‘ਦ ਖ਼ਾਲਸ ਬਿਊਰੋ:- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫਿਰ ‘ਮਨ ਕੀ ਬਾਤ’ ਰੇਡੀਓ ਪ੍ਰੋਗਰਾਮ ਜ਼ਰੀਏ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨੇ ਖਾਸ ਤੌਰ ‘ਤੇ ਕਿਸਾਨਾਂ ਦੀ ਮਿਹਨਤ ਨੂੰ ਸਲਾਮ ਕਰਦਿਆਂ ਉਹਨਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਸਾਡੇ ਕਿਸਾਨਾਂ ਨੇ ਇਨ੍ਹਾਂ ਮੁਸ਼ਕਿਲ ਹਲਾਤਾਂ ਵਿੱਚ ਵੀ ਆਪਣੀ ਤਾਕਤ ਨੂੰ ਸਾਬਿਤ ਕੀਤਾ ਹੈ। ਸਾਡੇ ਦੇਸ਼ ਵਿੱਚ ਇਸ ਵਾਰ ਫਸਲ ਦੀ ਬਿਜਾਈ ਪਿਛਲੇ ਸਾਲ ਦੇ ਮੁਕਾਬਲੇ 7 ਫੀਸਦੀ ਜ਼ਿਆਦਾ ਹੋਈ ਹੈ। ਝੋਨਾ ਇਸ ਵਾਰ ਲਗਭਗ 10 ਫੀਸਦੀ, ਦਾਲਾਂ 5 ਫੀਸਦੀ, ਮੋਟੇ ਅਨਾਜ ਲਗਭਗ 3 ਫੀਸਦੀ ਅਤੇ ਕਪਾਹ ਦੀ ਲਗਭਗ 3 ਫੀਸਦੀ ਜ਼ਿਆਦਾ ਬਿਜਾਈ ਕੀਤੀ ਗਈ ਹੈ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਆਤਮ ਨਿਰਭਰ ਹੋਣ ‘ਤੇ ਜੋਰ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਖਿਡੌਣੇ ਬਣਾਉਣੇ ਚਾਹੀਦੇ ਹਨ। ਖਿਡੌਣਾ ਉਦਯੋਗ ਵਿੱਚ ਭਾਰਤ ਨੂੰ ਪ੍ਰਫੁੱਲਤ ਬਣਾਉਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਕਿਹਾ ਮੈਨੂੰ ਵਿਸ਼ਵਾਸ ਹੈ ਕਿ ਭਾਰਤ ਦੇ ਨੌਜਵਾਨ ਖਿਡੌਣਿਆਂ ਦੀ ਮਾਰਕੀਟ ਵਿੱਚ ਸ਼ੁਰੂਆਤ ਕਰਨ ਲਈ ਅੱਗੇ ਆਉਣਗੇ। ਭਾਰਤ ਖਿਡੌਣਾ ਬਾਜ਼ਾਰ ਦਾ ਇੱਕ ਪ੍ਰਮੁੱਖ ਕੇਂਦਰ ਹੈ। ਅਜਿਹੀ ਸਥਿਤੀ ਵਿੱਚ ਇੱਥੇ ਨਵੇਂ ਉਦਯੋਗਾਂ ਅਤੇ ਖਿਡੌਣਿਆਂ ਦੀਆਂ ਫੈਕਟਰੀਆਂ ਚਲਾਉਣ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਕਈ ਖੇਤਰ ਖਿਡੌਣਿਆ ਦੇ ਕੇਂਦਰ ਦੇ ਰੂਪ ‘ਚ ਵਿਕਸਤ ਹੋ ਰਹੇ ਹਨ। ਕੌਮਾਂਤਰੀ ਖੇਡ ਉਦਯੋਗ 7 ਲੱਖ ਕਰੋੜ ਰੁਪਏ ਦਾ ਹੈ, ਜਿਸ ਵਿੱਚ ਭਾਰਤ ਦੀ ਹਿੱਸੇਦਾਰੀ ਬਹੁਤ ਘੱਟ ਹੈ।