ ਕੱਸੇ, ਉਨ੍ਹਾਂ ਕਿਹਾ ਇੱਕ ਬੱਚਾ 99% ਨੰਬਰ ਲੈਕੇ ਘੁੰਮ ਰਿਹਾ ਹੈ। 1984 ਤੋਂ ਹੁਣ ਤੱਕ 10 ਲੋਕਸਭਾ ਚੋਣਾਂ ਹੋ ਚੁੱਕੀਆਂ ਹਨ ਕਾਂਗਰਸ ਕਦੇ 250 ਦਾ ਅੰਕੜਾ ਹਾਸਲ ਨਹੀਂ ਕਰ ਸਕੀ ਹੈ। ਇਸ ਵਾਰ ਵੀ 99 ਦੇ ਚੱਕਰ ਵਿੱਚ ਵੀ ਫਸ ਗਿਆ। ਪ੍ਰਧਾਨ ਮੰਤਰੀ ਦੇ ਇਸ ਤੰਜ ਤੇ ਰਾਹੁਲ ਗਾਂਧੀ ਹੱਸਦੇ ਹੋਏ ਨਜ਼ਰ ਆਏ।
ਫਿਰ ਪ੍ਰਧਾਨ ਮੰਤਰੀ ਨੇ ਰਾਹੁਲ ਗਾਂਧੀ ਦੇ ਹਿੰਦੂ ਹਿੰਸਕ ਵਾਲੇ ਬਿਆਨ ‘ਤੇ ਪਲਟਵਾਰ ਕੀਤਾ। ਉਨ੍ਹਾਂ ਕਿਹਾ ਇਹ ਕਾਂਗਰਸ ਦੀ ਸੋਚ ਅਤੇ ਉਸ ਦਾ ਚਰਿੱਤਰ ਹੈ। ਇਹ ਦੇਸ਼ ਅਤੇ ਸ਼ਤਾਬਦੀਆਂ ਇਸ ਨੂੰ ਭੁੱਲਣ ਵਾਲੀ ਨਹੀਂ ਹੈ, ਇਨ੍ਹਾਂ ਲੋਕਾਂ ਨੇ ਹਿੰਦੂ ਨੂੰ ਦਹਿਸ਼ਤਗਰਦ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਦੇਸ਼ ਦੇ ਸੱਭਿਆਚਾਰ ਦਾ ਮਜ਼ਾਕ ਉਡਾਇਆ ਹੈ, ਹੁਣ ਹਿੰਦੂਆਂ ਨੂੰ ਇਸ ਬਾਰੇ ਸੋਚਣ ਦੀ ਜ਼ਰੂਰਤ ਹੈ ਕਿ ਇਹ ਅਪਮਾਨ ਸੰਜੋਗ ਹੈ ਜਾਂ ਪ੍ਰਯੋਗ ਹੈ।
ਦਰਅਸਲ ਬੀਤੇ ਦਿਨੀਂ ਰਾਹੁਲ ਗਾਂਧੀ ਨੇ ਸ਼ਿਵਜੀ, ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮੁਸਲਮਾਨ ਅਤੇ ਇਸਾਈ ਭਾਈਚਾਰੇ ਦੀ ਪੈਗੰਬਰਾਂ ਦੀਆਂ ਫੋਟੋਆਂ ਵਿਖਾ ਕੇ ਹਿੰਸਾ ਅਤੇ ਅਹਿੰਸਾ ਦਾ ਫਰਕ ਸਮਝਾਇਆ ਸੀ। ਇਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਭਾਰਤ ਦਾ ਹਰ ਬੱਚਾ ਜਾਣਦਾ ਹੈ ਕਿ ਰੱਬ ਦਾ ਹਰ ਰੂਪ ਦਰਸ਼ਨ ਲਈ ਹੁੰਦਾ ਹੈ, ਪ੍ਰਦਰਸਨ ਦੇ ਨਹੀਂ ਹੁੰਦਾ ਹੈ। ਸਾਡੇ ਦੇਵੀ-ਦੇਵਤਿਆਂ ਦਾ ਅਪਮਾਨ 140 ਕਰੋੜ ਲੋਕਾਂ ਦੇ ਦਿਲਾਂ ਨੂੰ ਸੱਟ ਪਹੁੰਚਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਬੀਤੇ ਦਿਨ ਅਗਨੀਵੀਰ ਨੂੰ ਲੈ ਕੇ ਸਦਨ ਵਿੱਚ ਝੂਠ ਬੋਲਿਆ ਗਿਆ, ਇਹ ਵੀ ਕਿਹਾ ਗਿਆ MSP ਨਹੀਂ ਦਿੱਤੀ ਜਾ ਰਹੀ ਹੈ, ਜੇਕਰ ਕੋਈ ਆਗੂ ਝੂਠ ਦਾ ਰਸਤਾ ਚੁਣ ਲਏ ਤਾਂ ਦੇਸ਼ ਬਰਬਾਦੀ ਦੇ ਰਸਤੇ ਵੱਲ ਚਲਾ ਜਾਂਦਾ ਹੈ। ਉਨ੍ਹਾਂ ਕਿਹਾ ਇਹ ਫੌਜ ਅਤੇ ਨੌਜਵਾਨਾਂ ਨੂੰ ਭੜਕਾਉਣਾ ਚਾਹੁੰਦੇ ਹਨ। ਫਿਰ ਪੀਐੱਮ ਨੇ ਸਪੀਕਰ ਨੂੰ ਬਿਨਾਂ ਰਾਹੁਲ ਗਾਂਧੀ ਦਾ ਨਾਂ ਲਏ ਕਿਹਾ ਅਸੀਂ ਇਨ੍ਹਾਂ ਨੂੰ ਬਚਕਾਨਾ ਦਿਮਾਗ ਕਹਿਕੇ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਹਾਂ ਇਨ੍ਹਾਂ ਦੇ ਇਰਾਦੇ ਨੇਕ ਨਹੀਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਾਂਗਰਸ ਪਰਿਜੀਵੀ ਪਾਰਟੀ ਹੈ ਜਿਸ ਦਾ ਮਤਲਬ ਹੈ ਜਿਸ ਸ਼ਰੀਰ ਦੇ ਨਾਲ ਰਹਿਦੀ ਹੈ ਉਸੇ ਨੂੰ ਖਾਂਦੀ ਹੈ, ਇਹ ਲੋਕ ਜਿਸ ਦੇ ਨਾਲ ਰਹਿੰਦੇ ਹਨ ਉਨ੍ਹਾਂ ਦੇ ਵੋਟ ਖਾ ਜਾਂਦੇ ਹਨ। ਪ੍ਰਧਾਨ ਮੰਤਰੀ ਨੇ ਲੋਕ ਸਭਾ ਦੇ ਨਤੀਜਿਆਂ ਦਾ ਉਦਾਹਰਣ ਦਿੱਤਾ।
ਪ੍ਰਧਾਨ ਮੰਤਰੀ ਨੇ ਫਿਰ ਸ਼ੋਲੇ ਫਿਲਮ ਦਾ ਡਾਇਲਾਗ ਬੋਲ ਕੇ ਕਾਂਗਰਸ ਨੂੰ ਘੇਰਿਆ,ਉ ਨ੍ਹਾਂ ਕਿਹਾ ਫਰਜ਼ੀ ਜਿੱਤ ਦਾ ਜਸ਼ਨ ਨਾ ਬਣਾਉ, ਇਮਾਨਦਾਰੀ ਨਾਲ ਦੇਸ਼ ਦਾ ਮੂਡ ਸਮਝੋ।
ਅਖੀਰ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਿਰੋਧੀ ਧਿਰ ਨੂੰ ਨਸੀਹਤ ਦਿੱਤੀ ਕਿ ਜੇਕਰ ਮੁਕਾਬਲਾ ਕਰਨਾ ਹੈ ਤਾਂ ਵਿਕਾਸ ਦੇ ਮੁੱਦੇ ‘ਤੇ ਕਰੀਏ ਜਿੱਥੇ ਤੁਹਾਡੀ ਸਰਕਾਰ ਹੈ ਉੱਥੇ ਚੰਗਾ ਕੰਮ ਕਰੋ ਅਸੀਂ ਹੋਰ ਚੰਗਾ ਕੰਮ ਕਰਕੇ ਵਿਖਾਵਾਂਗੇ। ਜਨਤਾ ਤੈਅ ਕਰੇਗੀ ਕੌਣ ਚੰਗਾ ਕੰਮ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਹਾਥਰਸ ਦੇ ਧਾਰਮਿਕ ਸਮਾਗਮ ਦੌਰਾਨ ਹੋਈ ਘਟਨਾ ਤੇ ਦੁੱਖ ਜਤਾਇਆ, ਉਨ੍ਹਾਂ ਕਿਹਾ ਮੈਂ ਯਕੀਨ ਦਿਵਾਉਂਦਾ ਹਾਂ ਕਿ ਸੂਬਾ ਅਤੇ ਕੇਂਦਰ ਸਰਕਾਰ ਮਿਲ ਪੀੜ੍ਹਤ ਪਰਿਵਾਰਾਂ ਦੀ ਮਦਦ ਕਰੇਗੀ।