‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ) :-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਰੇਡੀਓ ਪ੍ਰੋਗਰਾਮ ਦੀ 75ਵੀਂ ਲੜੀ ਵਿੱਚ ਸੰਬੋਧਨ ਕਰਦਿਆਂ ਕੋਰੋਨਾ ਵੈਕਸੀਨ, ਹੋਲੀ, ਕਿਸਾਨ ਤੇ ਚਾਰ ਸੂਬਿਆਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਹੋ ਰਹੀਆਂ ਚੋਣਾਂ ਦਾ ਖਾਸਤੌਰ ‘ਤੇ ਜ਼ਿਕਰ ਕੀਤਾ।
ਮੋਦੀ ਨੇ ਕਿਹਾ ਕਿ ਖੇਤੀਬਾੜੀ ਖੇਤਰ ਵਿੱਚ ਨਵੇਂ ਬਦਲ ਸਮੇਂ ਦੀ ਲੋੜ ਹੈ। ਖੇਤੀ ਖੇਤਰ ਵਿੱਚ ਨਵੇਂ ਮੌਕੇ ਪੈਦਾ ਕਰਨੇ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਰਵਾਇਤੀ ਖੇਤੀ ਦੇ ਨਾਲ-ਨਾਲ ਨਵੇਂ ਬਦਲ ਸਵੀਕਾਰ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਹੁਣ ਡੀ-ਫਾਰਮਿੰਗ ਵੀ ਅਜਿਹਾ ਹੀ ਇੱਕ ਬਦਲ ਬਣਦਾ ਜਾ ਰਿਹਾ ਹੈ। ਵੱਡੀ ਸੰਖਿਆਂ ਵਿੱਚ ਕਿਸਾਨ ਇਸ ਨਾਲ ਜੁੜ ਰਹੇ ਹਨ।
ਪ੍ਰਧਾਨ ਮੰਤਰੀ ਨੇ ਘੱਟ ਹੋ ਰਹੀ ਚਿੜੀਆਂ ਦੀ ਸੰਖਿਆਂ ‘ਤੇ ਵੀ ਚਿੰਤਾ ਜਾਹਿਰ ਕੀਤੀ ਤੇ ਕਿਹਾ ਕਿ ਇਨ੍ਹਾਂ ਨੂੰ ਬਚਾਉਣ ਲਈ ਸਾਨੂੰ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਬਨਾਰਸ ਦੇ ਰਹਿਣ ਵਾਲੇ ਇੱਕ ਵਿਅਕਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇੰਦਰਪਾਲ ਨਾਂ ਦੇ ਇਸ ਸਖਸ਼ ਨੇ ਆਪਣੇ ਘਰ ਵਿੱਚ ਹੀ ਚਿੜੀਆਂ ਲਈ ਆਲ੍ਹਣੇ ਬਣਾ ਲਏ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਸੈਰ ਸਪਾਟੇ ਨੂੰ ਵਧਾਉਣ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਇਸ ਲਈ ਭਾਰਤ ਵਿਚ ਹੀ 71 ਲਾਈਟ ਹਾਉਸ ਦੀ ਪਛਾਣ ਕੀਤੀ ਗਈ ਹੈ। ਇੱਥੇ ਲੋਕਾਂ ਦੇ ਘੰਮਣ ਫਿਰਨ ਲਈ ਯੋਜਨਾਵਾਂ ਤਿਆਰ ਕੀਤੀਆਂ ਜਾਣਗੀਆਂ।
ਪ੍ਰਧਾਨਮੰਤਰੀ ਨੇ ਭਾਰਤੀ ਕ੍ਰਿਕੇਟ ਟੀਮ ਦੀ ਖਿਡਾਰੀ ਮਿਤਾਲੀ ਰਾਜ ਨੂੰ ਨਵਾਂ ਵਿਸ਼ਵ ਰਿਕਾਰਡ ਬਣਾਉਣ ‘ਤੇ ਵਧਾਈ ਦਿੱਤੀ।
ਕੋਰੋਨਾ ਮਹਾਂਮਾਰੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਇਸ ਤੋਂ ਬਚਾਅ ਲਈ ਇੱਕੋ-ਇੱਕ ਮੰਤਰ ਦਵਾਈ ਵੀ ਤੇ ਕੜਾਈ ਵੀ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ।