India

ਹੁਣ ਕਬਾੜ ਦਾ ਵੀ ਚੁੱਕੋ ਫਾਇਦਾ, ਆ ਗਈ ਨਵੀਂ ਨੀਤੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਆਟੋਮੋਬਾਈਲ ਸਕ੍ਰੈਪਿੰਗ ਨੀਤੀ ਦੀ ਸ਼ੁਰੂਆਤ ਕੀਤੀ ਹੈ। ਵੀਡੀਓ ਕਾਨਫਰੰਸਿੰਗ ਰਾਹੀਂ ਇਹ ਜਾਣਕਾਰੀ ਦਿੰਦਿਆਂ ਮੋਦੀ ਨੇ ਕਿਹਾ ਕਿ ਇਸ ਨਾਲ ਦੇਸ਼ ਵਿੱਚ ਹਾਂ–ਪੱਖੀ ਬਦਲਾਅ ਹੋਵੇਗਾ। ਸਰਕਾਰ ਪਹਿਲਾਂ ਹੀ ਸੰਸਦ ਵਿੱਚ ਸਕ੍ਰੈਪ ਨੀਤੀ ਦਾ ਐਲਾਨ ਕਰ ਚੁੱਕੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਵਿੱਚ ਸਕ੍ਰੈਪ ਨੀਤੀ ਦਾ ਜ਼ਿਕਰ ਕੀਤਾ ਸੀ।

ਪੀਐੱਮ ਨੇ ਕਿਹਾ ਕਿ ਨਵੀਂ ਸਕ੍ਰੈਪਿੰਗ ਨੀਤੀ ‘ਵੇਸਟ ਤੋਂ ਵੈਲਥ’ (ਕੂੜੇ ਤੋਂ ਦੌਲਤ) ਦੇ ਮੰਤਰ ਨੂੰ ਹੱਲਾਸ਼ੇਰੀ ਦੇਵੇਗੀ।ਆਉਣ ਵਾਲੇ 25 ਸਾਲ ਦੇਸ਼ ਲਈ ਬਹੁਤ ਮਹੱਤਵਪੂਰਨ ਹਨ। ਸਾਨੂੰ ਤਕਨੀਕ ਦੇ ਬਦਲਣ ਦੇ ਤਰੀਕੇ ਅਨੁਸਾਰ ਬਦਲਣਾ ਪਵੇਗਾ। ਆਮ ਪਰਿਵਾਰਾਂ ਨੂੰ ਇਸ ਨੀਤੀ ਦਾ ਹਰ ਤਰ੍ਹਾਂ ਨਾਲ ਬਹੁਤ ਲਾਭ ਹੋਵੇਗਾ। ਪਹਿਲਾ ਫਾਇਦਾ ਇਹ ਹੋਵੇਗਾ ਕਿ ਪੁਰਾਣੇ ਵਾਹਨ ਨੂੰ ਕਬਾੜ ‘ਚ ਦੇਣ ‘ਤੇ ਸਰਟੀਫਿਕੇਟ ਦਿੱਤਾ ਜਾਵੇਗਾ, ਜਿਨ੍ਹਾਂ ਕੋਲ ਇਹ ਸਰਟੀਫਿਕੇਟ ਹੋਵੇਗਾ ਉਨ੍ਹਾਂ ਨੂੰ ਨਵੇਂ ਵਾਹਨ ਦੀ ਖਰੀਦ ‘ਤੇ ਰਜਿਸਟ੍ਰੇਸ਼ਨ ਲਈ ਕੋਈ ਪੈਸਾ ਨਹੀਂ ਦੇਣਾ ਪਏਗਾ।ਇਸ ਦੇ ਨਾਲ ਹੀ, ਸਰਟੀਫਿਕੇਟ ਪ੍ਰਾਪਤ ਕਰਨ ਵਾਲੇ ਨੂੰ ਸੜਕ ਟੈਕਸ ਵਿੱਚ ਵੀ ਕੁਝ ਛੋਟ ਦਿੱਤੀ ਜਾਵੇਗੀ। ਦੂਜਾ ਲਾਭ ਇਹ ਹੋਵੇਗਾ ਕਿ ਪੁਰਾਣੇ ਵਾਹਨ ਦੀ ਸਾਂਭ -ਸੰਭਾਲ ਦੀ ਲਾਗਤ, ਮੁਰੰਮਤ ਦੀ ਲਾਗਤ, ਬਾਲਣ ਦਾ ਖ਼ਰਚਾ ਵੀ ਬਚੇਗਾ।